ਕੋਰੋਨਾ ਮਹਾਮਾਰੀ ਦੀ ਆੜ 'ਚ ਸਦਨ 'ਚੋਂ ਖਿਸਕੇ ਅਕਾਲੀ - ਮੁੱਖ ਮੰਤਰੀ

ਚੰਡੀਗੜ੍ਹ , ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਕੋਵਿਡ-19 ਦੀ ਆੜ 'ਚ ਹੋਰ ਮੁੱਦਿਆਂ ਤੋਂ ਬਚਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਦੋਸ਼ਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੇ ਮਹਾਮਾਰੀ ਦਾ ਬਹਾਨਾ ਬਣਾ ਕੇ ਵਿਧਾਨ ਸਭਾ ਸੈਸ਼ਨ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ 'ਤੇ ਲਿਆਂਦੇ ਗਏ ਮਤਿਆਂ ਤੋਂ ਬਚਣਾ ਚਾਹੁੰਦੀ ਸੀ। ਐੱਨਡੀਏ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਆਰਡੀਨੈਂਸਾਂ ਦਾ ਸਮਰਥਨ ਕਰਨ ਤੋਂ ਬਾਅਦ ਅਕਾਲੀ ਕਿਹੜੇ ਮੂੰਹ ਨਾਲ ਵਿਧਾਨ ਸਭਾ 'ਚ ਲਿਆਂਦੇ ਗਏ ਵਿਰੋਧ ਮਤਿਆਂ ਦਾ ਸਮਰਥਨ ਕਰਦੇ। ਇਸ ਲਈ ਅਕਾਲੀ ਮਹਾਮਾਰੀ ਦਾ ਬਹਾਨਾ ਬਣਾ ਕੇ ਵਿਧਾਨ ਸਭਾ 'ਚੋਂ ਖਿਸਕ ਗਏ। ਕੈਪਟਨ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਤੇ ਉਨ੍ਹਾਂ ਨੇ ਖੁਦ, ਸਿਰਫ ਕੋਰੋਨਾ ਸੰਕ੍ਰਮਿਤ ਵਿਧਾਇਕਾਂ ਕੋਲੋਂ ਵਿਧਾਨ ਸਭਾ 'ਚ ਨਾ ਆਉਣ ਦੀ ਅਪੀਲ ਕੀਤੀ ਸੀ ਪਰ ਇਕ ਵੀ ਅਕਾਲੀ ਵਿਧਾਇਕ ਵਿਧਾਨ ਸਭਾ 'ਚ ਹਾਜ਼ਰ ਨਹੀਂ ਹੋਇਆ। ਪੰਜਾਬ ਸਰਕਾਰ ਨੇ ਕਦੇ ਵੀ ਵਿਰੋਧੀ ਵਿਧਾਇਕਾਂ ਨੂੰ ਸਦਨ 'ਚ ਆਉਣ ਤੋਂ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਜੇ ਅਕਾਲੀ ਨੇਤਾ ਕੋਵਿਡ-19 ਨੂੰ ਲੈ ਕੇ ਇੰਨੇ ਹੀ ਗੰਭੀਰ ਹਨ ਤੇ ਇਸੇ ਕਾਰਨ ਉਹ ਸਦਨ ਤੋਂ ਰਹੇ ਤਾਂ ਫਿਰ ਉਹ ਲਗਾਤਾਰ ਸੜਕਾਂ 'ਤੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ 'ਚ ਕਿਵੇਂ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੀ ਜਾਨ 'ਤੇ ਵੀ ਖ਼ਤਰਾ ਵੱਧਦਾ ਹੈ। ਅਕਾਲੀ ਦਲ ਦੀ ਇਕ ਹੋਰ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਮੰਗ ਨੂੰ ਹਾਸੋਹੀਣਾ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਅਕਾਲੀ ਉਨ੍ਹਾਂ ਦਿਨਾਂ 'ਚ ਇਕ ਹੋਰ ਸੈਸ਼ਨ ਬੁਲਵਾਉਣਾ ਚਾਹੁੰਦੇ ਹਨ ਜਦੋਂ ਸੂਬੇ 'ਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਮਹਾਮਾਰੀ ਕਾਰਨ ਅਕਾਲੀ ਇਕ ਦਿਨ ਦੇ ਵਿਧਾਨ ਸਭਾ ਸੈਸ਼ਨ 'ਚ ਆਏ ਨਹੀਂ ਤਾਂ ਉਹ ਪੂਰੇ ਸੈਸ਼ਨ 'ਚ ਕਿਵੇਂ ਮੌਜੂਦ ਰਹਿ ਸਕਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸ ਦੇ ਕਈ ਵਿਧਾਇਕਾਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੇ ਬਾਵਜੂਦ ਸੰਵਿਧਾਨਿਕ ਜ਼ਿੰਮੇਵਾਰੀ ਨਿਭਾਉਣ ਲਈ ਉਹ ਖੁਦ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਹਾਜ਼ਰੀ ਦਰਜ ਕਰਵਾਈ। ਅਜਿਹਾ ਹੀ ਹੋਰ ਸੂਬਿਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਹਰਿਆਣਾ ਨੇ ਪਹਿਲੇ 3 ਦਿਨ ਦਾ ਸੈਸ਼ਨ ਬੁਲਾਇਆ ਸੀ ਪਰ ਮਹਾਮਾਰੀ ਕਾਰਨ ਇਕ ਹੀ ਦਿਨ 'ਚ ਸਮੇਟ ਦਿੱਤਾ। ਅਜਿਹੇ 'ਚ ਅਕਾਲੀ ਦਲ ਦੱਸੇ ਕਿ ਕੀ ਉਨ੍ਹਾਂ ਦੀ ਸਮਰਥਕ ਭਾਜਪਾ ਦੀ ਹਰਿਆਣਾ ਸਰਕਾਰ ਨੇ ਵੀ ਵਿਧਾਨ ਸਭਾ ਸੈਸ਼ਨ ਨੂੰ ਸੀਮਤ ਕਰ ਕੇ ਗ਼ੈਰ-ਲੋਕਤੰਤਰਿਕ ਕੰਮ ਕੀਤਾ ਹੈ। ਅਕਾਲੀ ਦਲ ਨੇ ਮਹਾਮਾਰੀ 'ਤੇ ਸਿਆਸਤ ਕਰ ਕੇ ਗੰਦੀ ਸਿਆਸਤ ਦਾ ਇਕ ਹੋਰ ਅਧਿਆਏ ਰੱਚ ਦਿੱਤਾ ਹੈ।