ਫੁੱਲਾਂ ਦੀ ਵਰਖਾ ਅਤੇ ਸਫਾਈ ਕਾਮੇ ! ✍️ਸਲੇਮਪੁਰੀ ਦੀ ਚੂੰਢੀ

ਫੁੱਲਾਂ ਦੀ ਵਰਖਾ ਅਤੇ ਸਫਾਈ ਕਾਮੇ !

 

ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸਫਾਈ ਸੇਵਕਾਂ /ਕਾਮਿਆਂ ਨਾਲ ਸ਼ੈਤਾਨ ਲੋਕਾਂ ਵਲੋਂ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਮਜਾਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਕੋਰੋਨਾ ਦੇ ਬੁਰੇ ਪ੍ਰਭਾਵਾਂ ਨੂੰ ਵੇਖ ਦੇ ਹੋਏ ਕਿਤੇ ਕੰਮ ਹੀ ਨਾ ਛੱਡ ਜਾਣ, ਉਂਝ ਤਾਂ ਸਦੀਆਂ ਤੋਂ ਉਨ੍ਹਾਂ ਨਾਲ ਮਜਾਕ ਦੀ ਖੇਡ ਖੇਡੀ ਜਾ ਰਹੀ ਹੈ। ਵੇਖਣ ਵਿਚ ਆਇਆ ਹੈ ਕਿ ਜਦੋਂ ਉਹ  ਗੰਦ ਚੁੱਕਦੇ ਹਨ ਤਾਂ ਕੁਝ ਲੋਕਾਂ ਵਲੋਂ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਕਿਉਂਕਿ ਲੋਕਾਂ ਦੇ ਦਿਲਾਂ ਅੰਦਰ ਇਕ ਬਹੁਤ ਵੱਡਾ ਡਰ ਵੜ ਗਿਆ ਕਿ ਉਹ ਕੋਰੋਨਾ ਤੋਂ ਡਰ ਦੇ ਮਾਰੇ ਕਿਤੇ ਕੰਮ ਹੀ ਨਾ ਛੱਡ ਜਾਣ। ਇੱਕ ਪਾਸੇ ਤਾਂ ਸਰਕਾਰ ਅਤੇ ਡਾਕਟਰਾਂ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਘਰ ਵਿਚ ਰਹਿੰਦਿਆਂ ਹੱਥਾਂ ਨੂੰ ਵਾਰ ਵਾਰ ਧੋਣਾ ਹੈ, ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹਿਣਾ ਹੈ, ਦੂਜੇ ਪਾਸੇ ਸਫਾਈ ਸੇਵਕ ਹੱਥਾਂ ਨਾਲ ਗੰਦ ਢੋਹਣ ਲਈ ਮਜਬੂਰ ਹਨ ਅਤੇ ਉਹ ਇਸ ਗੱਲ ਤੋਂ ਵੀ ਬੇਖਰ ਹਨ ਕਿ ਜਿਹੜੀ ਗੰਦਗੀ ਉਹ ਚੁੱਕ ਰਹੇ ਹਨ ਇਸ ਵਿਚ ਕੋਰੋਨਾ ਹੀ ਹੋਰ ਵੀ ਭਿਆਨਕ ਬੀਮਾਰੀਆਂ ਦੇ ਵਾਇਰਸ ਹੋ ਸਕਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉਨ੍ਹਾਂ ਤੋਂ ਕੋਰੋਨਾ ਡਰਦਾ ਹੈ ਜਾਂ ਫਿਰ ਉਹ ਕੋਰੋਨਾ ਤੋਂ ਨਹੀਂ ਡਰਦੇ?।

 ਇਸ ਵੇਲੇ ਦੇਸ਼ ਵਿਚ ਜਿੰਨੇ ਵੀ ਸਫਾਈ ਸੇਵਕ ਕੰਮ ਕਰ ਰਹੇ ਹਨ ਦੇ ਵਿਚੋਂ ਬਹੁ-ਗਿਣਤੀ ਉਨ੍ਹਾਂ ਦੀ ਹੈ ਜਿਹੜੇ ਕੱਚੇ ਹਨ ਅਤੇ ਉਨ੍ਹਾਂ ਨੂੰ ਸਿਰਫ 7-8000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ ਅਤੇ ਅੱਜ ਦੀ ਮਹਿੰਗਾਈ ਦੇ ਸਮੇਂ ਦੌਰਾਨ ਇੰਨੀ ਕੁ ਰਕਮ ਨਾਲ ਘਰ ਦਾ ਗੁਜਾਰਾ ਚਲਾਉਣਾ ਬਹੁਤ ਮੁਸ਼ਕਿਲ ਹੈ। ਸਫਾਈ ਸੇਵਕਾਂ  ਦੇ ਹੱਕਾਂ ਅਤੇ ਹਿੱਤਾਂ ਲਈ ਕਦੀ ਵੀ ਨਾ ਤਾਂ ਸਰਕਾਰ ਨੇ, ਨਾ ਹੀ ਕਿਸੇ ਸਿਆਸੀ ਪਾਰਟੀ ਨੇ ਅਤੇ ਨਾ ਹੀ ਕਿਸੇ ਮੁਲਾਜਮ ਜਥੇਬੰਦੀ ਨੇ ਜੋਰਦਾਰ ਢੰਗ ਨਾਲ ਅਵਾਜ ਉਠਾਈ ਹੈ। ਇੰਨਾ ਜਰੂਰ ਹੈ ਕਿ ਸਫਾਈ ਕਾਮਿਆਂ ਲਈ ਮਗਰਮੱਛ ਦੇ ਹੰਝੂ ਵਹਾਉਣ  ਵਾਲੇ ਆਗੂਆਂ ਨੇ ਆਪਣੇ ਹਿੱਤ ਅਤੇ ਹੱਕ ਜਰੂਰ ਮਜਬੂਤ ਕਰ ਲਏ ਹਨ। ਉਹ ਕਾਰਾਂ, ਕੋਠੀਆਂ, ਮਹਿਲਾਂ ਦੇ ਮਾਲਕ ਬਣਨ ਦੇ ਨਾਲ ਨਾਲ ਕਰੋੜਪਤੀ ਜਰੂਰ ਬਣ ਗਏ ਹਨ।ਸਫਾਈ ਸੇਵਕ ਅੱਜ ਵੀ ਸੀਵਰੇਜ ਵਿਚ ਵੜ ਕੇ ਰੋਟੀ ਦੀ ਬੁਰਕੀ ਲੱਭਣ ਲਈ ਮਜਬੂਰ ਹਨ। ਉਹ ਅਜੇ ਵੀ ਸਮਾਜ ਵਿਚ ਬਣਦਾ ਆਰਥਿਕ ਅਤੇ ਸਮਾਜਿਕ ਸਨਮਾਨ ਪ੍ਰਾਪਤ ਕਰਨ ਤੋਂ ਵੰਚਿਤ ਹਨ। 

