ਪੰਜਾਬੀ ਸਾਹਿਤ ਦੀ ਫੁਲਵਾੜੀ ਲਈ 27 ਜੂਨ 1919 ਦਾ ਨੂੰ ਦਿਨ ਭਾਗਾਂ ਭਰਿਆ ਸੀ। ਇਸ ਦਿਨ ਪਿਤਾ ਸ. ਮਾਹਲਾ ਸਿੰਘ ਗਿੱਲ ਤੇ ਮਾਤਾ ਹਰਨਾਮ ਕੌਰ ਦੇ ਘਰ ਢੁੱਡੀਕੇ ਪਿੰਡ ਦੀ ਕਪੂਰਾ ਪੱਤੀ ਵਿੱਚ ਜਸਵੰਤ ਸਿੰਘ ਦਾ ਜਨਮ ਹੋਇਆ। ਜਿਸ ਨੇ ਬਾਅਦ ਵਿੱਚ ਪੰਜਾਬੀ ਸਾਹਿਤ ਦੀ ਫੁਲਵਾੜੀ ਨੂੰ 'ਕੰਵਲ' ਬਣਕੇ ਮਹਿਕਾਇਆ।
ਸਿੱਖਿਆ ਤੇ ਰੁਜਗਾਰ:-
ਕੰਵਲ ਨੇ ਆਪਣੀਆਂ ਮੁਢਲੀਆਂ ਚਾਰ ਜਮਾਤਾਂ ਪਿੰਡੋਂ ਪੜ੍ਹ ਕੇ ਅਗਲੇਰੀ ਸਕੂਲੀ ਪੜ੍ਹਾਈ ਚੂਹੜਚੱਕ ਅਤੇ ਮੋਗੇ ਤੋਂ ਕੀਤੀ ਪਰ ਦਸਵੀਂ ਪਾਸ ਨਾ ਕਰ ਸਕਿਆ। ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਕੰਵਲ ਮਲਾਇਆ ਚਲਾ ਗਿਆ। ਜਿੱਥੇ ਉਹਦੇ ਮੁਹੱਬਤੀ ਕਿੱਸੇ ਦਾ ਅਰੰਭ ਵੀ ਹੋਇਆ ਤੇ ਉਹ ਕਿੱਸੇ ਦੀ ਮੁਹੱਬਤ ਕਿਸੇ ਕਾਰਨ ਉਮਰ ਭਰ ਦੇ ਸਾਥ ਵਿੱਚ ਨਾ ਵਟ ਸਕੀ। ਜਿਸਦਾ ਜਿਕਰ ਉਹਨਾਂ ਨੇ ‘ਚਿੱਕੜ ਦੇ ਕੰਵਲ’ ਪੁਸਤਕ ਦੀ ਕਹਾਣੀ ‘ਪਹਿਲੀ ਮੁਹੱਬਤ’ ਵਿੱਚ ਕੀਤਾ। ਕਲਮ ਨੂੰ ਲਿਖਣ ਦੀ ਚੇਟਕ ਉਹਨਾਂ ਨੂੰ ਮਲਾਇਆ ਦੇ ਇਸ ਮਾਹੌਲ ਤੋਂ ਹੀ ਮਿਲ਼ੀ ਸੀ। ਇਸੇ ਕਰਕੇ ਉਹ ਆਪਣੀ ਲਿਖਣ ਕਲਾ ਨੂੰ 'ਮਲਾਇਆ ਦੀ ਸੌਗਾਤ' ਹੋਣ ਦਾ ਮਾਣ ਬਖ਼ਸ਼ਦੇ ਹਨ।
ਮਲਾਇਆ ਵਿੱਚ ਰਹਿੰਦੇ ਸਮੇਂ ਰੋਜ਼ੀ ਰੋਟੀ ਲਈ ਉੱਥੇ ਚੌਕੀਦਾਰੀ ਵੀ ਕੀਤੀ। ਲਗਪਗ ਤਿੰਨ ਸਾਲ ਮਲਾਇਆ ਵਿੱਚ ਰਹਿਕੇ ਫਿਰ ਆਪਣੇ ਪਿੰਡ ਢੁੱਡੀਕੇ ਮੁੜ ਆ ਵਸੇ। ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਉਨ੍ਹਾਂ ਨੇ ਹਲ ਵੀ ਵਾਹਿਆ।
ਇਸ ਤੋਂ ਇਲਾਵਾ ਬਾਅਦ ਵਿੱਚ 'ਸੱਚ ਨੂੰ ਫਾਂਸੀ' ਨਾਵਲ ਦੀ ਬਦੌਲਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਰਾਮਦਾਸ ਦੀ ਨਗਰੀ ਵਿੱਚ 90 ਰੂਪੈ ਪ੍ਰਤਿ ਮਹੀਨਾ ਕਲਰਕੀ ਦੀ ਨੌਕਰੀ ਮਿਲ਼ਨ ਦਾ ਸਬੱਬ ਬਣਿਆ। ਇਸ ਨੌਕਰੀ ਦੌਰਾਨ ਉਹਨਾਂ ਦਾ ਉੱਥੇ ਹੀ ਰਹਿਣ ਦਾ ਪ੍ਰਬੰਧ ਸੀ। ਇੱਥੇ ਸਮੇਂ 'ਚੋਂ ਸਮਾਂ ਮਿਲਦਿਆਂ ਹੀ ਆਪਣੀ ਸਾਹਿਤਕ ਰੁਚੀ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਚਲੇ ਜਾਂਦੇ 'ਤੇ ਉੱਥੇ ਵੱਖੋ-ਵੱਖ ਕਿਤਾਬਾਂ,ਨਾਵਲ ਤੇ ਕਹਾਣੀਆਂ ਆਦਿ ਪੜ੍ਹਦੇ ਰਹਿੰਦੇ।
ਸਾਹਿਤਕ ਸਫ਼ਰ:-
ਸਕੂਲ 'ਚ ਪੜ੍ਹਦੇ ਸਮੇਂ ਤੋਂ ਹੀ ਜਸਵੰਤ ਸਿੰਘ ਕੰਵਲ ਨੂੰ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ । ਉਸ ਭਲੇ ਵੇਲੇ ਉਸ ਦੇ ਖੱਤ ਲਿਖਣ ਦੇ ਸ਼ੌਂਕ 'ਚੋਂ ਖਤ ਲਿਖਣ ਦੀ ਕਲਾ ਨੂੰ ਵੇਖ ਕੇ ਮਿੱਤਰਾਂ ਨੇ ਹੀ ਜਸਵੰਤ ਸਿੰਘ ਨੂੰ ਸਾਹਿਤ ਵੱਲ ਮੋੜਾ ਪਾਉਣ ਲਈ ਪ੍ਰੇਰਿਆ। ਚੜ੍ਹਦੀ ਜਵਾਨੀ ਮਲਾਇਆ ਰੁਜ਼ਗਾਰ ਦੀ ਭਾਲ ਵਿੱਚ ਜਦ ਕੰਵਲ ਮਲਾਇਆ ਰਹਿੰਦੇ ਸੀ ਤਾਂ ਉੱਥੇ ਗੁਰਦੁਆਰਾ ਸਾਹਿਬ ਵਿੱਚ ਗੁਰਪੁਰਬ ਦੇ ਸਮੇਂ ਬੈਂਤ ਛੰਦ ਵਿਚ ਲਿਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਇੱਕ ਕਵਿਤਾ ਪੜ੍ਹੀ। ਮੌਕੇ ਤੇ ਹਾਜ਼ਰ ਸੰਗਤ ਵਲੋਂ ਭਰਪੂਰ ਦਾਦ ਮਿਲ਼ਨ ਕਰਕੇ ਲਿਖਣ ਵੱਲ ਹੋਰ ਰੁਚੀ ਵਧੀ। ਉਥੇ ਹੀ ਦੋਸਤਾਂ ਨੇ ਜਸਵੰਤ ਸਿੰਘ ਨੂੰ 'ਕੰਵਲ' ਦਾ ਤਖ਼ੱਲਸ ਦਿੱਤਾ ਸੀ। ਵਾਰਿਸ ਸ਼ਾਹ ਦੀ ਹੀਰ ਨੇ ਤੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੇ ਵੀ ਜਸਵੰਤ ਸਿੰਘ ਕੰਵਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਜਸਵੰਤ ਸਿੰਘ ਕੰਵਲ ਦਾ ਸਾਹਿਤਕ ਸਫ਼ਰ ਜੋ ਕਿ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਹਰ ਪਲ ਨਾਲ਼ ਪ੍ਰਵਾਨ ਚੜ੍ਹਿਆ।
ਸਭ ਤੋਂ ਪਹਿਲਾਂ ਉਨ੍ਹਾਂ ਨੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਸ ਸਮੇਂ ਉਨ੍ਹਾਂ ਦੀ ਸਾਹਿਤ ਦੀ ਦੁਨੀਆਂ ਵਿੱਚ ਇੱਕ ਪਹਿਚਾਣ ਦਿੱਤੀ। 'ਜੀਵਨ ਕਣੀਆਂ' ਦੇ ਪ੍ਰਕਾਸ਼ਕ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ।
ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਕੰਵਲ ਖ਼ੁਦ ਦੱਸਦੇ ਸਨ ਕਿ ਉਹਨਾਂ ਦੇ ਨਾਵਲ ਸੱਚ ਨੂੰ ਫਾਂਸੀ ਦਾ ਨਾਇਕ ਉਸ ਦੇ ਨਾਨਕੇ ਮਿੰਟਗੁਮਰੀ ਦੇ ਚੱਕਾਂ ਦਾ ਇੱਕ ਨੌਜੁਆਨ ਸੀ ਜਿਸ ਨਾਲ਼ ਉਹ ਕਦੇ ਵਾਲੀਬਾਲ ਖੇਡਦਾ ਹੁੰਦਾ ਸੀ।
ਜਸਵੰਤ ਸਿੰਘ ਕੰਵਲ ਅਕਸਰ ਹੀ ਆਪਣੇ ਨਾਵਲਾਂ ਦੀ ਚਰਚਾ ਕਰਦੇ ਇਹ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਕਿ ਉਨ੍ਹਾਂ ਦਾ ਦੂਜਾ ਨਾਵਲ 'ਪਾਲੀ' ਪੜ੍ਹ ਕੇ ਹੀ, ਉਸ ਵੇਲੇ ਦੇ ਨਾਵਲ ਦੇ ਪਿਤਾਮਾ ਨਾਨਕ ਸਿੰਘ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਮਿਲ਼ਨ ਆਏ। ਗੱਲ ਤੁਰੀ ਤਾਂ ਨਾਨਕ ਸਿੰਘ ਨੇ ਇਹ ਕਿਹਾ ਕਿ ਮੈਂ ਸਿਰਫ ਤੈਨੂੰ ਇਹੀ ਕਹਿਣ ਆਇਆ ਹਾਂ, ਕਿ ‘‘ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।" ਨਾਵਲ 'ਪਾਲੀ' ਜੋ ਕਿ ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਨਾਵਲ ਹੈ।
ਪੰਜਾਬੀ ਨਾਵਲਾਂ ਦੀ ਗੱਲ ਕਰਦਿਆਂ ਜਦ ਹਰ ਪੰਜਾਬੀ ਦੀ ਪਸੰਦ ਦੇ ਪਹਿਲੇ ਨਾਵਲ ਦੀ ਗੱਲ ਕਰਦੇ ਹਾਂ ਤਾਂ ਜਸਵੰਤ ਸਿੰਘ ਕੰਵਲ ਦੇ ਨਾਵਲ 'ਪੂਰਨਮਾਸ਼ੀ' ਦਾ ਨਾਂ ਆਉਂਦਾ ਹੈ। ਇਹ ਜਸਵੰਤ ਸਿੰਘ ਕੰਵਲ ਦਾ ਤੀਜਾ ਨਾਵਲ ਸੀ। ਇਸ ਨਾਵਲ ਵਿੱਚੋ ਪੰਜਾਬੀ ਸੱਭਿਆਚਾਰ ਦੇ ਪੇਂਡੂ ਜੀਵਨ ਜਾਚ ਦੀ ਝਲਕ ਪੈਂਦੀ ਹੈ। ਜਸਵੰਤ ਸਿੰਘ ਕੰਵਲ ਨੇ ਆਪਣਾ ਚੌਥਾ ਨਾਵਲ 'ਰਾਤ ਬਾਕੀ ਹੈ' ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ 'ਤੇ ਸੀ। ਇਸ ਨਾਵਲ ਨੇ ਪੰਜਾਬ ਦੀ ਜਵਾਨੀ ਨੂੰ ਹਲੂਣ ਦੇਣ ਦਾ ਵੱਡਾ ਕੰਮ ਕੀਤਾ। ‘ਰਾਤ ਬਾਕੀ ਹੈ’ ਨਾਵਲ ਨੇ ਹਜ਼ਾਰਾਂ ਨੌਜਵਾਨ ਕਾਮਰੇਡ ਬਣਾਏ ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਮਿਊਨਿਸਟ ਆਗੂਆਂ ਨੇ ਭਰੀ ਸੀ। ਇਸ ਨਾਵਲ ਨਾਲ਼ ਜਸਵੰਤ ਸਿੰਘ ਕੰਵਲ ਦੀ ਜ਼ਿੰਦਗੀ ਦਾ ਇੱਕ ਹੋਰ ਖ਼ੂਬਸੂਰਤ ਕਿੱਸਾ ਜੁੜਿਆ ਹੋਇਆ ਹੈ। ਇਸ ਨਾਵਲ ਸਦਕਾ ਹੀ ਜਸਵੰਤ ਸਿੰਘ ਕੰਵਲ ਦੀ ਜ਼ਿੰਦਗੀ ਵਿੱਚ ਡਾ.ਜਸਵੰਤ ਕੌਰ ਆਈ ਜੋ ਕਿ ਬਾਅਦ ਵਿੱਚ ਉਹਨਾਂ ਦੀ ਹਮਸਫ਼ਰ ਬਣੀ।
ਸੱਤਰਵਿਆਂ ਦੇ ਵਿੱਚ ਪੰਜਾਬ ਦੇ ਹਾਲਤਾਂ ਵਿੱਚ ‘‘ਲਹੂ ਦੀ ਲੋਅ ਵਰਗਾ ਨਾਵਲ ਲਿਖਣ ਦਾ ਹੌਂਸਲਾ ਕੰਵਲ ਹੁਰਾਂ ਦੇ ਹਿੱਸੇ ਹੀ ਆਉਂਦਾ ਹੈ। ਉਸ ਸਮੇਂ ਪੰਜਾਬ ਦੇ ਹਾਲਾਤ ਸਹੀ ਨਹੀਂ ਸੀ, ਪ੍ਰਕਾਸ਼ਕ ਨਾਵਲ ਛਾਪਣ ਤੋਂ ਕੰਨੀ ਕਤਰਾਉਣ ਲੱਗੇ। ਅਖੀਰ ਨੂੰ ‘‘ਲਹੂ ਦੀ ਲੋਅ ਨਾਵਲ ਸਿੰਗਾਪੁਰ ਵਿੱਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿੱਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿੱਚ ਵੀ ਆਈਆਂ ਜੋ ਕਿ ਹੱਥੋਂ-ਹੱਥੀਂ ਵਿਕ ਗਈਆਂ।
ਅਗਲਾ ਨਾਵਲ ਜਿਸ 'ਤੇ ਆਪਾਂ ਚਰਚਾ ਕਰ ਰਹੇ ਹਾਂ ਉਹ ਸਾਹਿਤ ਅਕਾਦਮੀ ਐਵਾਰਡ ਜੇਤੂ 'ਤੌਸਾਲੀ ਦੀ ਹੰਸੋ' ਹੈ। ਕੰਵਲ ਦਾ ਇਹ ਆਪਣਾ ਪਸੰਦੀਦਾ ਨਾਵਲ ਵੀ ਹੈ। ਇਸ ਨਾਵਲ ਬਾਬਤ ਗੱਲ ਕਰਦੇ ਉਹ ਕਹਿੰਦੇ ਹਨ ਕਿ ਇਸ ਨਾਵਲ ਨੂੰ ਲਿਖ ਕੇ ਹੀ ਮੈਨੂੰ ਰੂਹ ਦਾ ਰੱਜ ਮਿਲ਼ਿਆ।
'ਐਨਿਆਂ ’ਚੋਂ ਉਠੇ ਕੋਈ ਸੂਰਮਾ ' ਨਾਵਲ ਦੇ ਸਫ਼ਰ ਤੱਕ ਜਸਵੰਤ ਸਿੰਘ ਕੰਵਲ ਦੀ ਕਮਿਊਨਿਸਟ ਸੋਚ ਵਿੱਚ ਕਾਫ਼ੀ ਪਰਿਵਰਤਨ ਆ ਗਿਆ ਸੀ।
ਜਸਵੰਤ ਸਿੰਘ ਕੰਵਲ ਦੇ ਸਾਹਿਤਕ ਸਫ਼ਰ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦਾ ਜੋ ਵੇਰਵਾ ਮਿਲ਼ਦਾ ਹੈ ਉਹਨਾਂ ਵਿੱਚ ਨਾਵਲ 36, ਕਹਾਣੀਆਂ 12 ,ਸਿਆਸੀ ਫੀਚਰ 17, ਰੇਖਾ ਚਿੱਤਰ 5, ਜੀਵਨ ਅਨੁਭਵ 3, ਕਾਵਿ-ਸੰਗ੍ਰਹਿ 6, ਰਚਨਾ ਸੰਗ੍ਰਹਿ 11 ਤੇ 8 ਕਿਤਾਬਾਂ ਬੱਚਿਆਂ ਤੇ ਗਭਰੂਟਾਂ ਲਈ ਵੀ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਦੇ ਵੱਖ ਵੱਖ ਭਾਸ਼ਾਵਾਂ ਵਿਚ ਤਰਜਮੇ ਹੋ ਚੁੱਕੇ ਹਨ
ਮਾਣ ਸਨਮਾਨ:-
ਮਾਣ- ਸਨਮਾਨ ਦੀ ਗੱਲ ਕਰਦਿਆਂ ਅਕਸਰ ਹੀ ਉਹ ਖ਼ੁਦ ਆਪਣੇ ਪਾਠਕਾਂ ਦੇ ਪਿਆਰ-ਸਤਿਕਾਰ ਨੂੰ ਸਭ ਤੋਂ ਵੱਡਾ ਮਾਣ-ਸਨਮਾਨ ਕਬੂਲ ਕਰਦੇ ਸਨ। ਮਾਣ-ਸਨਮਾਨ ਲੈਣ ਤੋਂ ਉਹ ਸ਼ੁਰੂ ਤੋਂ ਹੀ ਦੂਰ ਰਹਿੰਦੇ ਖ਼ਾਸ ਤੌਰ ਤੇ ਉਹ ਕਦੇ ਨਹੀਂ ਸੀ ਚਾਹੁੰਦੇ ਕਿ ਕੋਈ ਸਰਕਾਰ ਦਾ ਨੁਮਾਇੰਦਾ ਉਹਨਾਂ ਨੂੰ ਸਨਮਾਨਿਤ ਕਰੇ।
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ 1977-78 ਵਿੱਚ ਉਹਨਾਂ ਦੀ ਪੁਸਤਕ 'ਲਹੂ ਦੀ ਲੋਅ' ਲਈ ਪੁਰਸਕਾਰ ਦਾ ਐਲਾਨ ਕੀਤਾ ਤਾਂ ਕੰਵਲ ਨੇ ਇਹ ਕਹਿ ਕੇ ਠੁਕਰਾਅ ਦਿੱਤਾ ਕਿ ਜਿਹੜੀ ਸਰਕਾਰ 'ਲਹੂ ਦੀ ਲੋਅ' ਦੇ ਨਾਇਕਾਂ ਦੀ ਕਾਤਲ ਹੈ ਉਹਦਾ ਇਨਾਮ ਮੈਂ ਕਿਵੇਂ ਲੈ ਸਕਦਾ ਹਾਂ..?
1986 ਦੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਪ੍ਰੀਤਮ ਸਿੰਘ ਨੇ 'ਕਰਤਾਰ ਸਿੰਘ ਧਾਲੀਵਾਲ ਅਵਾਰਡ' ਸੰਬੰਧਿਤ ਜਸਵੰਤ ਸਿੰਘ ਕੰਵਲ ਨੂੰ ਮਨਾਉਣ ਲਈ ਅਕਾਦਮੀ ਦੇ ਜਨਰਲ ਸਕੱਤਰ ਪ੍ਰੋ. ਪ੍ਰਮਿੰਦਰ ਸਿੰਘ ਤੇ ਗੁਰਭਜਨ ਗਿੱਲ ਨੂੰ ਢੁੱਡੀਕੇ ਭੇਜਿਆ। ਇਹ ਸਨਮਾਨ ਮੌਕੇ ਦੇ ਗਵਰਨਰ ਵੱਲੋਂ ਦਿੱਤਾ ਜਾਣਾ ਸੀ। ਉਸ ਸਮੇਂ ਉਨ੍ਹਾਂ ਦੇ ਮਨ ਵਿੱਚ ਡਰ ਸੀ ਕਿ ਕੰਵਲ ਕਿਤੇ 'ਲਹੂ ਦੀ ਲੋਅ' ਦੇ ਇਨਾਮ ਵਾਂਗ ਇਹ ਮਾਣ-ਸਨਮਾਨ ਲੈਣ ਤੋਂ ਨਾਹ ਨਾ ਕਰ ਦੇਵੇ। ਇਸ ਸੰਬੰਧਤ ਪਹਿਲਾਂ ਖ਼ੁਦ ਪ੍ਰੋ. ਪ੍ਰੀਤਮ ਸਿੰਘ ਨੂੰ ਸਪੱਸ਼ਟ ਕਰਨਾ ਪਿਆ ਕਿ ਗਵਰਨਰ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ, ਸਰਕਾਰ ਦਾ ਨੁਮਾਇੰਦਾ ਨਹੀਂ ਹੁੰਦਾ ਤਾਂ ਕਿਤੇ ਜਾਕੇ ਜਸਵੰਤ ਸਿੰਘ ਕੰਵਲ ਨੇ ਇਹ ਮਾਣ-ਸਨਮਾਨ ਕਬੂਲਿਆ ਸੀ। ਇੰਝ 1986 ਵਿੱਚ ਕੰਵਲ ਨੇ ਪਹਿਲੀ ਵਾਰ ਸਾਹਿਤਕ ਇਨਾਮ ਲਿਆ।
ਭਾਸ਼ਾ ਵਿਭਾਗ ਪੰਜਾਬ ਨੇ 1990 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ, 1996 ’ਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਲਈ ਸਾਹਿਤ ਅਕਾਦਮੀ ਫ਼ੈਲੋਸ਼ਿਪ ਦਾ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 1997 ਵਿੱਚ ਸਰਵਸ੍ਰੇਸ਼ਟ ਸਾਹਿਤਕਾਰ ਪੁਰਸਕਾਰ, 1997 ਵਿੱਚ ਹੀ ਉਹਨਾਂ ਨੂੰ ਨਾਵਲ ‘ਤੋਸ਼ਾਲੀ ਦੀ ਹੰਸੋ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ, 2000 ਵਿੱਚ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਸਨਮਾਨ ਮਿਲ਼ੇ।
ਜਦੋਂ ਅਸੀਂ ਕਾਗ਼ਜ਼ੀ ਵਿੱਦਿਅਕ ਪੱਖ ਤੋਂ ਜਸਵੰਤ ਸਿੰਘ ਕੰਵਲ ਨੂੰ ਦੇਖਦੇ ਹਾਂ ਤਾਂ ਬੇਸ਼ੱਕ ਉੱਥੇ ਉਨ੍ਹਾਂ ਦੀ ਪੜ੍ਹਾਈ ਦਸਵੀਂ ਪਾਸ ਵੀ ਨਹੀਂ ਮਿਲ਼ਦੀ ਪਰ ਲਿਖਣ ਦੇ ਜਨੂੰਨ ਨੇ ਪੰਜਾਬੀ ਸਾਹਿਤ ਵਿੱਚ ਉਸ ਨੂੰ ਇੱਕ ਅਜਿਹਾ ਮੁਕਾਮ ਦਿੱਤਾ ਕਿ 2008 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹਨਾਂ ਨੂੰ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨ ਬਖ਼ਸ਼ਿਆ।
ਉਹਨਾਂ ਦੇ 100 ਵੇਂ ਜਨਮ ਦਿਨ 'ਤੇ 2018 ਵਿੱਚ ਪੰਜਾਬ ਕਲਾ ਪ੍ਰੀਸ਼ਦ ਨੇ ਵਿਸ਼ੇਸ਼ ਪੰਜਾਬ ਗੌਰਵ ਅਵਾਰਡ ਨਾਲ ਸਨਮਾਨਿਤ ਕੀਤਾ।
ਜਸਵੰਤ ਸਿੰਘ ਕੰਵਲ ਨੇ ਲਗਾਤਾਰ ਦੋ ਵਾਰ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਅਤੇ ਸਰਪ੍ਰਸਤੀ ਵੀ ਕੀਤੀ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿੱਚ ਪਹਿਲੀ ਵਿਸ਼ਵ ਕਾਨਫਰੰਸ ਕਰਾਉਣ ਵੇਲ਼ੇ ਜਸਵੰਤ ਸਿੰਘ ਕੰਵਲ ਮੋਹਰੀ ਰਿਹਾ। ਕੰਵਲ ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਵੀ ਰਿਹਾ।
ਆਪਣੇ ਪਿੰਡ ਢੁੱਡੀਕੇ ਦੀ ਸਰਪੰਚੀ ਦੌਰਾਨ ਪਿੰਡ ਦਾ ਬਹੁਪੱਖੀ ਵਿਕਾਸ ਕਰਵਾਇਆ। ਜਸਵੰਤ ਸਿੰਘ ਕੰਵਲ ਦੀ ਸਰਪੰਚੀ ’ਚ ਪੰਚਾਇਤ ਨੇ ਕੌਮੀ ਐਵਾਰਡ ਵੀ ਹਾਸਲ ਕੀਤਾ।
ਵੱਖੋ-ਵੱਖ ਵਿਦਵਾਨਾਂ ਦੇ ਵਿਚਾਰ:-
ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਕਿ ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਾਹਿਤ ਵਿੱਚ ਸਰੂ ਦਾ ਰੁੱਖ ਬਣਕੇ ਰਿਹਾ।
ਸੁਰਜੀਤ ਗਿੱਲ ਲਿਖਦੇ ਹਨ ਕਿ ਕੰਵਲ ਦਾ ਨਾਵਲ ‘ਮਿੱਤਰ ਪਿਆਰੇ ਨੂੰ’ ਕਿਸੇ ਸਮੇਂ ਰਹੇ ਮੁੰਡੇ-ਕੁੜੀਆਂ ਲਈ ਅੱਜ ਵੀ ਪਿਆਰ ਦੀ ਬਾਈਬਲ ਵਾਂਗ ਹੈ।
ਗੁਰਸਾਗਰ ਸਿੰਘ ਲਿਖਦੇ ਹਨ ਕਿ ਜਸਵੰਤ ਸਿੰਘ ਕੰਵਲ ਨੂੰ ਪੜ੍ਹਣਾ ਪੰਜਾਬ ਨੂੰ ਪੜ੍ਹਣਾ ਹੀ ਹੈ।
ਪ੍ਰੋ. ਭੱਠਲ ਮੁਤਾਬਕ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦੀ ਔਰਤ ਪਾਤਰ ਬਹੁਤ ਮਜ਼ਬੂਤ ਰਹੀ ਹੈ।
