ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ’ਤੇ ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਦਾ ਕਬਜ਼ਾ

ਸਵਾ ਲੱਖ ਦਾ ਇਨਾਮ ਫੁੰਡਿਆ

ਦੂਜੇ ਸਥਾਨ 'ਤੇ ਆਏ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ 1 ਲੱਖ  

ਕਬੱਡੀ ਕੋਚ ਮੇਜਰ ਸਿੰਘ ਸਹੇੜੀ ਨੂੰ ਮੋਟਰ ਸਾਈਕਲ ਭੇਟ
ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ 32-28 ਨਾਲ ਹਰਾ ਕੇ 1.25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ 9ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤ ਲਿਆ। ਦੂਜੇ ਸਥਾਨ 'ਤੇ ਰਹੀ ਟੀਮ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ। ਟੂਰਨਾਮੈਂਟ ਵਿੱਚ ਸ਼੍ਰੋਮਣੀ ਕਮੇਟੀ ਦੇ ਹੀ ਦੋ ਖਿਡਾਰੀ ਭਿੰਦੂ ਦੁਤਾਲ ਬੈਸਟ ਧਾਵੀ ਅਤੇ ਗੋਪੀ ਮਾਣਕੀ ਬੈਸਟ ਜਾਫੀ ਐਲਾਨੇ ਗਏ, ਜਿਨ੍ਹਾਂ ਨੂੰ 11-11 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਹਰਮਨ ਖੱਟੜਾ ਸਪੋਰਟਸ ਅਤੇ ਵੈਲਫ਼ੇਅਰ ਕਲੱਬ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਪੁੱਜੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੂਟਾ ਸਿੰਘ ਆਈ.ਆਰ.ਐਸ (ਸੇਵਾ ਮੁਕਤ) ਨੇ ਕਰਵਾਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਲੱਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ ਖੱਟੜਾ ਵੱਲੋਂ ਪਿਛਲੇ ਕਰੀਬ ਇੱਕ ਦਹਾਕੇ ਤੋਂ ਪੇਸ਼ੇਵਾਰਾਨਾ ਢੰਗ ਨਾਲ ਕਰਵਾਏ ਗਏ ਜਾ ਰਹੇ ਟੂਰਨਾਮੈਂਟ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਲਮੇਘ ਸਿੰਘ ਖੱਟੜਾ ਦਾ ਖੇਡਾਂ ਖਾਸਕਰ ਕਬੱਡੀ ਨਾਲ ਪਿਆਰ ਅਜੋਕੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਣਾਸਰੋਤ ਹੈ। ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੈਚਾਂ ਵਿੱਚ ਅੱਠ ਚੋਟੀ ਦੀਆਂ ਕਬੱਡੀ ਟੀਮਾਂ ਆਪਸ ਵਿੱਚ ਭਿੜੀਆਂ, ਜਿਨ੍ਹਾਂ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਅੰਬੀ ਅਮਨ ਕਬੱਡੀ ਕਲੱਬ ਹਠੂਰ ਨੂੰ 35-16 ਨਾਲ ਹਰਾਇਆ ਜਦਕਿ ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਹਰਦੀਪ ਕਬੱਡੀ ਕਲੱਬ ਜਗਰਾਉਂ ਨੂੰ 30-25 ਨਾਲ, ਚੜ੍ਹਦੀ ਕਲਾ ਯੂਥ ਕਬੱਡੀ ਕਲੱਬ ਜਲੰਧਰ ਨੇ ਸ਼ਹੀਦ ਬਚਿੱਤਰ ਸਿੰਘ ਕਬੱਡੀ ਕਲੱਬ ਘੱਗਾ ਨੂੰ 33-24 ਅਤੇ ਬੇਹੱਦ ਫਸਵੇਂ ਮੁਕਾਬਲੇ ਵਿੱਚ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਤੇ ਦਸਮੇਸ਼ ਕਬੱਡੀ ਕਲੱਬ ਕਾਲਖ ਦੀ ਸਾਂਝੀ ਟੀਮ ਨੇ ਸ਼ਹੀਦ ਭਗਤ ਸਿੰਘ ਅਕੈਡਮੀ ਬਰਨਾਲਾ ਨੂੰ 35-27 ਦੇ ਫ਼ਰਕ ਨਾਲ ਹਰਾ ਕੇ ਸੈਮੀਫ਼ਾਈਨਲ ਵਿੱਚ ਥਾਂ ਬਣਾਈ। ਇਸੇ ਤਰ੍ਹਾਂ ਸੈਮੀਫ਼ਾਈਨਲ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਚੜ੍ਹਦੀ ਕਲਾ ਯੂਥ ਕਬੱਡੀ ਕਲੱਬ ਜਲੰਧਰ ਨੂੰ 33-18 ਅੰਕਾਂ ਨਾਲ ਹਰਾਇਆ ਜਦਕਿ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਤੇ ਦਸਮੇਸ਼ ਕਬੱਡੀ ਕਲੱਬ ਕਾਲਖ ਦੀ ਸਾਂਝੀ ਟੀਮ ਨੂੰ 31-29 ਨਾਲ ਹਰਾ ਕੇ ਫ਼ਾਈਨਲ ਮੁਕਾਬਲੇ ਵਿੱਚ ਥਾਂ ਬਣਾਈ। ਟੂਰਨਾਮੈਂਟ ਦੌਰਾਨ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਸ਼ੋਅ ਮੈਚ ਵੀ ਕਰਵਾਏ ਗਏ, ਜਿਸ ਵਿੱਚ ਸੀਂਹਾ ਦੌਦ ਦੀ ਟੀਮ ਨੇ ਕੱਲਰ ਭੈਣੀ ਪਟਿਆਲਾ ਦੀ ਟੀਮ ਨੂੰ 15-12 ਦੇ ਫ਼ਰਕ ਨਾਲ ਹਰਾਇਆ। ਇਸੇ ਦੌਰਾਨ ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਕੋਚ ਮੇਜਰ ਸਿੰਘ ਸਹੇੜੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੂਟਾ ਸਿੰਘ ਆਈ.ਆਰ.ਐਸ (ਸੇਵਾ ਮੁਕਤ), ਸੁਰਿੰਦਰ ਸਿੰਘ ਆਈ.ਏ.ਐਸ (ਸੇਵਾ ਮੁਕਤ), ਪ੍ਰਤਾਪ ਸਿੰਘ ਚੀਫ਼ ਐਚ.ਡੀ.ਐਫ.ਸੀ. ਬੈਂਕ. ਪਰਮਜੀਤ ਸਿੰਘ ਸ਼ਾਹੀ, ਭੁਪਿੰਦਰ ਸਿੰਘ, ਰਣਜੀਤ ਸਿੰਘ ਖੰਨਾ, ਮਨਸ਼ਾ ਸਿੰਘ ਮਲਕਪੁਰ, ਦਰਸ਼ਨ ਸਿੰਘ ਮਾਣਕੀ, ਵਿਸ਼ਾਲ ਬੌਬੀ, ਗੁਰਦੀਪ ਸਿੰਘ ਨੀਟਾ, ਰਾਕੇਸ਼ ਸ਼ਰਮਾ, ਜਿਊਣ ਸਿੰਘ ਲਿਬੜਾ, ਸੁਖਵਿੰਦਰ ਸਿੰਘ ਸੁੱਖੀ, ਸੁੱਚਾ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਸ਼ੇਰਗਿੱਲ, ਹਰਪ੍ਰੀਤ ਸਿੰਘ ਗਰੇਵਾਲ, ਰਣਵੀਰ ਸਿੰਘ ਕਾਕਾ, ਕੇਸਰ ਸਿੰਘ ਅਤੇ ਚੇਤੰਨ ਸਿੰਘ ਕਾਨੂੰਨਗੋ (ਸੇਵਾ ਮੁਕਤ), ਪ੍ਰਿੰਸੀਪਲ ਤਰਸੇਮ ਬਾਹੀਆ, ਕਬੱਡੀ ਪ੍ਰਮੋਟਰ ਰਣਜੀਤ ਸਿੰਘ ਖੱਟੜਾ, ਹਰਮਨਪ੍ਰੀਤ ਸਿੰਘ ਖੱਟੜਾ ਹਾਜ਼ਰ ਸਨ।