ਬਾਗਬਾਨੀ ਵਿਭਾਗ ਦੇ ਲੁਧਿਆਣਾ ਵਿਖੇ ਤਿਆਰ ਕੀਤੇ ਫਲ ਉਤਪਾਦਾਂ ਦੀ ਰਾਜ ਵਿੱਚ ਭਾਰੀ ਮੰਗ

ਸਕੂਐਸ਼, ਅਚਾਰ, ਚਟਨੀਆਂ, ਜੈਮ, ਮੁਰੱਬੇ ਆਦਿ ਬਿਨ੍ਵਾ ਕਿਸੇ ਲਾਭ/ਹਾਨੀ ਦੇ ਕੀਤੇ ਜਾ ਰਹੇ ਵੱਖ-ਵੱਖ ਜ਼ਿਲਿਆਂ ਵਿੱਚ ਸਪਲਾਈ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )-ਬਾਗਬਾਨੀ ਵਿਭਾਗ ਪੰਜਾਬ, ਨਾ ਸਿਰਫ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਹਟਾ ਕੇ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ, ਸਗੋਂ ਰਾਜ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਵੀ ਭਰਪੂਰ ਉਪਰਾਲੇ ਵੀ ਕਰ ਰਿਹਾ ਹੈ। ਇਸ ਲਈ ਵਿਭਾਗ ਲੋਕਾਂ ਨੂੰ ਆਪਣੀ ਲੋੜ ਅਨੁਸਾਰ ਸਪਰੇਅ ਰਹਿਤ ਸਬਜ਼ੀਆਂ ਅਤੇ ਫਲਦਾਰ ਬੂਟੇ ਘਰੇਲੂ ਪੱਧਰ 'ਤੇ ਲਗਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ, ਜਿਸ ਲਈ ਵਿਭਾਗ ਗਰਮੀ ਅਤੇ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਫਲਦਾਰ ਬੂਟੇ ਵਾਜਿਬ ਰੇਟਾਂ 'ਤੇ ਸਪਲਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਵਿਭਾਗ ਲੋਕਾਂ ਦੀ ਚੰਗੀ ਤੇ ਤੰਦਰੁਸਤ ਸਿਹਤ ਲਈ ਵੱਖ-ਵੱਖ ਫਲ ਅਤੇ ਸਬਜ਼ੀ ਉਤਪਾਦਕ ਜਿਵੇਂ ਕਿ ਵੱਖ-ਵੱਖ ਫਲਾਂ ਤੋਂ ਤਿਆਰ ਕੀਤੇ ਸਕੂਐਸ਼, ਅਚਾਰ, ਚਟਨੀਆਂ, ਜੈਮ, ਮੁਰੱਬੇ ਅਦਿ ਤਿਆਰ ਕਰਕੇ ਬਿਨਾ ਕਿਸੇ ਲਾਭ/ਹਾਨੀ ਦੇ ਅਧਾਰ 'ਤੇ ਸਪਲਾਈ ਕਰ ਰਿਹਾ ਹੈ। ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵਿੱਚ ਸਰਕਾਰੀ ਫਲ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਅੰਬ, ਲੀਚੀ, ਨਿੰਬੂ, ਸੰਤਰਾ, ਪਾਇਨਐਪਲ ਆਦਿ ਦੀ ਸਕੂਐਸ਼ ਦੀ ਪੂਰੇ ਰਾਜ ਵਿੱਚ ਭਾਰੀ ਮੰਗ ਹੈ। ਰੋਜ਼ਾਨਾ ਸੈਂਕੜੇ ਵਿਅਕਤੀ ਦਫ਼ਤਰ ਤੋਂ ਉਕਤ ਸਕੂਐਸ਼ ਖਰੀਦ ਕੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਆਦਿ ਜ਼ਿਲਿਆਂ ਵੱਲੋਂ ਸਕੂਐਸ਼ ਦੀ ਕੀਤੀ ਭਾਰੀ ਮੰਗ ਨੂੰ ਵੇਖਦੇ ਹੋਏ ਸਪਲਾਈ ਕੀਤੀ ਗਈ ਹੈ। ਡਾ: ਜਗਦੇਵ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਨੇ ਦੱਸਿਆ ਕਿ ਲੈਬਾਰਟਰੀ ਵਿੱਚ ਬਹੁਤ ਹੀ ਵਧੀਆ ਕਿਸਮ ਦੇ ਫਲ ਪਦਾਰਥ ਤਿਆਰ ਕਰਨ ਸਮੇਂ ਸਾਫ ਸਫਾਈ ਦੇ ਪੂਰੇ ਪ੍ਰਬੰਧ ਹਨ। ਉਹਨਾਂ ਦੱਸਿਆ ਕਿ ਉਕਤ ਫਲ ਪਦਾਰਥਾਂ ਵਿੱਚ ਕਿਸੇ ਵੀ ਕਿਸਮ ਦੀ ਕੈਮੀਕਲ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਵੇ, ਨਹੀਂ ਵਰਤਿਆ ਜਾਂਦਾ  ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਲੋਡ ਡਰਿੰਕਾਂ ਦੀ ਥਾਂ 'ਤੇ ਵੱਧ ਤੋਂ ਵੱਧ ਸਕੁਐਸ਼ ਦੀ ਵਰਤੋ ਕਰਨ, ਜੋ ਕਿ ਨਾ ਸਿਰਫ ਚੰਗੀ ਅਤੇ ਨਿਰੋਈ ਸਿਹਤ ਲਈ ਫਾਇਦੇਮੰਦ ਹੈ ਸਗੋਂ ਕਲੋਡ ਡਰਿੰਕ ਨਾਲੋਂ ਸਸਤੀ ਵੀ ਪੈਂਦੀ ਹੈ। ਸਰਕਾਰੀ ਫਲ ਸੁਰੱਖਿਆ ਲੈਬ, ਲੁਧਿਆਣਾ ਦੇ ਇੰਚਾਰਜ ਡਾ: ਵਿਜੈ ਪ੍ਰਤਾਪ ਅਨੁਸਾਰ ਫਲ ਪਦਾਰਥਾਂ ਨੂੰ ਤਿਆਰ ਕਰਨ ਲਈ ਹਮੇਸ਼ਾਂ ਸਰਕਾਰੀ ਬਾਗਾਂ ਤੋਂ ਫਲ ਖਰੀਦਣ ਦੀ ਕੋਸ਼ਿਸ਼ ਹੁੰਦੀ ਹੈ। ਇਸ ਤੋਂ ਇਲਾਵਾ ਅਬੋਹਰ ਦੇ ਕਿਸਾਨਾਂ ਤੋਂ ਕਿੰਨੂ ਅਤੇ ਗੁਰਦਾਸਪੁਰ ਤੇ ਪਠਾਨਕੋਟ ਦੇ ਬਾਗਬਾਨਾਂ ਤੋਂ ਵਧੀਆ ਕਿਸਮ ਦੀ ਲੀਚੀ ਖਰੀਦ ਕਰਕੇ ਸਕੂਐਸ਼ ਤਿਆਰ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣਾ ਫਲ ਪਦਾਰਥ ਲੈਬ ਤੋਂ ਤਿਆਰ ਵੀ ਕਰਵਾ ਸਕਦਾ ਹੈ। ਡਾ: ਹਰਮੇਲ ਸਿੰਘ, ਬਾਗਬਾਨੀ ਵਿਕਾਸ ਅਫਸਰ (ਸਬਜ਼ੀ) ਲੁਧਿਆਣਾ ਨੇ ਦੱਸਿਆ ਕਿ ਵਿਭਾਗ ਵੱਲੋਂ ਲੋਕਾਂ ਨੂੰ ਘਰੇਲੂ ਪੱਧਰ 'ਤੇ ਕਿਚਨ ਗਾਰਡਨਿੰਗ ਕਰਨ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 5000 ਦੇ ਕਰੀਬ ਸਬਜ਼ੀਆਂ ਦੀਆਂ ਕਿੱਟਾਂ ਸਪਲਾਈ ਕਰਨ ਤੋਂ ਇਲਾਵਾ ਜੈਵਿਕ ਵਿਧੀਆਂ ਨਾਲ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਸਪਰੇਅ ਰਹਿਤ ਆਰਗੈਨਿਕ ਫਲ ਅਤੇ ਸਬਜ਼ੀਆਂ ਪ੍ਰਾਪਤ ਹੋ ਸਕਣ।