ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿਬ ਤੇ ਚੈਕ ਕਰੋ pseb.ac.in
ਮੋਹਾਲੀ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਸਾਰੀਆਂ ਕਿਆਸ ਅਰਾਈਆਂ ਖਤਮ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਮੰਗਲਵਾਰ 21 ਜੁਲਾਈ ਨੂੰ ਸਵੇਰੇ 11 ਵਜੇ ਐਲਾਨਿਆ ਜਾਵੇਗਾ। ਸਿੱਖਿਆ ਵਿਭਾਗ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਆਫ਼ੀਸ਼ੀਅਲ ਤੌਰ 'ਤੇ ਜਾਣਕਾਰੀ ਦਿੱਤੀ ਹੈ।
ਬੋਰਡ ਦੇ ਬੁਲਾਰੇ ਮੁਤਾਬਕ ਵਿਦਿਆਰਥੀ ਪ੍ਰੀਖਿਆ ਦਾ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ। ਬੋਰਡ ਵੱਲੋਂ ਇਸ ਵਾਰ ਕਿਸੇ ਤਰ੍ਹਾਂ ਦੀ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ। ਬੋਰਡ ਵੱਲੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਦਿੱਤੇ ਜਾਂਦੇ ਸਨ ਜੋ ਇਸ ਵਾਰ ਨਹੀਂ ਦਿੱਤੇ ਜਾਣਗੇ।
ਜਾਣਕਾਰੀ ਅਨੁਸਾਰ, ਇਸ ਵਾਰ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਵਾਰ ਦੇ ਨਤੀਜੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜਨਗੇ। ਜ਼ਿਕਰਯੋਗ ਹੈ ਕਿ ਤਿੰਨ ਮਾਰਚ 2020 ਨੂੰ ਪ੍ਰੀਖਿਆਵਾਂ ਸ਼ੁਰੂ ਹੋਈਆਂ ਸਨ। ਪਹਿਲਾ ਪੇਪਰ ਪੰਜਾਬੀ ਦਾ ਸੀ। ਕਰੀਬ 66 ਫ਼ੀਸਦੀ ਪੇਪਰ ਹੋ ਚੁੱਕੇ ਹਨ। ਜਾਣਕਾਰੀ ਹੈ ਕਿ ਜਿਹੜਾ ਨਤੀਜਾ ਐਲਾਨਿਆ ਜਾਵੇਗਾ ਉਹ ਅਨੁਪਾਤਕ ਅੰਕਾਂ ਦੇ ਆਧਾਰ 'ਤੇ ਐਲਾਨਿਆ ਜਾਵੇਗਾ।
ਦੱਸਣਾ ਬਣਦਾ ਹੈ ਕਿ ਸਾਲ 2018 ਵਿੱਚ 65.97 ਜਦ ਕਿ 2019 ਵਿੱਚ ਨਤੀਜਾ 86.41 ਫ਼ੀਸਦੀ ਰਿਹਾ ਸੀ। ਜਾਣਕਾਰੀ ਹੈ ਕਿ ਇਸ ਸਾਲ ਵਾਤਾਵਰਨ ਅਤੇ ਐੱਨਐੱਸਕਿਊਐੱਫ ਵਿਸ਼ਿਆਂ ਦੇ ਨਤੀਜੇ ਮੈਨੁਅਲ ਬਣਾਏ ਗਏ ਹਨ। ਨਤੀਜਿਆਂ ਵਿੱਚ ਦੇਰੀ ਦਾ ਕਾਰਨ ਕੁਝ ਪੇਪਰਾਂ ਦੀ ਪ੍ਰੀਖਿਆ ਨਾ ਹੋਣਾ ਹੈ। ਜਦੋਕਿ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਤਾਲਾਬੰਦੀ ਦੇ ਮਾਹੌਲ ਕਾਰਨ ਪ੍ਰੀਖਿਆ ਲਈ ਹੀ ਨਹੀਂ ਜਾ ਸਕੀ। ਹੁਣ ਜਦੋਂ ਸੀਬੀਐੱਸਈ ਨੇ ਨਤੀਜਿਆਂ ਦਾ ਐਲਾਨ ਕਰ ਦਿੱਤਾ, ਤਾਂ ਪਿਛਲੇ ਇਕ ਹਫ਼ਤੇ ਤੋਂ ਬੋਰਡ ਦੀਆਂ ਟੀਮਾਂ ਨਤੀਜੇ ਤਿਆਰ ਕਰਨ ਵਿੱਚ ਮਸ਼ਰੂਫ਼ ਹੋ ਗਈਆਂ।