You are here

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਭਾਂਬੀ ਦੇ ਤੁਰ ਜਾਣ ਨੂੰ ਨਿੱਜੀ ਘਾਟਾ ਦੱਸਿਆ
ਚੰਡੀਗੜ੍ਹ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦੇ ਅਚਾਨਕ ਅਕਾਲ ਚਲਾਣਾ ਕਰਨ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਭਾਂਬੀ ਜੋ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜ਼ੇਰੇ ਇਲਾਜ ਸਨ, ਨੇ ਅੱਜ ਦੀਪ ਹਸਪਤਾਲ ਲੁਧਿਆਣਾ ਵਿਖੇ ਅੰਤਿਮ ਸਾਹ ਲਿਆ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆ ਭਾਂਬੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਭਾਂਬੀ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ। ਭਾਂਬੀ ਜੋ ਉਮਰ ਦੇ 60ਵਿਆਂ ਦੇ ਸ਼ੁਰੂ ਵਿੱਚ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੇਟੇ ਦੇ ਕੈਨੇਡਾ ਤੋਂ ਪਰਤਣ ਉਤੇ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭਾਂਬੀ ਜੋ ਇਸ ਵੇਲੇ ਇੰਡੀਆ ਨਿਊਜ਼ (ਆਈ ਟੀਵੀ) ਦੇ ਬਿਊਰੋ ਚੀਫ ਸਨ, ਦੇ ਦੇਹਾਂਤ ਉਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਇਕੱਲੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਪੂਰੇ ਮੀਡੀਆ ਜਗਤ ਨੂੰ ਘਾਟਾ ਪਿਆ ਹੈ। ਸਮੁੱਚਾ ਪੱਤਰਕਾਰ ਭਾਈਚਾਰਾ ਉਨ੍ਹਾਂ ਨੂੰ ਫੋਟੋ ਪੱਤਰਕਾਰੀ ਅਤੇ ਵੱਖ ਵੱਖ ਸੰਸਥਾਵਾਂ ਲਈ ਪੰਜਾਬ ਤੋਂ ਰਿਪੋਰਟਿੰਗ ਕਰਦਿਆਂ ਕਾਇਮ ਕੀਤੇ ਮੀਲ ਪੱਥਰਾਂ ਸਦਕਾ ਸਦਾ ਯਾਦ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲਈ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਰਵੀਨ ਠੁਕਰਾਲ ਨੇ ਭਾਂਬੀ ਦੇ ਅਕਾਲ ਚਲਾਣੇ ਨੂੰ ਨਿੱਜੀ ਘਾਟਾ ਦੱਸਦਿਆਂ ਉਨ੍ਹਾਂ ਨੂੰ ਆਪਣੇ ਪੇਸ਼ੇ ਦਾ ਇਕ ਮਹਾਨ ਪੱਤਰਕਾਰ ਅਤੇ ਨਿੱਘੀ ਤੇ ਮਿਲਣਸਾਰ ਸਖਸ਼ੀਅਤ ਕਿਹਾ।ਸ੍ਰੀ ਭਾਂਬੀ ਦੇ ਤੁਰ ਜਾਣ ਨਾਲ ਉਨ੍ਹਾਂ ਇਕ ਨਿੱਜੀ ਦੋਸਤ ਗੁਆ ਲਿਆ।ਉਹ ਵੀ ਪਰਿਵਾਰ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੇ ਹਨ। ਭਾਂਬੀ ਨੇ ਆਪਣਾ ਕਰੀਅਰ ਰਾਇਟਰਜ਼ ਲਈ ਪੰਜਾਬ ਤੋਂ ਸਟਿੰਗਰ ਵਜੋਂ ਸ਼ੁਰੂ ਕੀਤਾ ਸੀ। ਉਹ ਇੰਡੀਆ ਟੂਡੇ ਲਈ ਪੰਜਾਬ ਅਤੇ ਦਿ ਟ੍ਰਿਬਿਊਨ ਲਈ ਲੁਧਿਆਣਾ ਤੋਂ ਫੋਟੋ ਪੱਤਰਕਾਰ ਰਹੇ। ਉਨ੍ਹਾਂ ਹਿੰਦੁਸਤਾਨ ਟਾਈਮਜ਼ ਲਈ ਪੰਜਾਬ ਤੋਂ ਸਟਿੰਗਰ ਵਜੋਂ ਵੀ ਕੰਮ ਕੀਤਾ। ਉਨ੍ਹਾਂ ਆਪਣੇ ਪੇਸ਼ੇਵਾਰ ਕਰੀਅਰ ਵਿੱਚ ਇੰਡੀਆ ਨਿਊਜ਼ ਦੇ ਬਿਊਰੋ ਚੀਫ ਅਤੇ ਪੰਜਾਬ ਕੇਸਰੀ ਦੇ ਪੱਤਰਕਾਰ ਵਜੋਂ ਵੀ ਕੰਮ ਕੀਤਾ।