-ਬੱਚੇ ਗੋਦ ਲੈਣ ਦੇ ਇੱਛਕ ਪਰਿਵਾਰ ਕਾਨੂੰਨੀ ਪ੍ਰਕਿਰਿਆ ਅਪਣਾਉਣ-ਡਾਇਰੈਕਟਰ ਮਾਨ
ਮਹਿਲ ਕਲਾਂ, 23 ਅਪ੍ਰੈਲ ( ਗੁਰਸੇਵਕ ਸਿੰਘ ਸੋਹੀ)*-ਬੀਤੀ 19 ਅਪ੍ਰੈਲ ਨੂੰ ਮਹਿਲ ਕਲਾਂ ਨਜ਼ਦੀਕ ਪਿੰਡ ਪੰਡੋਰੀ (ਬਰਨਾਲਾ) ਦੇ ਛੱਪੜ ਕਿਨਾਰੇ ਕੂੜੇ ਅਤੇ ਸੁਆਹ ਵਾਲੀ ਬੋਰੀ 'ਚੋਂ ਲਾਵਾਰਿਸ ਹਾਲਤ ਮਿਲੇ ਨਵ-ਜਨਮੇ ਲੜਕੇ ਨੂੰ ਸਿਹਤਯਾਬ ਹੋਣ ਪਿੱਛੋਂ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਦੇ ਆਦੇਸ਼ਾਂ ਅਨੁਸਾਰ ਬਾਲ ਭਲਾਈ ਕਮੇਟੀ ਬਰਨਾਲਾ ਨੇ ਸਰਕਾਰ ਵੱਲੋਂ ਗੋਦ ਦੇਣ ਲਈ ਮਾਨਤਾ ਪ੍ਰਾਪਤ ਏਜੰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਹਵਾਲੇ ਕਰ ਦਿੱਤਾ ਹੈ। ਲੜਕੇ ਨੂੰ ਡਾ: ਰਾਜ ਕੁਮਾਰ ਚੇਅਰਮੈਨ ਬਾਲ ਭਲਾਈ ਕਮੇਟੀ (ਸੀ.ਡਬਲਯੂ.ਸੀ) ਬਰਨਾਲਾ, ਡਾ: ਤਪਿੰਦਰਜੋਤ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਪਾਸੋਂ ਪ੍ਰਾਪਤ ਕਰਨ ਲਈ ਪਹੁੰਚੇ ਫਾਊਂਡੇਸ਼ਨ ਸਕੱਤਰ ਕੁਲਦੀਪ ਸਿੰਘ ਮਾਨ ਨੇ ਕਿਹਾ ਕਿ ਸਾਡੇ ਚੌਗਿਰਦੇ 'ਚ ਕੁਝ ਸਿਰ ਫਿਰੇ ਲੋਕਾਂ ਵੱਲੋਂ ਨਵ ਜਨਮੇ ਬੱਚਿਆਂ ਨੂੰ ਲਾਵਾਰਸ ਹਾਲਤ ਸੁੱਟਣ ਦੀ ਸ਼ੁਰੂ ਕੀਤੀ ਮੁਹਿੰਮ ਰੁਕਣ ਦਾ ਨਾਂਅ ਨਹੀਂ ਲੈ ਰਹੀ। ਕਾਰਨ ਕੋਈ ਵੀ ਪਰੰਤੂ ਜਦੋਂ ਕੋਈ ਆਪਣੇ ਬੱਚਿਆਂ ਨੂੰ ਗੰਦਗੀ ਦੇ ਢੇਰਾਂ 'ਤੇ ਲਾਵਾਰਿਸ ਸੁੱਟ ਕੇ ਜਾਂਦਾ ਹੈ ਤਾਂ ਬੱਚੇ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਗੋਦ ਏਜੰਸੀਆਂ ਦਾ ਲੱਖਾਂ ਰੁਪਏ ਖਰਚ ਆਉਂਦਾ ਹੈ। ਉਨ੍ਹਾਂ ਨਾਲ ਅਡਾਪਸ਼ਨ ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ ਅਤੇ ਰੇਲਵੇ ਚਾਇਲਡ ਲਾਈਨ ਲੁਧਿਆਣਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ ਵਿਸ਼ੇਸ਼ ਤੌਰ 'ਤੇ ਹਾਜਰ ਸਨ। ਉਨ੍ਹਾਂ ਦੱਸਿਆ ਕਿ ਇਹ ਲੜਕਾ ਸਵਾਮੀ ਗੰਗਾ ਨੰਦ ਬਾਲ ਘਰ ਦੇ ਵਿਹੜੇ 'ਚ ਕਿਲਕਾਰੀਆਂ ਮਾਰਦਾ ਹੋਇਆ ਆਪਣਾ ਸੁਨਹਿਰੀ ਭਵਿੱਖ ਸਿਰਜੇਗਾ। ਡਾਇਰੈਕਟਰ ਕੁਲਦੀਪ ਸਿੰਘ ਮਾਨ ਨੇ ਇਸ ਬੱਚੇ ਨੂੰ ਮੌਕੇ 'ਤੇ ਗੋਦ ਲੈਣ ਵਾਲੇ ਲੋਕਾਂ ਦੀ ਮੰਗ ਨੂੰ ਨਕਾਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੀ ਬੱਚਾ ਗੋਦ ਦਿੰਦੀ ਹੈ ਜਦਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਗੋਦ ਏਜੰਸੀ ਬੱਚੇ ਨੂੰ ਗੋਦ ਦੇਣ ਦਾ ਅਧਿਕਾਰ ਨਹੀਂ ਰੱਖਦੀ। ਇਸ ਲਈ ਚਾਹਵਾਨ ਲੋਕ ਵਿਭਾਗ ਦੀ ਵੈਬਸਾਈਟ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕਾਨੂੰਨੀ ਪ੍ਰਕਿਰਿਆ ਅਪਣਾਉਣ ਨੂੰ ਤਰਜੀਹ ਦੇਣ। ਇਸ ਮੌਕੇ ਡਾ: ਭਾਰਤ ਜੈਨ, ਅਭਿਸ਼ੇਕ ਸਿੰਗਲਾ ਬਾਲ ਸੁਰੱਖਿਆ ਅਫਸਰ ਬਰਨਾਲਾ, ਜਗਦੀਪ ਕੌਰ ਨਰਸਿੰਗ ਅਫਸਰ, ਸੰਜੀਵ ਮਿੱਤਲ ਸਮਾਜ ਸੇਵੀ, ਮਨਦੀਪ ਕੌਰ, ਸਰੋਜ ਰਾਣੀ ਹਾਜਰ ਸਨ।
ਫੋਟੋ ਕੈਪਸ਼ਨ: ਪਿੰਡ ਪੰਡੋਰੀ (ਮਹਿਲ ਕਲਾਂ) ਤੋਂ ਕੂੜੇ ਵਾਲੀ ਬੋਰੀ 'ਚ ਲਾਵਾਰਿਸ ਮਿਲੇ ਲੜਕੇ ਨੂੰ ਐਸ.ਜੀ.ਬੀ ਬਾਲ ਘਰ ਦੇ ਸਕੱਤਰ ਕੁਲਦੀਪ ਸਿੰਘ ਮਾਨ, ਏਕਮਦੀਪ ਕੌਰ ਹਵਾਲੇ ਕਰਨ ਸਮੇਂ ਡਾ: ਰਾਜ ਕੁਮਾਰ ਚੇਅਰਮੈਨ ਸੀ.ਡਬਲਯੂ.ਸੀ ਬਰਨਾਲਾ, ਡਾ: ਤਪਿੰਦਰਜੋਤ ਐਸ.ਐਮ.ਓ ਬਰਨਾਲਾ।