ਪਿੰਡ ਭੂੰਦੜੀ ਦੇ ਕਿਸਾਨ ਹਰਦੀਪ ਸਿੰਘ ਨੇ ਪਿਛਲੇ 8 ਸਾਲਾਂ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ' ਚ ਹੀ ਵਾਹ ਕੇ ਵਧਾਈ ਜ਼ਮੀਨ ਦੀ ਉਪਜਾਊ ਸ਼ਕਤੀ

ਜਗਰਾਉ,  ਅਕਤੂਬਰ 2020  ( ਕੁਲਵਿੰਦਰ ਸਿੰਘ ਚੰਦੀ ) :- ਅਗਾਂਹਵਧੂ ਕਿਸਾਨ ਅਤੇ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਸੋਖੋਂ ਪਿੰਡ ਭੂੰਦੜੀ ਬਲਾਕ ਸਿੱਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲਾ ਹੈ । ਇਸ ਕਿਸਾਨ ਨੇ ਪਿਛਲੇ 8 ਸਾਲਾਂ ਤੋਂ ਫਸਲਾਂ ਦੀ ਰਹਿੰਦ - ਖੂੰਹਦ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਆਪਣੇ ਖੇਤਾਂ ਵਿੱਚ ਹੀ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ , ਕੈਮੀਕਲ ਖਾਦਾਂ ਦੀ ਵਰਤੋਂ ਘੱਟ ਕਰਕੇ ਫਸਲਾਂ ਨੂੰ ਬੀਮਾਰੀਆਂ ਤੋਂ ਬਚਾਇਆ ਅਤੇ ਚੰਗੀ ਪੈਦਾਵਾਰ ਪ੍ਰਾਪਤ ਕਰਕੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ । ਕਿਸਾਨ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਟਿਕ ਤੋਂ ਬਾਅਦ ਹੀ ਉਸਨੇ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਸ਼ੁਰੂ ਕਰ ਦਿੱਤਾ ਤੇ ਹੁਣ ਕਣਕ , ਝੋਨੇ ਦੀ ਫਸਲ ਤੋਂ ਇਲਾਵਾ ਆਲੂ ਤੇ ਮੱਕੀ ਦੀ ਵੀ ਕਾਸ਼ਤ ਕਰ ਰਿਹਾ ਹੈ । ਪੜ੍ਹਿਆ - ਲਿਖਿਆ ਹੋਣ ਕਰਕੇ ਕਿਸਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲਵਰਤਣ ਕਰਕੇ ਵਧੀਆ ਕੁਆਲਟੀ ਦੇ ਬੀਜ , ਲੋੜ ਅਨੁਸਾਰ ਕੈਮੀਕਲਜ਼ ਖਾਦਾਂ ਦੀ ਵਰਤੋਂ ਕਰਕੇ , ਫਸਲਾਂ ਦਾ ਭਰਪੂਰ ਝਾੜ ਲੈਂਦਾ ਆ ਰਿਹਾ ਹੈ । ਅਗਾਂਹਵਧੂ ਸੋਚ ਰੱਖਣ ਵਾਲੇ ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਵੀ ਉਸਨੇ ਕਣਕ ਦਾ ਝਾੜ ਪ੍ਰਤੀ ਏਕੜ 26 ਕੁਇੰਟਲ ਪ੍ਰਾਪਤ ਕੀਤਾ ਅਤੇ ਝੋਨੇ ਦੀ ਔਸਤਨ 38 ਕੁਇੰਟਲ ਪ੍ਰਤੀ ਏਕੜ ਪਿਛਲੇ ਸਾਲ ਪ੍ਰਾਪਤ ਕੀਤੀ । ਉਸਨੇ ਦੱਸਿਆ ਕਿ ਐਂਤਕੀ ਝੋਨੇ ਦੀ ਫਸਲ ਬਹੁਤ ਚੰਗੀ ਹੈ ਜਿਸਦਾ ਅੰਦਾਜ਼ਨ ਝਾੜ 38 ਤੋਂ 40 ਕੁਇੰਟਲ ਪ੍ਰਤੀ ਏਕੜ ਆਵੇਗਾ । ਐਤਕੀ ਉਸਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਡਾ.ਸ਼ਰਨਜੀਤ ਸਿੰਘ ਮੰਡ ਨਾਲ ਤਾਲਮੇਲ ਕਰਕੇ ਝੋਨੇ ਦੀ ਸਿੱਧੀ ਬਿਜਾਈ ਲੱਗਭਗ 6.5 ਏਕੜ ਕੀਤੀ ਹੈ , ਜਿਸ ਵਿੱਚ ਕੋਈ ਨਦੀਨ ਨਹੀ , ਫਸਲ ਇੱਕ ਸਾਰ ਹੈ ਅਤੇ ਕੋਈ ਬਿਮਾਰੀ ਵੀ ਨਹੀਂ ਪਈ । ਕਿਸਾਨ ਨੇ ਅੱਗੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਰਾਹੀ ਜਿੱਥੇ ਪਾਣੀ ਦੀ 50 ਪ੍ਰਤੀਸ਼ਤ ਬੱਚਤ ਹੋਈ , ਸਮੇਂ ਦੀ ਬੱਚਤ , ਲੇਬਰ ਦੀ ਬੱਚਤ ਦੇ ਨਾਲ - ਨਾਲ ਫਸਲ ਦਾ ਝਾੜ ਵੀ ਚੰਗਾ ਪ੍ਰਾਪਤ ਹੋਣ ਦੀ ਉਮੀਦ ਹੈ । ਕਿਸਾਨ ਨੇ ਆਪਣਾ ਨਿੱਜੀ ਤਜ਼ਰਬਾ ਸਾਂਝਾ ਕਰਦਿਆਂ ਦੱਸਿਖਿਆ ਕਿ ਖੇਤੀਬਾੜੀ ਕਿੱਤਾ ਕੋਈ ਘਾਟੇ ਵਾਲਾ ਵਣਜ ਨਹੀਂ ਹੈ , ਲੋੜ ਹੈ ਇਸ ਨੂੰ ਸਹੀ ਢੰਗ ਨਾਲ ਕਰਨ ਦੀ । ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਕੇ ਲੋੜ ਤੇ ਸਿਫਾਰਸ਼ ਕੀਤੇ ਅਨੁਸਾਰ ਖਾਦ , ਬੀਜ , ਕੀੜੇਮਾਰ ਜਹਿਰਾਂ ਦੀ ਵਰਤੋਂ ਕੀਤੀ ਜਾਵੇ ਜਿਸ ਨਾਲ ਖਰਚਾ ਘੱਟਦਾ ਹੈ ਤੇ ਆਮਦਨੀ ਵੱਧਦੀ ਹੈ । ਹਰਦੀਪ ਸਿੰਘ ਦੀ 10 ਏਕੜ ਮਾਲਕੀ ਅਤੇ 25 ਏਕੜ ਠੇਕੇ ' ਤੇ ਜ਼ਮੀਨ ਲੈ ਕੇ ਖੁਦ ਆਪਣੀ ਹਾਜ਼ਰੀ ਵਿੱਚ ਲੇਬਰ ਤੋਂ ਕੰਮ ਕਰਵਾਉਦਾ ਹੈ , ਜਿਸ ਸਦਕਾ ਚੰਗਾ ਝਾੜ ਪ੍ਰਾਪਤ ਹੁੰਦਾ ਹੈ । ਹਰਦੀਪ ਸਿੰਘ ਨੇ ਕਿਹਾ ਕਿ ਫਸਲਾਂ ਦੀ ਰਹਿੰਦ - ਖੂੰਹਦ ਖੇਤਾਂ ਵਿੱਚ ਸਮੇਟਣ ਲਈ ਸਰਕਾਰ ਵੱਲੋ ਮਸ਼ੀਨਰੀ ਤੇ ਅਲੱਗ - ਅਲੱਗ ਸਮੇਂ ਦਿੱਤੀ ਗਈ ਸਬਸਿਡੀ ' ਤੇ ਮਲਚਰ , ਲੇਜ਼ਰ ਲੈਵਲਰ , ਸਟਰਾਅ ਰੀਪਰ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਕਿਸਾਨ ਕੋਲ ਹੋਰ ਮਸ਼ੀਨਰੀ ਦੇ ਸੰਦ ਜਿਵੇਂ ਐਮ.ਬੀ. ਪਲਾਉ , ਰੋਟਾਵੇਟਰ , ਹਲ , ਟ੍ਰੈਕਟਰ ( 3 ) , ਸੁਹਾਗਾ , ਟਰਾਲੀ ਆਦਿ ਵੀ ਹਨ । ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਯੁਕਤ ਕੰਬਾਈਨ ਨਾਲ ਕਟਵਾਉਣ ਤੋਂ ਬਾਅਦ ਮਲਚਰ ਚਲਾ ਕੇ ਐਮ.ਬੀ.ਪਲਾਉ ਚਲਾ ਕੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਦਿੰਦਾ ਹੈ ਤੇ ਸੀਡ ਡਰਿੱਲ ਰਾਹੀ ਕਣਕ ਦੀ ਬੀਜਾਈ ਕਰਦਾ ਹੈ । ਇਸ ਪੂਰ ਪ੍ਰੋਸੈਸ ਲਈ ਡੀਜ਼ਲ ਖਰਚਾ 2000 ਤੋਂ 2200 ਰੁਪਏ ਪ੍ਰਤੀ ਏਕੜ ਆਉਂਦਾ ਹੈ । ਇਸ ਤੋਂ ਇਲਾਵਾ ਕਿਸਾਨ ਔਰਗੈਨਿਕ ਖੇਤੀ ਵੀ ਕਰਦਾ ਹੈ ਤੇ ਨਾਲ ਘਰ ਦੇ ਦੁੱਧ ਲਈ ਪਸ਼ੂ ਵੀ | ਰੱਖੇ ਹਨ । ਸਾਰਾ ਪਰਿਵਾਰ ਸਾਦਾ ਜੀਵਨ ਬਤੀਤ ਕਰਦਾ ਹੈ ਤੇ ਗੁਰਸਿੱਖੀ ਦਾ ਧਾਰਨੀ ਹੈ । ਇਹ ਕਿਸਾਨ ਭੂੰਦੜੀ ਇਲਾਕੇ ਵਿੱਚ ਹੋਰ ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਹੈ ।