ਬਲਾਤਕਾਰ ਕੇਸਾਂ ’ਚ ਦੋਸ਼ ਸਾਬਤ ਹੋਣ ਦੀ ਦਰ 32 ਫੀਸਦ

‘ਨਿਰਭਯਾ’ ਦੇ ਮਾਤਾ ਪਿਤਾ ਨੂੰ ਅੱਜ ਵੀ ਆਪਣੀ ਧੀ ਲਈ ਸਮਾਂਬੱਧ ਨਿਆਂ ਦੀ ਉਡੀਕ

ਸੱਤ ਸਾਲ ਪਹਿਲਾਂ ਵਾਪਰੇ ਨਿਰਭਯਾ ਕਾਂਡ ਮਗਰੋਂ ਦਿੱਲੀ ਨੂੰ ‘ਰੇਪ ਕੈਪੀਟਲ’ ਆਖਿਆ ਜਾਣ ਲੱਗਾ 

ਸ਼ੂਟਰ ਵਰਤਿਕਾ ਸਿੰਘ ਨੇ ਖ਼ੂਨ ਨਾਲ ਲਿਖੇ ਪੱਤਰ ਵਿੱਚ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਮੁਜਰਮਾਂ ਨੂੰ ਫ਼ਾਂਹੇ ਟੰਗਣ ਦਾ ਮੌਕਾ ਦਿੱਤਾ ਜਾਵੇ

ਨਵੀਂ ਦਿੱਲੀ,ਦਸੰਬਰ  2019-(ਏਜੰਸੀ)  

ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਸੱਤ ਸਾਲਾਂ ਮਗਰੋਂ ਵੀ ਦੇਸ਼ ਵਿੱਚ ਜਬਰਜਨਾਹ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਦੀ ਦਰ 32.2 ਫੀਸਦ ਹੈ। ਇਸ ਘਟਨਾ ਮਗਰੋਂ ਜਿਨਸੀ ਅਪਰਾਧਾਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਬਲਾਤਕਾਰ ਦੇ ਕੇਸਾਂ ਵਿੱਚ ਦੋਸ਼ ਸਾਬਤ ਹੋਣ ਦੀ ਦਰ ਘੱਟ ਹੈ। ਐੱਨਆਰਸੀਬੀ ਵੱਲੋਂ ਸਾਲ 2017 ਲਈ ਜਾਰੀ ਅੰਕੜਿਆਂ ਮੁਤਾਬਕ ਉਸ ਸਾਲ ਬਲਾਤਕਾਰ ਦੇ ਕੁੱਲ ਕੇਸਾਂ ਦੀ ਗਿਣਤੀ 1,46,201 ਸੀ, ਪਰ ਇਨ੍ਹਾਂ ਵਿੱਚੋਂ ਮਹਿਜ਼ 5,822 ਮੁਲਜ਼ਮਾਂ ਨੂੰ ਦੋਸ਼ੀ ਪਾਇਆ ਗਿਆ। ਇਹ ਅੰਕੜੇ ਦਰਸਾਉਂਦੇ ਹਨ ਕਿ 2017 ਵਿੱਚ ਬਲਾਤਕਾਰ ਦੇ ਕੇਸਾਂ ਵਿੱਚ ਦੋਸ਼ ਪੱਤਰ ਦਾਖ਼ਲ ਕਰਨ ਦੀ ਦਰ ਘਟ ਕੇ 86.4 ਫੀਸਦ ਰਹਿ ਗਈ ਹੈ, ਜੋ 2013 ਵਿੱਚ 95.4 ਫੀਸਦ ਸੀ। ਅਲਵਰ ਬਲਾਤਕਾਰ ਕੇਸ ਵਿੱਚ ਬਚਾਅ ਪੱਖ ਦੀ ਵਕੀਲ ਸ਼ਿਲਪੀ ਜੈਨ ਨੇ ਕਿਹਾ ਕਿ ਜਬਰ ਜਨਾਹ ਕੇਸਾਂ ਦੀ ਜਾਂਚ ਕਰਨ ਵਾਲੇ ਪੁਲੀਸ ਦੇ ਖੇਤਰੀ ਮੁਲਾਜ਼ਮਾਂ ਨੂੰ ਵਧੇਰੇ ਕੁਸ਼ਲ ਬਣਾਉਣ ਦੀ ਲੋੜ ਹੈ। ਇਸ ਕੇਸ ਵਿੱਚ ਉੜੀਸਾ ਪੁਲੀਸ ਦੇ ਸਾਬਕਾ ਡੀਜੀਪੀ ਬੀ.ਬੀ.ਮੋਹੰਤੀ ਦੇ ਪੁੱਤਰ ਬਿੱਟੀ ਮੋਹੰਤੀ ਨੇ ਇਕ ਵਿਦੇਸ਼ੀ ਸੈਲਾਨੀ ਨਾਲ ਜਬਰ ਜਨਾਹ ਕੀਤਾ ਸੀ।

