ਮੈਲਬਰਨ ਦੇ ਗੁਰੂਘਰ ’ਚੋਂ ਹਜ਼ਾਰਾਂ ਡਾਲਰ ਚੋਰੀ

ਮੈਲਬਰਨ, ਜੂਨ 2019 - ਇੱਥੋਂ ਦੇ ਪੱਛਮੀ਼ ਖੇਤਰ ’ਚ ਸਥਿਤ ਗੁਰਦੁਆਰੇ ’ਚ ਹਜ਼ਾਰਾਂ ਡਾਲਰ ਚੋਰੀ ਹੋ ਗਏ। ਹੌਪਰ ਕਰਾਸਿੰਗ ਦੇ ਗੁਰੂ ਨਾਨਕ ਸਤਿਸੰਗ ਸਭਾ ਦੀ ਗੋਲਕ ਤੋੜ ਕੇ ਚੋਰ ਕਰੀਬ 15 ਹਜ਼ਾਰ ਡਾਲਰ ਲੈ ਗਏ। ਪੱਛਮੀ ਮੈਲਬਰਨ ਦੇ ਗੁਰੂਘਰਾਂ ’ਚ ਚੋਰੀ ਦੀ ਇਹ ਹਫ਼ਤੇ ’ਚ ਦੂਜੀ ਘਟਨਾ ਹੈ। ਕਮੇਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਿਕ ਇਸ ਚੋਰੀ ’ਚ ਇੱਕ ਮਰਦ ਤੇ ਔਰਤ ਸ਼ਾਮਿਲ ਹੈ ਜਿਨ੍ਹਾਂ ਨੇ ਗੋਲਕ ਨੂੰ ਉੱਪਰੋਂ ਖੋਲ੍ਹਿਆ ਅਤੇ ਨੇੜੇ ਪਏ ਤਬਲਿਆਂ ਦੇ ਕਵਰਾਂ ’ਚ ਡਾਲਰ ਭਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੋਲਕ ’ਚ ਕਰੀਬ ਦੋ ਹਫ਼ਤਿਆਂ ਦਾ ਚੜ੍ਹਾਵਾ ਸੀ ਜੋ ਚੋਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਟਾਰਨੇਟ ਇਲਾਕੇ ਦੇ ਗੁਰੂਘਰ ’ਚੋਂ ਵੀ ਗੋਲਕ ਚੋਰੀ ਹੋ ਚੁੱਕੀ ਹੈ। ਇਸ ਦੌਰਾਨ ਦਰਬਾਰ ਹਾਲ ’ਚ ਬੇਅਦਬੀ ਵੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਟਾਰਨੇਟ ਗੁਰੂਘਰ ’ਚ ਇਸੇ ਸਾਲ ਫਰਵਰੀ ’ਚ ਵੀ ਚੋਰੀ ਹੋਈ ਸੀ। ਇਸੇ ਤਰ੍ਹਾਂ ਕੇਰਲਾ ਦੇ ਭਾਈਚਾਰਕ ਕੇਂਦਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਘਟਨਾਵਾਂ ਬਾਰੇ ਪੁਲੀਸ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਹੈ ਪਰ ਸੁਰੱਖਿਆ ਪੱਖੋਂ ਕੋਈ ਪੁਖ਼ਤਾ ਪ੍ਰਬੰਧ ਦੇਖਣ ਨੂੰ ਨਹੀਂ ਮਿਲੇ ਜਿਸ ਕਾਰਨ ਵਾਰਦਾਤਾਂ ’ਚ ਵਾਧਾ ਹੋਇਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਦਾ ਇਹ ਪੱਛਮੀ ਇਲਾਕਾ ਜੁਰਮ ਦੀਆਂ ਜ਼ਿਆਦਾ ਵਾਰਦਾਤਾਂ ਦੀ ਸੂਚੀ ’ਚ ਸ਼ਾਮਲ ਰਿਹਾ ਹੈ ਜਿਸ ਕਾਰਨ ਸੁਰੱਖਿਆ ਇੰਤਜ਼ਾਮ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।