ਕਾਰਗਿਲ ਦੇ ਵੈਟਰਨ ਮੇਜਰ ਅਮਿਤ ਸਰੀਨ ਨੇ ਲੁਧਿਆਣਾ ਦੇ ਏ.ਡੀ.ਸੀ. (ਜਨਰਲ) ਦਾ ਅਹੁਦਾ ਸੰਭਾਲਿਆ

ਲੁਧਿਆਣਾ, 17 ਮਾਰਚ (ਟੀ. ਕੇ. ) - ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਦੇ 2012 ਬੈਚ ਦੇ ਅਧਿਕਾਰੀ ਮੇਜਰ ਅਮਿਤ ਸਰੀਨ ਵੱਲੋਂ ਅੱਜ ਲੁਧਿਆਣਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਾ ਅਹੁੱਦਾ ਸੰਭਾਲਿਆ।

ਮੇਜਰ ਸਰੀਨ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜਗਰਾਓਂ) ਵਜੋਂ ਸੇਵਾ ਨਿਭਾ ਰਹੇ ਸਨ ਅਤੇ ਸ਼ਨੀਵਾਰ ਨੂੰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਉਹ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ ਅਤੇ ਐਸ.ਡੀ.ਐਮ. ਹੁਸ਼ਿਆਰਪੁਰ, ਫਗਵਾੜਾ ਅਤੇ ਕੋਟਕਪੂਰਾ ਵੀ ਰਹਿ ਚੁੱਕੇ ਹਨ।

ਆਪਣੇ ਨਵੇਂ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਮੁੱਖ ਤਰਜੀਹ ਦੇਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿਖੇ ਸਟਾਫ਼ ਨਾਲ ਮੁੱਢਲੀ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਆਪਣੀ ਚੋਣ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।

ਜਿਕਰਯੋਗ ਹੈ ਕਿ ਮੇਜਰ ਅਮਿਤ ਸਰੀਨ ਨੇ ਭਾਰਤੀ ਫੌਜ ਵਿੱਚ ਅੱਠ ਸਾਲ ਸੇਵਾ ਕੀਤੀ ਹੈ ਅਤੇ ਕਾਰਗਿਲ ਵਿਜੇ ਆਪਰੇਸ਼ਨ ਦਾ ਵੀ ਹਿੱਸਾ ਵੀ ਰਹੇ। ਉਹ ਸਿਆਚਿਨ ਗਲੇਸ਼ੀਅਰ, ਚੀਨ ਬਾਰਡਰ ਕਾਰਾਕੋਰਮ ਰੇਂਜ ਡੀ.ਬੀ.ਓ. ਪੋਸਟ 'ਤੇ ਵੀ ਗਏ ਜਿੱਥੇ ਤਾਪਮਾਨ ਮਨਫ਼ੀ 55 ਡਿਗਰੀ ਰਹਿੰਦਾ ਹੈ।