‘ਨਿਰਭਯਾ’ ਦੇ ਮਾਤਾ ਪਿਤਾ ਨੂੰ ਅੱਜ ਵੀ ਆਪਣੀ ਧੀ ਲਈ ਸਮਾਂਬੱਧ ਨਿਆਂ ਦੀ ਉਡੀਕ ਹੈ। ਸੱਤ ਸਾਲ ਪਹਿਲਾਂ ਵਾਪਰੇ ਨਿਰਭਯਾ ਕਾਂਡ ਮਗਰੋਂ ਦਿੱਲੀ ਨੂੰ ‘ਰੇਪ ਕੈਪੀਟਲ’ ਆਖਿਆ ਜਾਣ ਲੱਗਾ ਸੀ, ਪਰ ਉਹਦੇ ਮਾਤਾ-ਪਿਤਾ ਮੰਨਦੇ ਹਨ ਕਿ ਇਹ ਇਕੱਲੀ ਕੌਮੀ ਰਾਜਧਾਨੀ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ। ਨਿਰਭਯਾ ਦੀ ਮਾਂ ਨੇ ਕਿਹਾ, ‘ਦਿੱਲੀ ਨੇ ਸਾਡਾ ਸਭ ਕੁਝ ਖੋਹ ਲਿਆ, ਪਰ ਅਸੀਂ ਦਿੱਲੀ ਨਾਲ ਨਫ਼ਰਤ ਨਹੀਂ ਕਰ ਸਕਦੇ, ਕਿਉਂਕਿ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤੁਸੀਂ ਪੂਰੀ ਦੁਨੀਆਂ ਨਾਲ ਨਫ਼ਰਤ ਨਹੀਂ ਕਰ ਸਕਦੇ।’

ਸ਼ੂਟਰ ਵਰਤਿਕਾ ਸਿੰਘ ਨੇ ਖ਼ੂਨ ਨਾਲ ਲਿਖੇ ਪੱਤਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਮੁਜਰਮਾਂ ਨੂੰ ਫ਼ਾਂਹੇ ਟੰਗਣ ਦਾ ਮੌਕਾ ਦਿੱਤਾ ਜਾਵੇ। ਸਿੰਘ ਨੇ ਕਿਹਾ, ‘ਉਸ ਨੇ ਪੱਤਰ ਵਿੱਚ ਨਿਰਭਯਾ ਕੇਸ ਦੇ ਮੁਜਰਮਾਂ ਨੂੰ ਫ਼ਾਹੇ ਟੰਗਣ ਦੀ ਇਜਾਜ਼ਤ ਮੰਗੀ ਹੈ। ਇਸ ਨਾਲ ਭਾਰਤ ਵਿੱਚ ਔਰਤਾਂ ਨੂੰ ਦੇਵੀ ਵਜੋਂ ਵੇਖਣ ਦੇ ਸੰਕਲਪ ਨੂੰ ਬਲ ਮਿਲੇਗਾ। ਇਹ ਸੁਨੇਹਾ ਪੂਰੀ ਦੁਨੀਆ ਨੂੰ ਜਾਣਾ ਚਾਹੀਦਾ ਹੈ। ਬਲਾਤਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਔਰਤ ਉਨ੍ਹਾਂ ਨੂੰ ਫਾਹੇ ਟੰਗ ਸਕਦੀ ਹੈ।’ ਸਿੰਘ ਨੇ ਵੱਖ ਵੱਖ ਖੇਤਰਾਂ ’ਚ ਸਰਗਰਮ ਔਰਤਾਂ ਤੋਂ ਹਮਾਇਤ ਮੰਗੀ ਹੈ। ਇਸ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਈ ਪੱਤਰ ਮਿਲੇ ਹਨ, ਜਿਸ ਵਿੱਚ ਲੋਕਾਂ ਨੇ ਸਵੈ-ਇੱਛਾ ਨਾਲ ਜੱਲਾਦ ਦੀ ਭੂਮਿਕਾ ਨਿਭਾਉਣ ਦੀ ਗੁਜ਼ਾਰਿਸ਼ ਕੀਤੀ ਹੈ।