ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਨੂੰ ਫਿਰ ਤੋਂ ਖੋਲ੍ਹਿਆ, ਭਾਰਤ ਨੇ ਪ੍ਰਸਤਾਵ 'ਤੇ ਦਿੱਤਾ ਇਹ ਜਵਾਬ

ਨਵੀਂ ਦਿੱਲੀ, ਅਕਤੂਬਰ 2020 -(ਏਜੰਸੀ)- ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਵੱਲੋ ਗੁਰਦੁਆਰਾ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਫਿਰ ਖੋਲ੍ਹ ਦਿੱਤਾ ਗਿਆ ਹੈ ਕਿਉਂਕਿ ਕੋਰੋਨਾ ਦੀ ਸਥਿਤੀ 'ਚ ਸੁਧਾਰ ਹੋਇਆ ਹੈ। ਪਾਕਿਤਸਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸੂਚਨਾ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਕਾਰ 2019 'ਚ ਕੀਤੇ ਗਏ ਦੁਵੱੱਲੇ ਸਮਝੌਤੇ ਅਨੁਸਾਰ ਭਾਰਤੀ ਯਾਤਰੀਆਂ ਨੂੰ ਸਵੇਰ ਤੋਂ ਸ਼ਾਮ ਤਕ ਆਉਣ ਦੀ ਮਨਜ਼ੂਰੀ ਮਿਲੀ ਸੀ। ਕਰਤਾਰਪੁਰ ਕਾਰੀਡੋਰ ਨੂੰ ਫਿਰ ਤੋਂ ਖੋਲ੍ਹਣ ਲਈ ਪਾਕਿ ਪ੍ਰਸਤਾਵ 'ਤੇ ਭਾਰਤ ਨੇ ਕਿਹਾ ਹੈ ਕਿ ਅਸੀਂ ਗ੍ਰਹਿ ਮੰਤਰਾਲੇ ਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸਬੰਧਿਤ ਅਧਿਕਾਰੀਆਂ ਦੇ ਨਾਲ ਸੰਪਰਕ 'ਚ ਹਾਂ। ਕਰਤਾਰਪੁਰ ਕਾਰੀਡੋਰ ਨੂੰ ਫਿਰ ਤੋਂ ਖੋਲ੍ਹਣ 'ਤੇ ਫੈਸਲਾ ਕੋਵਿਡ ਪ੍ਰੋਟੋਕਾਲ ਅਨੁਸਾਰ ਲਿਆ ਜਾਵੇਗਾ ਤੇ ਪਾਬੰਦੀਆਂ 'ਚ ਢਿੱਲ ਦਿੱਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਤੋਂ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਸਮੇਂ 'ਤੇ ਅਕਤੂਬਰ 2019 'ਚ ਦਸਤਖ਼ਤ ਦੁਵੱਲੇ ਸਮਝੌਤੇ 'ਚ ਇਹ ਫੈਸਲਾ ਲਿਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਕ ਸਾਲ ਬਾਅਦ, ਪਾਕਿਸਤਾਨ ਵੱਲੋਂ ਪੁਲ਼ ਦਾ ਨਿਰਮਾਣ ਕਰਨਾ ਬਾਕੀ ਹੈ ਜਦਕਿ ਇਹ ਸਾਡੇ ਵੱਲੋਂ ਤਿਆਰ ਹੈ। ਪਾਕਿਸਤਾਨ ਦੇ ਨਾਲ ਇਕ ਤਕਨੀਕੀ ਬੈਠਕ ਵੀ ਹੋਈ ਤੇ 27 ਅਗਸਤ 2020 ਨੂੰ ਦੋ ਟੀਮਾਂ ਦੀ ਬੈਠਕ ਵੀ ਹੋਈ। ਹਾਲਾਂਕਿ ਪਾਕਿਸਤਾਨ ਵੱਲੋ ਕੋਈ ਤਰੱਕੀ ਨਹੀਂ ਹੋਈ ਹੈ।