ਲੋਕ ਸਭਾ ਮੈਂਬਰ, ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਹੋਰਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਲੋਕ ਸਭਾ ਮੈਂਬਰ, ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਹੋਰਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਕਾਰਨ ਸਦੀਵੀ ਵਿਛੋੜਾ ਦੇ ਗਏ ਪੁਲਿਸ ਅਧਿਕਾਰੀ ਸ੍ਰੀ ਅਨਿਲ ਕੋਹਲੀ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਿਆਂ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਇਸ ਘਾਟੇ ਨੂੰ ਪੰਜਾਬ ਪੁਲਿਸ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ। ਇਸ ਦੌਰਾਨ ਸਵਰਗੀ ਅਨਿਲ ਕੋਹਲੀ ਦੀ ਮ੍ਰਿਤਕ ਦੇਹ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੰਤਿਮ ਸਸਕਾਰ ਮੌਕੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਕਈ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ। ਰਵਨੀਤ ਸਿੰਘ ਬਿੱਟੂ, ਤਲਵਾੜ ਅਤੇ ਹੋਰਾਂ ਨੇ ਕੋਹਲੀ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਕੋਹਲੀ ਦੇ ਅਕਾਲ ਚਲਾਣੇ ਦੀ ਖ਼ਬਰ ਮੀਡੀਆ ਨਾਲ ਸਾਂਝੀ ਕਰਦਿਆਂ ਅਗਰਵਾਲ ਨੇ ਕਿਹਾ ਕਿ ਕੋਹਲੀ ਇੱਕ ਇਮਾਨਦਾਰ ਅਤੇ ਦ੍ਰਿੜਤਾ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਇਸ ਬਿਮਾਰੀ ਦੇ ਚੱਲਦਿਆਂ ਉਨਾਂ ਨੂੰ ਜੋ ਵੀ ਡਿਊਟੀ ਸੌਂਪੀ ਗਈ, ਉਹ ਉਨਾਂ ਪੂਰੀ ਸ਼ਿੱਦਤ ਨਾਲ ਪੂਰੀ ਕੀਤੀ। ਉਨਾਂ ਲੁਧਿਆਣਾ ਪੁਲਿਸ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਕੋਹਲੀ ਦੀ ਇਸ ਸ਼ਹੀਦੀ ਨੂੰ ਆਪਣੇ ਜ਼ਿਹਨ ਵਿੱਚ ਰੱਖਣ ਅਤੇ ਇਸ ਲੜਾਈ ਨੂੰ ਜਿੱਤਣ ਲਈ ਹੋਰ ਤਕੜੇ ਹੋ ਕੇ ਕੰਮ ਕਰਨ। ਉਨਾਂ ਕਿਹਾ ਪੰਜਾਬ ਪੁਲਿਸ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਹੈ। ਉਨਂ ਕਿਹਾ ਕਿ ਉਨਾਂ ਨੂੰ ਲੁਧਿਆਣਾ ਪੁਲਿਸ 'ਤੇ ਪੂਰਾ ਮਾਣ ਹੈ। ਉਨਾਂ ਇਹ ਵੀ ਅਪੀਲ ਕੀਤੀ ਕਿ ਇਸ ਸਥਿਤੀ ਵਿੱਚ ਡਿਊਟੀ ਕਰਦਿਆਂ ਅਧਿਕਾਰੀ ਅਤੇ ਮੁਲਾਜ਼ਮ ਨਿੱਜੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। ਡਿਊਟੀ ਦੌਰਾਨ ਸਮਾਜਿਕ ਦੂਰੀ, ਹੱਥਾਂ ਨੂੰ ਵਾਰ-ਵਾਰ ਧੋਣਾ, ਸੈਨੀਟਾਈਜ਼ਰ ਅਤੇ ਮਾਸਕ ਦੀ ਵਰਤੋਂ ਆਦਿ ਯਕੀਨੀ ਤੌਰ 'ਤੇ ਕੀਤੀ ਜਾਵੇ।