ਕਾਉਂਕੇ ਕਲਾਂ ਦੇ ਧਾਰਮਿਕ ਅਸਥਾਨ ਤੇ ਨਹੀ ਕੋਈ ਕਰ ਰਿਹਾ ਕੋਰੋਨਾ ਵਾਇਰਸ ਦੀ ਪਰਵਾਹ ,

ਸਾਮ ਵੇਲੇ ਪ੍ਰਸਾਸਨ ਮਹਾਮਾਰੀ ਦੌਰਾਨ ਇਸ ਹੋ ਰਹੇ ਇਕੱਠ ਤੋ ਬੇਖਬਰ ।
 

ਕਾਉਂਕੇ ਕਲਾਂ, 20 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋ ਵੀ ਸਾਂਝੇ ਤੌਰ ਤੇ ਇਸ ਵਾਇਰਸ ਤੋ ਬਚਣ ਲਈ ਅਭਿਆਨ ਚਲਾਏ ਗਏ ਹਨ ਜਿਸ ਤਾਹਿਤ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਬੈਂਕਟ ਹਾਲ ਬੰਦ ਕਰਨ ਸਮੇਤ 20 ਵਿਅਕਤੀਆ ਦੇ ਇਕੱਠ ਤੇ ਰੋਕ ਤੇ 22 ਮਾਰਚ ਤੋ ਸਵੇਰੇ 7 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਇਆ ਗਿਆਂ ਹੈ।ਜਨਤਾ ਨੂੰ ਵੱਧ ਤੋ ਵੱਧ ਘਰ ਰਹਿਣ,ਘੱਟ ਬਾਹਰ ਨਿਕਲਣ,ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸ ਜਾਰੀ ਕੀਤੇ ਗਏ ਹਨ।ਪਰ ਕਾਉਂਕੇ ਕਲਾਂ ਵਿਖੇ ਸਥਿੱਤ ਇੱਕ ਧਾਰਮਿਕ ਅਸਥਾਨ ਜਿੱਥੇ ਸਰਾਬ ਪ੍ਰਸਾਦ ਦੇ ਤੌਰ ਤੇ ਚੜਦੀ ਤੇ ਪਿਆਈ ਜਾਂਦੀ ਹੈ ਵਿਖੇ ਕੋਰੋਨਾ ਵਾਇਰਸ ਦਾ ਕੋਈ ਪ੍ਰਭਾਵ ਵੇਖਣ ਨੂੰ ਨਹੀ ਮਿਲ ਰਿਹਾ।ਸਾਮ ਵੇਲੇ ਪ੍ਰਸਾਦ ਦੇ ਰੂਪ ਵਿੱਚ ਦਾਰੂ ਪੀਣ ਵਾਲਿਆਂ ਦੀਆਂ ਲੰਭੀਆਂ ਲਾਈਨਾਂ ਲੱਗ ਜਾਂਦੀਆਂ ਹਨ ਜੋ ਸਰੇਆਮ ਸਰਕਾਰ ਵੱਲੋ ਬਚਾਅ ਕਰਨ ਸਬੰਧੀ ਜਾਰੀ ਹੁਕਮਾ ਦੀਆਂ ਧੱਜੀਆਂ ਉਡਾਉਂਦੇ ਹੋਏ ਕੋਰੋਨਾ ਵਾਇਰਸ ਵਰਗੀ ਮਾਹਮਾਰੀ ਨੂੰ ਵੀ ਸੱਦਾ ਦੇ ਰਹੇ ਹਨ।ਸਰਕਾਰ ਵੱਲੋ 20 ਵਿਅਕਤੀਆਂ ਦੇ ਇਕੱਠ ਨਾ ਕਰਨ ਦਾ ਫੁਰਮਾਨ ਦਾ ਵੀ ਇੱਥੇ ਕੋਈ ਅਸਰ ਨਹੀ ਰਹਿੰਦਾ ਤੇ ਲਾਈਨਾਂ ਬਣਾ ਕੇ ਇੱਕ ਦੂਜੇ ਤੋ ਮੂਹਰੇ ਹੋ ਕੇ ਦਾਰੂ ਪੀ ਰਹੇ ਹਨ।ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹ ਸਭ ਇਸ ਅਸਥਾਨ ਦੇ ਪ੍ਰਬੰਧਕ ਦੀ ਮੌਜੂਦਗੀ ਵਿੱਚ ਹੋ ਰਿਹਾ ਹੈ ਜੋ ਸਾਇਦ ਸਰਕਾਰ ਦੇ ਇਸ ਮਹਾਮਾਰੀ ਦੇ ਬਚਾਅ ਤੋ ਅਨਜਾਣ ਜਾ ਫਿਰ ਟਿੱਚ ਜਾਣਦਾ ਹੈ।ਇਹ ਵੀ ਦੱਸਣਯੋਗ ਹੈ ਕਿ ਇਸ ਅਸਥਾਨ ਤੇ ਵੱਡੀ ਗਿਣਤੀ ਵਿੱਚ ਆ ਰਹੇ ਸਰਧਾਲੂਆਂ ਕਾਰਨ ਜੋ ਦਾਰੂ ਪੀ ਕੇ ਖਲਲ ਮਚਾਉਂਦੇ ਹਨ ਤੋ ਨਗਰ ਨਿਵਾਸੀ ਪਹਿਲਾ ਹੀ ਦੁਖੀ ਹਨ।ਵੱਡੀ ਗਿਣਤੀ ਵਿੱਚ ਦੂਰੋ ਦੂਰੋ ਦੇਰ ਸਾਮ ਲੋਕ ਆਪ ਮੁਹਾਰੇ ਜੁੜਨਾ ਸੁਰੂ ਹੋ ਜਾਂਦੇ ਜਿੰਨਾ ਤੋ ਪਹਿਲਾ ਪ੍ਰਬੰਧਕ ਵੱਲੋ ਆਪਣਾ ਨਿੱਜੀ ਕੰਮ ਕਰਵਾਇਆ ਜਾਂਦਾ ਹੈ ਫਿਰ ਪ੍ਰਸਾਦ ਦੇ ਤੌਰ ਤੇ ਸਰਾਬ ਪਿਆਈ ਜਾਂਦੀ ਹੈ।ਇਸ ਤੋ ਪਹਿਲਾ ਇੱਥੇ ਕਈ ਵਾਰ ਵੱਧ ਦਾਰੂ ਪੀਣ ਕਰਕੇ ਸਰਧਾਲੂਆਂ ਦੀਆਂ ਮੌਤਾਂ ਵੀ ਹੋ ਚੱੁਕੀਆਂ ਪਰ ਇਹ ਸਭ ਪ੍ਰਬੰਧਕ ਦੀ ਘਾਟ ਕਾਰਨ ਹੋ ਰਿਹਾ ਹੈ।ਅੱਜ ਦੇਰ ਸਾਮ ਜਦੋ ਪੱਤਰਕਾਰਾ ਨੇ ਜਾ ਕੇ ਮੌਕਾ ਵੇਖਿਆਂ ਤਾਂ ਵੱਡੀ ਗਿਣਤੀ ਵਿੱਚ ਸਰਧਾਲੂਆਂ ਦੀ ਲਾਈਨ ਲੱਗੀ ਹੋਈ ਸੀ ਤੇ ਦਰਗਾਹ ਦਾ ਪ੍ਰਬੰਧਕ ਵੀ ਇਸ ਮੌਕੇ ਹਾਜਿਰ ਸੀ ਜੋ ਸਾਇਦ ਸਰਧਾਲੂਆਂ ਨੂੰ ਪ੍ਰਸਾਦ ਦੇ ਤੌਰ ਤੇ ਕੋਰੋਨਾ ਵਾਇਰਸ ਵੰਡ ਰਿਹਾ ਸੀ। ਜਦੋ ਇਸ ਸਬੰਧੀ ਦਰਗਾਹ ਦੇ ਪ੍ਰਬੰਧਕ ਪ੍ਰੀਤਮ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨਾ ਵਾਰ ਵਾਰ ਫੋਨ ਕਰਨ ਤੇ ਫੋਨ ਚੱੁਕ ਕੇ ਗੱਲ ਕਰਨ ਦੀ ਥਾਂ ਫੋਨ ਹੀ ਕੱਟ ਦਿੱਤਾ।