   ਭਾਰਤੀ ਸਮਾਜ ਇੱਕ ਅਜਿਹਾ ਸਮਾਜ ਹੈ ਜਿਥੇ ਮਨੂ-ਸਿਮਰਤੀ ਲਾਗੂ ਹੋਣ ਕਰਕੇ ਗੰਦਗੀ ਪਾਉਣ ਵਾਲੇ ਨੂੰ ਸਨਮਾਨਯੋਗ ਰੁਤਬਾ ਹਾਸਲ ਹੈ ਜਦ ਕਿ ਗੰਦਗੀ ਸਾਫ ਕਰਨ ਵਾਲਾ ਹਮੇਸ਼ਾ ਘਿਰਣਾ ਦਾ ਪਾਤਰ ਬਣਿਆ ਰਹਿੰਦਾ ਹੈ। ਸਫਾਈ ਕਰਨ ਵਾਲਾ ਜਦੋਂ ਕਿਸੇ ਦੇ ਘਰ ਜਾਂ ਦਫਤਰ ਦੀ ਸਫਾਈ ਕਰਕੇ ਉਸ ਘਰ ਜਾਂ ਦਫਤਰ ਵਿਚ ਦੁਬਾਰਾ ਵੜਦਾ ਹੈ ਤਾਂ ਉਹ ਆਪਣੀ ਜੁੱਤੀ ਦਰਵਾਜ਼ੇ ਤੋਂ ਬਾਹਰ ਉਤਾਰ ਦਿੰਦਾ ਹੈ, ਜਾਂ ਫਿਰ ਜੁੱਤੀ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸਫਾਈ ਕਰਨ ਵਾਲੇ ਦੇ ਦਿਮਾਗ ਵਿਚ ਹਮੇਸ਼ਾ ਇਹ ਗੱਲ ਰਹਿੰਦੀ ਹੈ ਕਿ ਕਿਤੇ ਸਾਫ ਕੀਤੀ ਜਗ੍ਹਾ ਉਸ ਦੀ ਵਜ੍ਹਾ ਨਾਲ ਗੰਦੀ ਨਾ ਹੋ ਜਾਵੇ ਜਾਂ ਫਿਰ ਕਿਸੇ ਵਲੋਂ ਡਾਂਟਿਆ ਨਾ ਜਾਵੇ। 

ਸਫਾਈ ਸੇਵਕ ਜਾਂ ਕੰਮ ਵਾਲੀ/ਕੰਮ ਵਾਲੇ ਨੂੰ ਸਮਾਜ ਵਿਚ ਇੰਨਾ ਸਤਿਕਾਰ ਦਿੱਤਾ ਜਾਂਦਾ ਹੈ ਕਿ  ਘਰ ਵਿਚ ਬਚੀ ਖੁਚੀ ਜਾਂ ਉਹ ਕੋਈ ਚੀਜ ਜਿਸ ਨੂੰ ਕੋਈ ਨਾ ਖਾਂਦਾ ਹੋਵੇ ਚੁੱਕ ਕੇ ਉਸ ਦੀ ਝੋਲੀ ਵਿਚ ਇਸ ਤਰ੍ਹਾਂ ਸੁੱਟ ਦਿੱਤੀ ਜਾਂਦੀ ਹੈ ਜਿਵੇਂ ਕੂੜੇਦਾਨ ਵਿਚ ਕੋਈ ਚੀਜ ਸੁੱਟ ਦਿੱਤੀ ਜਾਂਦੀ ਹੈ, ਜਦਕਿ ਐਨ ਇਸ ਦੇ ਉਲਟ ਵਿਦੇਸ਼ਾਂ ਵਿਚ ਸਫਾਈ ਕਰਨ ਵਾਲਿਆਂ ਨੂੰ ਉਸ ਤਰ੍ਹਾਂ ਹੀ ਸਮਾਜ ਵਿਚ ਵੇਖਿਆ ਜਾਂਦਾ ਹੈ ਜਿਵੇਂ ਕੁਰਸੀ 'ਤੇ ਬੈਠ ਕੇ ਕੰਮ ਕਰਨ ਵਾਲੇ ਨੂੰ ਵੇਖਿਆ ਜਾਂਦਾ ਹੈ। ਉਥੇ ਹਰ ਮਨੁੱਖ ਨੂੰ ਮਨੁੱਖ ਸਮਝਿਆ ਜਾਂਦਾ ਹੈ ਜਦਕਿ ਇਥੇ ਕਿੱਤਿਆਂ ਦੇ ਅਧਾਰ 'ਤੇ ਮਨੁੱਖ ਦੀ ਪ੍ਰੀਭਾਸ਼ਾ ਬਦਲ ਜਾਂਦੀ ਹੈ ਅਤੇ ਇਥੇ ਜਾਤੀ ਦੇ ਅਧਾਰ 'ਤੇ ਕਿੱਤਿਆਂ ਦੀ ਵੰਡ ਹੁੰਦੀ ਹੈ ।ਇਥੇ ਰੋਟੀ ਬੇਟੀ ਦੀ ਸਾਂਝ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਇਥੇ ਤਾਂ ਸਾਫ ਸਫਾਈ ਕਰਨ ਵਾਲਿਆਂ ਦੇ ਘਰ ਵੀ ਵੱਖਰੇ ਹਨ ਅਤੇ ਘਰਾਂ ਦਾ ਅਕਾਰ ਇੱਕ ਛੋਟੇ ਜਿਹੇ ਕਮਰਾ ਤੋਂ ਸ਼ੁਰੂ ਹੋ ਕੇ 50 ਗਜ ਤੱਕ ਜਾ ਕੇ ਮੁੱਕ ਜਾਂਦਾ ਹੈ । ਦੇਸ਼ ਵਿਚ ਅਜੇ ਵੀ ਮਨੂੰ ਵਿਧਾਨ ਲਾਗੂ ਹੋਣ ਕਰਕੇ  ਸਦੀਆਂ ਤੋਂ ਸਫਾਈ ਕਰਨ ਵਾਲਿਆਂ ਦਾ ਕਿੱਤਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ ਅਤੇ ਇਸ ਕਿੱਤੇ ਵਿਚ ਚੱਲ ਰਹੇ 100 ਫੀਸਦੀ ਰਾਖਵਾਂਕਰਨ ਕਰਨ ਦੀ ਪ੍ਰਕਿਰਿਆ ਨੂੰ ਖਤਮ ਕਰਨ ਨੂੰ ਲੈ ਕੇ ਕਿਸੇ ਹੋਰ ਵਰਗ ਵਲੋਂ ਨਾ ਤਾਂ ਸਰਕਾਰ 'ਤੇ ਦਬਾਅ ਪਾਉਣ ਲਈ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਨਾ ਹੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ।

ਚੋਣਾਂ ਦੇ ਦਿਨਾਂ ਵਿਚ ਸ਼ੈਤਾਨ ਲੋਕ  ਤਰ੍ਹਾਂ ਤਰ੍ਹਾਂ ਦੇ ਸਬਜਬਾਗ ਦਿਖਾਕੇ ਉਨ੍ਹਾਂ ਦਾ ਪੂਰਾ ਮੁੱਲ ਲੁੱਟਦੇ ਹਨ ਪਰ ਉਨ੍ਹਾਂ ਦੇ ਜੀਵਨ ਪੱਧਰ ਵਿਚ ਕੋਈ ਵੀ ਬਦਲਾਅ ਨਹੀਂ ਆਉਂਦਾ।

ਲੋਕਾਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਜੇ ਉਹ ਸੱਚ ਮੁੱਚ ਹੀ ਸਫਾਈ ਕਾਮਿਆਂ ਦਾ ਹੌਸਲਾ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਉਪਰ ਫੁੱਲਾਂ ਦੀ ਨਹੀਂ ਬਲਕਿ ਵੱਡੇ ਨੋਟਾਂ ਦੀ ਵਰਖਾ ਕਰਨ। ਫੁੱਲ ਸੁੱਟਕੇ ਅਸੀਂ ਉਨ੍ਹਾਂ ਦਾ ਹੌਸਲਾ ਨਹੀਂ ਸਗੋਂ ਸਫਾਈ ਦਾ ਹੋਰ ਕੰਮ ਵਧਾ ਰਹੇ ਹਾਂ। 

 

-ਸੁਖਦੇਵ ਸਲੇਮਪੁਰੀ

09780620233

16 ਅਪ੍ਰੈਲ, 2020