ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਨਗਰ ਨਿਗਮ ਨੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ

ਨਾਜਾਇਜ਼ ਕਬਜ਼ੇ ਅਤੇ ਅਣ-ਅਧਿਕਾਰਤ ਹੋਰਡਿੰਗਜ਼ ਹਟਾਉਣ ਦੀ ਕਾਰਵਾਈ ਸ਼ੁਰੂ

ਸ਼ਹਿਰ ਦੀ ਸੁੰਦਰਤਾ ਨੂੰ ਬਹਾਲ ਰੱਖਣ ਲਈ ਸਹਿਯੋਗ ਦੇਣਕਪੂਰਥਲਾ ਵਾਸੀ-ਦੀਪਤੀ ਉੱਪਲ 

ਕਪੂਰਥਲਾ, 6 ਜਨਵਰੀ : (ਹਰਜੀਤ ਸਿੰਘ ਵਿਰਕ)

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਆਦੇਸ਼ਾਂ ’ਤੇ ਨਗਰ ਨਿਗਮ ਵੱਲੋਂ ਵਿਰਾਸਤੀ ਸ਼ਹਿਰ ਕਪੂਰਥਲਾ ਦੀ ਸੁੰਦਰਤਾ ਬਹਾਲ ਰੱਖਣ ਲਈ ਵਿਸ਼ੇਸ਼ ਸਫ਼ਾਈ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਸ਼ਹਿਰ ਦੇ ਸਾਰੇ ਵਾਰਡਾਂ, ਚੌਕਾਂ ਅਤੇ ਬਾਜ਼ਾਰਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਅਤੇ ਅਣ-ਅਧਿਕਾਰਤ ਹੋਰਡਿੰਗਜ਼ ਤੇ ਬੈਨਰ ਆਦਿ ਹਟਾਉਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਤਹਿਤ 50 ਤੋਂ ਵੱਧ ਹੋਰਡਿੰਗਜ਼ ਉਤਾਰੇ ਗਏ ਹਨ। ਇਸੇ ਤਰਾਂ ਰੋਜ਼ਾਨਾ ਕੂੜਾ ਚੁਕਵਾਉਣ ਅਤੇ  ਸੜਕ ਦੇ ਬਰਮਾਂ ਅਤੇ ਗਰੀਨ ਬੈਲਟ ਦੀ ਰੋਜ਼ਾਨਾ ਸਫ਼ਾਈ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।   ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੂੰ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਹਨ, ਤਾਂ ਜੋ ਰੋਜ਼ਾਨਾ ਪੈਦਾ ਹੋ ਰਹੀਆਂ ਟ੍ਰੈਫਿਕ ਅਤੇ ਹੋਰਨਾਂ ਸਮੱਸਿਆਵਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਈ ਜਾ ਸਕੇ। ਉਨਾਂ ਕਿਹਾ ਕਿ ਸਰਕਾਰੀ ਇਮਾਰਤਾਂ ਜਾਂ ਜਨਤਕ ਜਾਇਦਾਦਾਂ ’ਤੇ ਅਣ-ਅਧਿਕਾਰਤ ਹੋਰਡਿੰਗਜ਼, ਪੋਸਟਰ ਜਾਂ ਬੈਨਰ ਲਗਾਉਣੇ ਜਾਂ ਕੰਧਾਂ ’ਤੇ ਲਿਖਣਾ ਕਾਨੂੰਨੀ ਅਪਰਾਧ ਹੈ। ਉਨਾਂ ਹਦਾਇਤ ਕੀਤੀ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ‘ਪੰਜਾਬ ਪ੍ਰੀਵੈਨਸ਼ਨ ਆਫ ਡਿਫੇਸਮੈਂਟ ਆਫ ਪ੍ਰਾਪਰਟੀ ਐਕਟ’ ਅਧੀਨ ਨੋਟਿਸ ਜਾਰੀ ਕੀਤੇ ਜਾਣ। ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਪੂਰਥਲਾ ਨੂੰ ਸਾਫ਼-ਸੁਥਰਾ ਰੱਖਣ ’ਚ ਪ੍ਰਸ਼ਾਸਨ ਦਾ ਸਹਿਯੋਗ ਕਰਨ।