You are here

ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ

ਡਿਪਟੀ ਕਮਿਸ਼ਨਰ ਵੱਲੋਂ ਗਵਰਨਿੰਗ ਕੌਂਸਲ ਦੀ ਸਥਾਪਨਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਲਾਭ ਵੱਧ ਤੋਂ ਵੱਧ ਨੌਜਵਾਨਾਂ ਤੱਕ ਪਹੁੰਚਾਉਣ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਗਵਰਨਿੰਗ ਕੌਂਸਲ ਦੀ ਸਥਾਪਨਾ ਕਰ ਦਿੱਤੀ ਗਈ ਹੈ। ਸਥਾਨਕ ਬਿਊਰੋ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਗਵਰਨਿੰਗ ਕੌਂਸਲ ਮੈਂਬਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਸੀ. ਈ. ਓ. ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਵੀ ਸ਼ਿਰਕਤ ਕੀਤੀ। ਗਵਰਨਿੰਗ ਕੌਂਸਲ ਵਿੱਚ ਸ਼ਾਮਿਲ ਕੀਤੇ ਗਏ ਅਧਿਕਾਰੀਆਂ ਵਿੱਚ ਰੋਜ਼ਗਾਰ ਵਿਭਾਗ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਰਾਜਨ ਸ਼ਰਮਾ, ਬਿਊਰੋ ਦੇ ਡਿਪਟੀ ਸੀ. ਈ. ਓ. ਨਵਦੀਪ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ, ਪ੍ਰਿੰਸੀਪਲ ਸਰਕਾਰੀ ਆਈ. ਟੀ. ਆਈ., ਸਹਾਇਕ ਕਮਿਸ਼ਨਰ ਲੇਬਰ, ਡਾਇਰੈਕਟਰ ਪੇਂਡੂ ਸਵੈ-ਰੋਜ਼ਗਾਰ ਸਿਖ਼ਲਾਈ ਸੰਸਥਾ, ਜ਼ਿਲਾ ਮੈਨੇਜਰ ਲੀਡ ਬੈਂਕ, ਜ਼ਿਲਾ ਮੁੱਖੀ ਬੀ. ਸੀ. ਕਾਰਪੋਰੇਸ਼ਨ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ, ਡਾ. ਨਿੱਧੀ ਸਿੰਘੀ ਕਰੀਅਰ ਕਾਊਂਸਲਰ ਅਤੇ ਪਲੇਸਮੈਂਟ ਅਫ਼ਸਰ ਘਣਸ਼ਿਆਮ ਰੱਖੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਾਊਂਸਲ ਦੇ ਮੈਂਬਰਾਂ ਨੂੰ ਬਿਊਰੋ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂਕਿ ਪਲੇਸਮੈਂਟ ਕੈਂਪ, ਸਰਕਾਰੀ ਨੌਕਰੀਆਂ ਦੀ ਟ੍ਰੇਨਿੰਗ ਲਈ ਫਰੀ ਕੋਚਿੰਗ, ਕਰੀਅਰ ਕਾਊਂਸਲਿੰਗ, ਆਪਣੀ ਗੱਡੀ ਆਪਣਾ ਰੋਜ਼ਗਾਰ, ਸਵੈ-ਰੋਜ਼ਗਾਰ ਅਤੇ ਲੋਨ ਸੁਵਿਧਾ ਬਾਰੇ ਦੱਸਿਆ ਗਿਆ ਅਤੇ ਸਾਰਿਆਂ ਨੂੰ ਬਿਊਰੋ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਨੂੰ ਕਿਹਾ ਗਿਆ। ਉਨਾਂ ਦੱਸਿਆ ਕਿ ਕਾਲਜ ਆਪਣੇ ਪਾਸ ਹੋਏ ਵਿਦਿਆਰਥੀਆਂ ਨੂੰ ਪਲੇਸਮੈਂਟ ਕੈਂਪ ਵਿੱਚ ਭੇਜ ਸਕਦੇ ਹਨ ਅਤੇ ਨੌਜਵਾਨ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਵਿਸ਼ੇਸ਼ ਤੌਰ 'ਤੇ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਤਹਿਤ ਬਿਊਰੋ ਵਿੱਚ ਫਾਰਮ ਜਮਾਂ ਕਰਵਾ ਕੇ ਸਬਸਿਡੀ ਦਾ ਫਾਇਦਾ ਲੈ ਸਕਦੇ ਹਨ।