ਡਾਕਟਰ ਸੁਰਜੀਤ ਮੁਤਾਬਕ ਹਨ ਕੰਵਲ ਸਾਹਬ ਮਧਰੀ ਕਿਸਾਨੀ ਦਾ ਬੁਲਾਰਾ ਹੈ।
ਕਿਤੇ ਜਸਵੰਤ ਸਿੰਘ ਕੰਵਲ ਨੂੰ 'ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਅਲੰਬਰਦਾਰ ਦਾ ਰੁਤਬਾ ਮਿਲ਼ਦਾ, ਕਿਤੇ ਉਹਨਾਂ ਨੂੰ 'ਪੰਜਾਬ ਦਾ ਰਸੂਲ ਹਮਜ਼ਾਤੋਵ' ਹੋਣ ਦਾ ਮਾਣ ਮਿਲ਼ਦਾ ਕਿਉਂਕਿ ਉਹ ਰਸੂਲ ਹਮਜ਼ਾਤੋਵ ਦੇ 'ਮੇਰਾ ਦਾਗਿਸਤਾਨ' ਵਾਂਗ ਗੁਰਾਂ ਦੇ ਨਾਂ 'ਤੇ ਜੀਂਦੇ 'ਪੰਜਾਬ' ਨੂੰ ਦਿਲੋਂ ਪਿਆਰ ਕਰਨ ਵਾਲੇ ਜਜ਼ਬਾਤੀ ਲੇਖਕ ਸੀ।
ਕਈ ਸੱਜਣ ਵਿਦਵਾਨ ਉਹਨਾਂ ਨੂੰ 'ਪੰਜਾਬ ਦੀ ਪੱਗ' ਕਹਿਕੇ ਪਿਆਰ ਸਤਿਕਾਰ ਬਖ਼ਸ਼ਦੇ ਹਨ। ਸਾਹਿਤ ਦੀ ਦੁਨੀਆਂ ਵਿੱਚ ਕਿਤੇ ਉਹ 'ਪੰਜਾਬੀਆਂ ਦਾ ਬਾਈ' ਬਣਕੇ ਅੱਗੇ ਤੁਰਦਾ ਨਜ਼ਰ ਆਉਂਦਾ ਹੈ।
ਜੇ ਜਸਵੰਤ ਸਿੰਘ ਕੰਵਲ ਦੀ ਪੂਰੀ ਸਾਹਿਤਕ ਰਚਨਾ 'ਤੇ ਸੰਖੇਪ ਚਰਚਾ ਵੀ ਕਰਨੀ ਹੋਵੇ ਤਾਂ ਵੀ ਇੱਕ ਚੰਗੀ ਕਿਤਾਬ ਤਿਆਰ ਹੋ ਸਕਦੀ ਹੈ।
ਉਪਰੋਕਤ ਸੰਖੇਪ ਚਰਚਾ 'ਚ ਅਸੀਂ ਦੇਖਿਆ ਕਿ ਜਸਵੰਤ ਸਿੰਘ ਕੰਵਲ ਨੇ ਆਪਣੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤੱਕ ਆਪਣਾ ਸਾਹਿਤਕ ਸਫ਼ਰ ਤੈਅ ਕਰਦਿਆਂ ਜੀਵਨ ਦੇ ਅਨੇਕਾਂ ਹੀ ਰੰਗ ਵੇਖੇ। ਜ਼ਿੰਦਗੀ ਦਾ ਇੱਕ ਰੰਗ ਇਹ ਵੀ ਹੈ ਕਿ ਇਸ ਰੰਗਲੀ ਦੁਨੀਆਂ ਤੇ ਆਇਆ ਨੇ ਜਾਣਾ ਹੀ ਹੁੰਦਾ। ਸੋ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ ਤੋਂ ਉੱਪਰ ਆਪਣੀ ਜ਼ਿੰਦਗੀ ਦੇ ਦਿੱਤੇ ਸਾਹਾਂ ਤੇ ਫ਼ਰਜ਼ਾਂ ਨੂੰ ਪੂਰਾ ਕਰਦੇ 1 ਫਰਵਰੀ 2020 ਨੂੰ ਫ਼ਤਿਹ ਬੁਲਾ ਗਏ। ਵਿਸ਼ਵ ਭਰ ਦੀਆਂ ਭਾਸ਼ਾਵਾਂ ਦੇ ਵੱਡੇ ਲੇਖਕਾਂ ਵਿੱਚ ਸਭ ਤੋਂ ਲੰਬੀ ਉਮਰ ਜਿਊਣ ਦਾ ਰਿਕਾਰਡ ਵੀ ਜਸਵੰਤ ਸਿੰਘ ਕੰਵਲ ਦੇ ਹਿੱਸੇ ਹੀ ਆਇਆ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