ਰੇਲਵੇ ਦਾ ਜਨਮ ਦਿਹਾੜਾ! ✍️ਸਲੇਮਪੁਰੀ ਦੀ ਚੂੰਢੀ

ਰੇਲਵੇ ਦਾ ਜਨਮ ਦਿਹਾੜਾ!

-ਭਾਰਤੀ ਰੇਲਵੇ ਅੱਜ ਆਪਣਾ 167 ਵਾਂ ਜਨਮ ਦਿਹਾੜਾ ਮਨਾ ਰਿਹਾ ਹੈ। ਅੱਜ ਦੇ ਦਿਨ 16 ਅਪ੍ਰੈਲ 1853 ਈਸਵੀ ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਵਿਚ ਪਹਿਲੀ ਵਾਰ ਰੇਲਵੇ ਸੇਵਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਭਾਰਤੀ ਰੇਲ ਮੁੰਬਈ ਤੋਂ ਥਾਣਾ (ਮਹਾਰਾਸ਼ਟਰ) ਤੱਕ ਚਲਾਈ ਗਈ ਸੀ। ਇਸ ਪਿੱਛੋਂ ਅੰਗਰੇਜ਼ਾਂ ਨੇ ਉਸ ਵੇਲੇ ਦੇ ਨਾਮਾਤਰ ਸਾਧਨਾਂ ਨੂੰ ਉਪਯੋਗੀ ਬਣਾਕੇ ਦੇਸ਼ ਵਿਚ ਰੇਲਵੇ ਲਾਈਨਾਂ ਦਾ ਜਾਲ ਵਿਛਾ ਦਿੱਤਾ ਜੋ ਅਜਾਦੀ ਤੋਂ ਪਹਿਲਾਂ ਅੰਗਰੇਜ਼ਾਂ ਲਈ ਅਤੇ ਅਜਾਦੀ ਤੋਂ ਬਾਅਦ ਦੇਸ਼ ਲਈ ਲਾਭਦਾਇਕ ਬਣਿਆ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਅਜਾਦੀ ਤੋਂ ਬਾਅਦ ਭਾਰਤ ਵੱਡੀ ਪੱਧਰ 'ਤੇ ਰੇਲਵੇ ਲਾਈਨਾਂ ਦਾ ਵਿਸਥਾਰ ਕਰਨ ਵਿਚ ਕੋਈ ਕੀਰਤੀਮਾਨ ਕਾਰਜ ਦੀ ਮਿਸਾਲ ਪੈਦਾ ਨਹੀਂ ਕਰ ਸਕਿਆ, ਹਾਲਾਂਕਿ ਦੇਸ਼ ਵਿਚ ਇਸ ਵੇਲੇ ਕਿਸੇ ਵੀ ਸਾਧਨ ਦੀ ਘਾਟ ਨਹੀਂ ਹੈ ਜੇ ਹੈ ਤਾਂ ਇਮਾਨਦਾਰੀ ਦੀ ਘਾਟ ਹੈ। ਕਾਲਕਾ ਤੋਂ ਸ਼ਿਮਲਾ ਤੱਕ ਅੰਗਰੇਜ ਹੀ ਸਨ ਜਿਹੜੇ ਰੇਲਵੇ ਲਾਈਨ ਵਿਛਾ ਗਏ। ਉਸ ਵੇਲੇ ਨਾਮਾਤਰ ਸਾਧਨ ਹੋਣ ਦੇ ਬਾਵਜੂਦ ਵੀ ਪਹਾੜਾਂ ਨੂੰ ਹੱਥਾਂ ਨਾਲ ਕੱਟ ਕੱਟ ਕੇ ਰੇਲਵੇ ਲਾਈਨ ਵਿਛਾਉਣਾ ਕੋਈ ਸੌਖਾ ਕੰਮ ਨਹੀਂ ਸੀ। ਕਿੱਡੇ ਸਿਤਮ ਦੀ ਗੱਲ ਹੈ ਕਿ ਅਜਾਦੀ ਤੋਂ ਬਾਅਦ ਭਾਰਤ ਦੀ ਕੋਈ ਵੀ ਸਰਕਾਰ ਸ਼ਿਮਲਾ ਸ਼ਹਿਰ ਤੋਂ ਅੱਗੇ ਹੋਰ ਸ਼ਹਿਰਾਂ /ਕਸਬਿਆਂ ਨੂੰ ਆਪਸ ਵਿਚ ਰੇਲਵੇ ਰਾਹੀਂ ਜੋੜਨ ਲਈ ਸਮਰੱਥ ਨਹੀਂ ਹੋ ਸਕੀ। ਰੇਲਵੇ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਮਲਾ ਤੋਂ ਅੱਗੇ ਰੇਲਵੇ ਲਾਈਨ ਵਿਛਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਸਰਕਾਰ ਕੋਲੋਂ ਤਾਂ ਕਾਲਕਾ ਤੋਂ ਸ਼ਿਮਲਾ ਤੱਕ ਰੇਲਵੇ ਲਾਈਨ ਦੀ ਸੁਚੱਜੇ ਢੰਗ ਨਾਲ ਮੁਰੰਮਤ ਵੀ ਨਹੀਂ ਹੋ ਰਹੀ। ਦੋਵੇਂ ਸ਼ਹਿਰਾਂ ਵਿਚਾਲੇ ਅਜਾਦੀ ਤੋਂ ਪਹਿਲਾਂ  ਵੀ ਇੱਕ ਰੇਲ ਗੱਡੀ ਚੱਲਦੀ ਸੀ ਅਤੇ ਅਜਾਦੀ ਤੋਂ ਬਾਅਦ ਵੀ ਇੱਕ ਹੀ ਹੈ। ਹਾਲਾਂਕਿ ਕਿ ਇਸ ਰੇਲਵੇ ਲਾਈਨ 'ਤੇ ਰੇਲਾਂ ਦੇ ਹੋਰ ਟਾਈਮ ਚਲਾਕੇ ਸਰਕਾਰ ਆਪਣੀ ਕਮਾਈ ਵਿਚ ਵੱਡਾ ਵਾਧਾ ਕਰ ਸਕਦੀ ਕਿਉਂਕਿ ਸ਼ਿਮਲਾ ਟੂਰਿਜ਼ਮ ਦਾ ਇਕ  ਵਿਸ਼ਾਲ ਕੁਦਰਤੀ ਖੇਤਰ ਹੈ। ਹੋਰ ਤਾਂ ਹੋਰ ਸਰਕਾਰ ਨੇ ਤਾਂ ਲੁਧਿਆਣਾ ਤੋਂ ਚੰਡੀਗੜ੍ਹ ਤੱਕ ਪੱਧਰੇ ਮੈਦਾਨ ' ਤੇ ਰੇਲਵੇ ਲਾਈਨ ਵਿਛਾਉਣ ਲਈ ਕਈ ਸਾਲ ਲਗਾ ਦਿੱਤੇ ਸਨ, ਫਿਰ ਪਹਾੜਾਂ, ਪਠਾਰਾਂ ਅਤੇ ਉੱਘੜੀ - ਦੁਘੜੀ ਜਮੀਨ ਉਪਰ ਨਵੀਆਂ ਲਾਈਨਾਂ ਵਿਛਾਉਣਾ ਤਾਂ ਬਹੁਤ ਵੱਡਾ ਕੰਮ ਹੈ। ਅੱਜ ਰੇਲਵੇ ਵਿਭਾਗ ਜੇ ਚੱਲ ਰਿਹਾ ਹੈ ਤਾਂ ਇਮਾਨਦਾਰ ਮੁਲਾਜ਼ਮਾਂ ਕਰਕੇ ਚੱਲ ਰਿਹਾ ਹੈ ਪਰ ਸਰਕਾਰ ਇਸ ਨੂੰ ਨਿੱਜੀ ਕੰਪਨੀਆਂ ਦੇ ਸਪੁਰਦ ਕਰਨ ਲਈ ਤਿਆਰ ਹੈ। ਰੇਲਵੇ ਦੇ 167 ਵੇਂ ਜਨਮ-ਦਿਨ ਮੌਕੇ ਰੇਲਵੇ ਦੇ ਸਮੂਹ ਮੁਲਾਜ਼ਮ  ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਹਰ ਰੋਜ ਰੇਲਵੇ ਰਾਹੀਂ 2-3 ਕਰੋੜ ਮੁਸਾਫਿਰ ਆਪਣੀ ਮੰਜ਼ਿਲ ਤਕ ਪਹੁੰਚਦੇ ਹਨ ਅਤੇ ਹਰ ਰੋਜ ਲੱਖਾਂ ਟਨ ਸਮਾਨ ਦੀ ਢੋਆ-ਢੁਆਈ ਇੱਧਰੋਂ ਉਧਰ ਹੁੰਦੀ ਹੈ ।  ਆਉਣ ਜਾਣ ਲਈ  ਰੇਲਵੇ ਜਿਥੇ ਇਕ ਸਸਤਾ ਅਤੇ ਸੁਰੱਖਿਅਤ ਸਾਧਨ ਹੈ, ਉਥੇ ਇਹ ਖੇਤਰ ਸਰਕਾਰ ਦੀ ਆਮਦਨ ਦਾ ਇਕ ਵੱਡਾ ਸਾਧਨ ਵੀ ਹੈ ਜੋ ਦੇਸ਼ ਵਾਸੀਆਂ ਦੀ ਮੰਗ 'ਤੇ ਹਮੇਸ਼ਾ ਸਰਕਾਰ ਦੇ ਅਧਿਕਾਰ ਹੇਠਾਂ ਹੀ ਰਹਿਣਾ ਚਾਹੀਦਾ ਹੈ।

-ਸੁਖਦੇਵ ਸਲੇਮਪੁਰੀ

09780620233

16 ਅਪ੍ਰੈਲ, 2020.