ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਮੁੱਖ ਮੰਡੀ ਜਗਰਾਂਉ ਅਤੇ ਹਠੂਰ ਵਿੱਚ ਖਰੀਦ ਕਾਰਜ ਸ਼ੁਰੂ ਕਰਵਾਏ

ਪੰਜਾਬ ਸਰਕਾਰ ਵੱਲੋਂ ਸੁਚੱਜੇ ਖਰੀਦ ਕਾਰਜਾਂ ਲਈ ਪੁਖ਼ਤਾ ਪ੍ਰਬੰਧ ਕੀਤੇ, -ਕਿਸਾਨ ਆਪਣੀ ਵਾਰੀ ਮੁਤਾਬਿਕ ਹੀ ਫਸਲ ਮੰਡੀਆਂ ਵਿੱਚ ਲਿਆਉਣ-ਦਾਖਾ

ਹਠੂਰ/ਜਗਰਾਂਉ/ਲੁਧਿਆਣਾ,ਅਪ੍ਰੈਲ 2020 (ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਅੱਜ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਜਗਰਾਂਉ ਅਤੇ ਹਠੂਰ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨਾਂ ਨਾਲ ਜ਼ਿਲਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ, ਸੈਕਟਰੀ ਗੁਰਮਤਪਾਲ ਸਿੰਘ ਗਿੱਲ, ਆੜਤੀਆ ਐਸੋਸੀਏਸ਼ਨ ਪ੍ਰਧਾਨ ਸੁਰਜੀਤ ਸਿੰਘ ਕਲੇਰ, ਜਿਲਾ ਪ੍ਰਧਾਨ  ਰਾਜ ਕੁਮਾਰ ਭੱਲਾ, ਏ. ਐੱਫ. ਐੱਸ. ਓ. ਬੇਅੰਤ ਸਿੰਘ, ਮਨੀ ਗਰਗ, ਅਵਤਾਰ ਸਿੰਘ, ਕੁਲਦੀਪ ਸਿੰਘ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਦਾਖਾ ਨੇ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ। ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲਾ ਲੁਧਿਆਣਾ ਵਿੱਚ ਕਰਫਿਊ/ਲੌਕਡਾਊਨ ਜਾਰੀ ਹੈ। ਹਦਾਇਤਾਂ ਦੀ ਪਾਲਣਾ ਹਿੱਤ ਪ੍ਰਸਾਸ਼ਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਇਕੱਠ ਨਾ ਹੋ ਸਕੇ। ਇਸ ਲਈ ਕਿਸਾਨਾਂ ਨੂੰ ਇਸ ਵਾਰ ਟੋਕਨ ਪਾਸ ਜਾਰੀ ਕੀਤੇ ਜਾ ਰਹੇ ਹਨ। ਉਸ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਰਹੇ ਹਨ। ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾ ਰਹੇ ਹਨ। ਆੜਤੀਆਂ ਅਤੇ ਲੇਬਰ ਨੂੰ ਹੱਥ ਧੋਣ, ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਉੱਚਿਤ ਵਰਤੋਂ ਆਦਿ ਬਾਰੇ ਮੰਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖ਼ਲਾਈ ਦਿੱਤੀ ਗਈ ਹੈ। ਲੇਬਰ ਨੂੰ ਉਕਤ ਸਾਰਾ ਸਮਾਨ ਸੰਬੰਧਤ ਆੜਤੀ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਆੜਤੀਆਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਕਿਸਾਨਾਂ ਤੇ ਲੇਬਰ ਦੇ ਹਰ ਅੱਧੇ ਘੰਟੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੁਵਾਏ ਜਾਣ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਵੀ ਨਾ ਘਬਰਾਉਣ, ਪੰਜਾਬ ਸਰਕਾਰ ਵੱਲੋਂ ਉਨਾਂ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਹਰੇਕ ਮੰਡੀ ਵਿੱਚ ਖਰੀਦ ਕਾਰਜਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਬਾਅਦ ਉਨਾਂ ਨੇ ਹੋਰ ਮੰਡੀਆਂ ਦਾ ਵੀ ਦੌਰਾ ਕੀਤਾ ਅਤੇ ਖਰੀਦ ਕਾਰਜ ਸ਼ੁਰੂ ਕਰਵਾਏ।