ਮੀਟਿੰਗ ’ਚ ਨਾ ਜਾਣ ਦੇ ਰੋਸ ਵਜੋਂ ਬੈਂਸ ਭਰਾਵਾਂ ਵੱਲੋਂ ਪੰਜਾਬ ਭਵਨ ਦੇ ਬਾਹਰ ਪ੍ਰਦਰਸ਼ਨ

ਚੰਡੀਗੜ੍ਹ-ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਬੁਲਾਈ ਗਈ ਸਰਬ-ਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਸੱਦਾ ਨਹੀਂ ਦਿੱਤਾ ਗਿਆ। ਪੰਜਾਬ ਭਵਨ ’ਚ ਮੀਟਿੰਗ ਦੌਰਾਨ ਜਦੋਂ ਪਾਰਟੀ ਦੇ ਵਿਧਾਇਕਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਅੰਦਰ ਜਾਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਦੋਵੇਂ ਭਰਾਵਾਂ ਨੂੰ ਰੋਕ ਦਿੱਤਾ। ਉਨ੍ਹਾਂ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਚੁਣੇ ਨੁਮਾਇੰਦਿਆਂ ਦੀ ਹੱਤਕ ਕਰਾਰ ਦਿੱਤਾ।ਦਿਲਚਸਪ ਗੱਲ ਇਹ ਸੀ ਕਿ ਰਾਜ ਸਰਕਾਰ ਵਲੋਂ ਸੀ. ਪੀ. ਆਈ., ਸੀ. ਪੀ. ਆਈ. ਐਮ., ਬਸਪਾ, ਤਿ੍ਣਮੂਲ ਕਾਂਗਰਸ ਅਤੇ ਐਮ. ਸੀ. ਪੀ. ਵਰਗੀਆਂ ਪਾਰਟੀਆਂ ਨੂੰ ਤਾਂ ਅੱਜ ਦੀ ਮੀਟਿੰਗ ਵਿਚ ਸ਼ਮੂਲੀਅਤ ਲਈ ਸੱਦਾ ਦਿੱਤਾ ਹੋਇਆ ਸੀ | ਜਿਨ੍ਹਾਂ ਦਾ ਪੰਜਾਬ 'ਚ ਇਕ ਵੀ ਵਿਧਾਇਕ ਨਹੀਂ ਹੈ, ਪਰ ਲੋਕ ਇਨਸਾਫ਼ ਪਾਰਟੀ ਜਿਸ ਦੇ 2 ਵਿਧਾਇਕ ਹਨ ਅਤੇ ਜੋ ਮਗਰਲੇ ਸਮੇਂ ਦੌਰਾਨ ਵਿਧਾਨ ਸਭਾ ਵਿਚ ਰਾਜ ਦੇ ਦਰਿਆਈ ਪਾਣੀਆਂ ਨਾਲ ਸਬੰਧਿਤ ਮੁੱਦਿਆਂ ਨੂੰ ਕਾਫ਼ੀ ਜ਼ੋਰ ਨਾਲ ਉਠਾਉਂਦੇ ਰਹੇ ਹਨ ਨੂੰ ਅੱਜ ਦੀ ਸਰਬ ਪਾਰਟੀ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਛੇ ਜਾਣ 'ਤੇ ਲੋਕ ਇਨਸਾਫ਼ ਪਾਰਟੀ ਨੂੰ ਸੱਦਾ ਨਾ ਭੇਜਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਰਕਾਰ ਵਲੋਂ ਕੇਵਲ ਚੋਣ ਕਮਿਸ਼ਨ ਵਲੋਂ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਹੀ ਅੱਜ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ |

ਲੇਕਿਨ ਇਸ ਗੱਲ ਦਾ ਉਨ੍ਹਾਂ ਕੋਈ ਜਵਾਬ ਨਾ ਦਿੱਤਾ ਕਿ ਜਿਸ ਪਾਰਟੀ ਦੇ 2 ਵਿਧਾਇਕ ਹਨ ਉਸ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ | ਲੋਕ ਇਨਸਾਫ਼ ਪਾਰਟੀ ਦੇ ਇਨ੍ਹਾਂ 2 ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਆਪਣੇ ਕੁਝ ਹੋਰ 3-4 ਅਹੁਦੇਦਾਰਾਂ ਨਾਲ ਜਦੋਂ ਮੀਟਿੰਗ ਵਿਚ ਸ਼ਮੂਲੀਅਤ ਲਈ ਪੰਜਾਬ ਭਵਨ ਵਿਖੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗੇਟ 'ਤੇ ਹੀ ਰੋਕ ਲਿਆ ਗਿਆ | ਜਿਸ ਕਾਰਨ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁਝ ਸਮਾਂ ਚੰਡੀਗੜ੍ਹ ਪੁਲਿਸ ਨਾਲ ਖਿੱਚ-ਧੂਹ ਵੀ ਹੁੰਦੀ ਰਹੀ ਅਤੇ ਬਾਅਦ ਵਿਚ ਉਹ ਉਥੇ ਹੀ ਧਰਨਾ ਲਗਾ ਕੇ ਬੈਠ ਗਏ | ਲੋਕ ਇਨਸਾਫ਼ ਪਾਰਟੀ ਜੋ ਕਿ ਮਗਰਲੇ ਕਾਫ਼ੀ ਸਮੇਂ ਤੋਂ ਰਾਜਸਥਾਨ ਸਮੇਤ ਗੁਆਂਢੀ ਰਾਜਾਂ ਤੋਂ ਦਿੱਤੇ ਗਏ ਪਾਣੀ ਦੀ ਕੀਮਤ ਵਸੂਲੇ ਜਾਣ ਦੀ ਮੰਗ ਰੱਖ ਰਹੀ ਹੈ, ਨੇ ਅੱਜ ਵੀ ਆਪਣੀ ਇਸ ਮੰਗ ਦੇ ਹੱਕ 'ਚ ਬੈਨਰ ਚੁੱਕੇ ਹੋਏ ਸਨ | ਉਨ੍ਹਾਂ ਪੰਜਾਬ ਭਵਨ ਦੇ ਬਾਹਰ ਹੀ ਆਪਣੀਆਂ ਮੰਗਾਂ ਸਬੰਧੀ ਹਾਜ਼ਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਾਫ਼ੀ ਸਮਾਂ ਨਾਅਰੇਬਾਜ਼ੀ ਵੀ ਕਰਦੇ ਰਹੇ | ਇਕ ਸਮਾਂ ਅਜਿਹਾ ਵੀ ਆਇਆ ਕਿ ਪੁਲਿਸ ਵਲੋਂ ਧਰਨੇ ਵਾਲੀ ਥਾਂ ਤੋਂ ਉਠਾਉਣ ਲਈ ਬੈਂਸ ਭਰਾਵਾਂ ਦੇ ਨਾਲ ਤਲਖੀ ਵੀ ਹੋਈ ਅਤੇ ਧੱਕਾ-ਮੱਕੀ ਦਾ ਵੀ ਉਨ੍ਹਾਂ ਨੂੰ ਸ਼ਿਕਾਰ ਹੋਣਾ ਪਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੈਂਸ ਭਰਾਵਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਉਨ੍ਹਾਂ ਦੀ ਪਾਰਟੀ ਪੰਜਾਬ ਹਿਤਾਂ ਲਈ ਜੂਝਦੀ ਰਹੇਗੀ ਭਾਵੇਂ ਉਨ੍ਹਾਂ ਨੇ ਕਿਸੇ ਵੀ ਤਸ਼ੱਦਦ ਦਾ ਸਾਹਮਣਾ ਕਰਨਾ ਪਵੇ | ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਅੱਗੇ ਆਉਣ | ਸਿਮਰਜੀਤ ਸਿੰਘ ਬੈਂਸ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅਪੀਲ ਵੀ ਕੀਤੀ ਕਿ ਉਹ ਦਿੱਲੀ ਵਲੋਂ ਪਾਣੀਆਂ ਸਬੰਧੀ ਜਿਵੇਂ ਹਿਮਾਚਲ ਪ੍ਰਦੇਸ਼ ਨੂੰ ਅਦਾਇਗੀ ਕੀਤੀ ਜਾ ਰਹੀ ਹੈ, ਉਸੇ ਤਰਜ਼ 'ਤੇ ਪੰਜਾਬ ਵਿਚ ਵੀ ਪਾਣੀਆਂ ਦੀ ਅਦਾਇਗੀ ਕਰਵਾਉਣ ਲਈ ਅੱਗੇ ਆਉਣ |

ਮੀਟਿੰਗ ਦੌਰਾਨ ਅਕਾਲੀ ਦਲ ਦੇ ਇੱਕ ਆਗੂ ਨੇ ਜਦੋਂ ਬੈਂਸ ਭਰਾਵਾਂ ਨੂੰ ਸੱਦਣ ਦੀ ਵਕਾਲਤ ਕੀਤੀ ਤਾਂ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਿਰਫ਼ ਚੋਣ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ ਹਨ। ਸਰਕਾਰੀ ਨੁਮਾਇੰਦੇ ਨੇ ਇਹ ਵੀ ਦਲੀਲ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ (1920), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਨੁਮਾਇੰਦਿਆਂ ਨੂੰ ਵੀ ਨਹੀਂ ਸੱਦਿਆ ਗਿਆ ਹੈ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਵਿਧਾਇਕ ਹੋਣ ਕਾਰਨ ਬੈਂਸ ਭਰਾਵਾਂ ਨੂੰ ਮੀਟਿੰਗ ’ਚ ਬੁਲਾਇਆ ਜਾਣਾ ਚਾਹੀਦਾ ਸੀ।