You are here

ਪੰਜਾਬੀਆਂ ਬਾਰੇ ਨਸਲੀ ਟਿੱਪਣੀ ਕਰਨ ਵਾਲੀ ਕੈਰਲ ਚੋਣ ਮੈਦਾਨ ’ਚੋਂ ਬਾਹਰ

ਵੈਨਕੂਵਰ-
ਬਰਨਬੀ ਦੱਖਣੀ ਲੋਕ ਸਭਾ ਹਲਕੇ ਦੀ ਉੱਪ ਚੋਣ ’ਚ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਉਮੀਦਵਾਰ ਵਜੋਂ ਮੈਦਾਨ ’ਚ ਉੱਤਰਨ ਕਾਰਨ ਇਹ ਚੋਣ ਕੈਨੇਡੀਅਨ ਸਿਆਸਤ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਗਮੀਤ ਸਿੰਘ ਦੇ ਮੁਕਾਬਲੇ ਵਿਰੋਧੀ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ  ਦੇ ਪ੍ਰਭਾਵਸ਼ਾਲੀ ਉਮੀਦਵਾਰ ਮੈਦਾਨ ’ਚ ਸਨ, ਪਰ ਲਿਬਰਲ ਦੀ ਉਮੀਦਵਾਰ ਕੈਰਲ ਵਾਂਗ ਵੱਲੋਂ ਬੀਤੇ ਦਿਨ ਸੋਸ਼ਲ ਮੀਡੀਆ ਉਤੇ ਕੀਤੀ ਨਸਲੀ ਟਿੱਪਣੀ ਦੇ ਵਿਰੋਧ ਕਾਰਨ ਉਸ ਨੂੰ ਚੋਣ ਮੈਦਾਨ ’ਚੋਂ ਹਟਣਾ ਪਿਆ ਹੈ। ਆਪਣੀ ਟਿਪਣੀ ਬਾਰੇ ਕੈਰਲ ਵੱਲੋਂ ਦਿਤਾ ਗਿਆ ਸਪੱਸ਼ਟੀਕਰਨ, ‘ਮੇਰੇ ਕਹਿਣ ਦਾ ਭਾਵ ਇਹ ਨਹੀ ਸੀ’, ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰਿਆ। 25 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ 4 ਫਰਵਰੀ ਤੱਕ ਭਰੀਆਂ ਜਾਣੀਆਂ ਹਨ। ਹੁਣ ਵੇਖਣਾ ਹੋਵੇਗਾ ਕਿ ਲਿਬਰਲ ਪਾਰਟੀ ਇੱਥੋਂ ਮੈਦਾਨ ਖੁੱਲ੍ਹਾ ਛੱਡਦੀ ਹੈ ਜਾਂ ਪਾਰਟੀ ਨਾਮਜ਼ਦਗੀਆਂ ’ਚ ਦੂਜੇ ਨੰਬਰ ’ਤੇ ਰਹੇ ਵਿਅਕਤੀ ਨੂੰ ਮੈਦਾਨ ’ਚ ਉਤਾਰਦੀ ਹੈ। ਦੱਸਣਾ ਬਣਦਾ ਹੈ ਕਿ ਇਸ ਹਲਕੇ ’ਚ ਚੀਨੀ ਮੂਲ ਦੇ ਲੋਕਾਂ ਦੀ ਵੱਡੀ ਅਬਾਦੀ ਹੈ ਤੇ ਕੈਰਲ ਵਾਂਗ ਉਸੇ ਭਾਈਚਾਰੇ ਨਾਲ ਸਬੰਧਤ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਹ ਲਿਖ ਕੇ ਬਿਪਤਾ ਸਹੇੜ ਲਈ ਸੀ ਕਿ ਜੇ ਚੀਨੀ ਭਾਈਚਾਰਾ ਉਸ ਪਿਛੇ ਇਕਜੁੱਟ ਹੋ ਜਾਏ ਤਾਂ ਭਾਰਤੀ ਮੂਲ ਦੇ ਜਗਮੀਤ ਸਿੰਘ ਨੂੰ ਅਸਾਨੀ ਨਾਲ ਹਰਾ ਕੇ ਜਿੱਤ ਦੇ ਝੰਡੇ ਗੱਡੇ ਜਾ ਸਕਦੇ ਹਨ। ਬੇਸ਼ੱਕ ਨੁਕਤਾਚੀਨੀ ਹੋਣ ਕਾਰਨ ਕੈਰਲ ਨੇ ਆਪਣੀ ਟਿੱਪਣੀ ਮਿਟਾ ਦਿੱਤੀ ਸੀ, ਪਰ ਉਸ ਦੀ ਪਾਰਟੀ ਨੇ ਲਿਹਾਜ਼ ਨਹੀਂ ਕੀਤਾ ਤੇ ਇਹ ਕਹਿੰਦਿਆਂ ਉਸ ਦਾ ਨਾਂ ਉਮੀਦਵਾਰ ਵਜੋਂ ਵਾਪਸ ਲਿਆ ਕਿ ਅਜਿਹਾ ਪਾਰਟੀ ਦੀਆਂ ਨੀਤੀਆਂ ਦੇ ਉਲਟ ਹੈ। ਇਸ ਹਲਕੇ ਤੋਂ ਟੋਰੀ ਪਾਰਟੀ ਵੱਲੋਂ ਜੇ ਸ਼ਿੰਨ ਤੇ ਨਵਗਠਿਤ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਲੌਰਾ ਲਿੰਨ ਟਾਈਲਰ ਉਮੀਦਵਾਰ ਹਨ।