ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਵਿੱਚੋਂ ਹੀ ਲਗਾਇਆ ਜਾਵੇ

ਮਹਿਲ ਕਲਾਂ /ਬਰਨਾਲਾ-29  ਅਕਤੂਬਰ (ਗੁਰਸੇਵਕ ਸੋਹੀ)-  ਪੰਜਾਬ ਦਾ ਮੁਸਲਮਾਨ ਭਾਈਚਾਰਾ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਵਕਫ਼ ਬੋਰਡ ਸੁਰੱਖਿਅਤ ਹੱਥਾਂ ਵਿੱਚ ਨਹੀਂ ਜਿਸ ਕਰਕੇ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਵਿੱਚੋਂ ਹੀ ਲਗਾਇਆ ਜਾਵੇ ਤਾਂ ਜੋ ਮੁਸਲਮਾਨ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਹੋ ਸਕਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁਸਲਿਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਮੀਦ ਮੁਹੰਮਦ ਚੌਹਾਨਕੇ, ਹੰਸੋ ਮੁਹੰਮਦ ਬਰਨਾਲਾ, ਸਕੱਤਰ ਸੁਖਵਿੰਦਰ ਖ਼ਾਨ ਧੌਲਾ, ਸਹਾਇਕ ਸਕੱਤਰ ਡਾਕਟਰ ਕੇਸਰ ਖ਼ਾਨ,ਐਗਜ਼ੈਕਟਿਵ ਮੈਂਬਰ ਮੋਹਰ ਸ਼ਾਹ ਰਾਏਸਰ, ਪਾਲਾ ਖ਼ਾਨ ਮੁਹੰਮਦ ਤਾਜ ਚੰਨਣਵਾਲ, ਅਕਬਰ ਖਾਨ ਖਿਆਲੀ ਅਤੇ ਅਨੈਤਿਕ ਖਾਣ ਕੁਤਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਜਨਾਬ ਜੁਨੈਦ ਰਜ਼ਾ ਖਾਨ ਚੇਅਰਮੈਨ ਪੰਜਾਬ ਵਕਫ ਬੋਰਡ ਵੱਲੋਂ ਦਿੱਤੇ ਅਸਤੀਫ਼ੇ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਇਕ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਲਿਆ ਗਿਆ ਫ਼ੈਸਲਾ ਹੈ ਜਦਕਿ ਇਖ਼ਲਾਕੀ ਤੌਰ ਤੇ ਨਹੀਂ। ਪੰਜਾਬ ਦੇ ਮੁਸਲਮਾਨ ਭਾਈਚਾਰੇ ਚ ਲੰਮੇ ਸਮੇਂ ਤੋਂ ਪੰਜਾਬ ਵਕਫ ਬੋਰਡ ਚ ਇਮਾਨਦਾਰ ਤੇ ਸਾਫ ਸੁਥਰੇ ਅਕਸ ਵਾਲੇ ਅਧਿਕਾਰੀ ਦੇਖਣ ਦੀ ਤਮੰਨਾ ਹੈ ਪਰ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਹੀ ਉੱਚ ਅਹੁਦਿਆਂ ਤੇ ਤਾਇਨਾਤ ਕੀਤਾ ਜਾਂਦਾ ਸੀ, ਜਿਸ ਕਰਕੇ ਪੰਜਾਬ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਅੰਨ੍ਹੀ ਲੁੱਟ ਕੀਤੀ ਗਈ। ਸਰਕਾਰਾਂ ਦੀ ਚਹੇਤਿਆਂ ਵੱਲੋਂ ਪੰਜਾਬ ਵਕਫ ਬੋਰਡ ਦੀਆਂ ਜ਼ਮੀਨਾਂ ਨੂੰ ਮਨ ਮਰਜ਼ੀਆਂ ਰਾਹੀਂ ਪਟਿਆਂ ਤੇ ਦਿੱਤਾ ਗਿਆ ਅਤੇ ਮੁਸਲਮਾਨ ਭਾਈਚਾਰੇ ਦੀ ਰਾਇ ਤਕ ਨਹੀਂ ਜਾਣੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਮੁਸਲਮਾਨ ਭਾਈਚਾਰੇ ਦਾ ਇੱਕ ਵੱਡਾ ਅਦਾਰਾ ਹੈ ਜਿਸ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ ਤੇ ਪੰਜਾਬ ਵਕਫ ਬੋਰਡ ਚ ਵੀ ਜ਼ਿਲ੍ਹਿਆਂ ਨਾਲ ਸਬੰਧਤ ਮੈਂਬਰ ਸ਼ਾਮਲ ਕੀਤੇ ਜਾਣ, ਤਾਂ ਜੋ ਜ਼ਿਲ੍ਹਿਆਂ ਦੀ ਕੰਮਕਾਰ ਨੂੰ ਸਬੰਧਤ ਮੈਂਬਰ ਹੀ ਦੇਖ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨਾਂ ਵੱਲੋਂ ਵੱਡੀਆਂ ਧਾਂਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਅਖੀਰ ਮੁਸਲਮਾਨ ਆਗੂਆਂ ਨੇ ਐਚ ਆਰ ਮੋਫਰ ਨੂੰ ਸੂਬਾ ਪ੍ਰਧਾਨ ਤੇ ਮੁਹੰਮਦ ਹੰਸ ਮਾਨਸਾ ਖੁਰਦ ਨੂੰ ਪੰਜਾਬ ਦੇ ਚੇਅਰਮੈਨ ਲਾਏ ਜਾਣ ਦੀ ਮੰਗ ਕੀਤੀ।