You are here

9 ਨਵੰਬਰ ਨੂੰ ਅਰਦਾਸ ਕਰਨ ਉਪਰੰਤ ਸ੍ਰੀ ਮੋਦੀ ਗੁਰਦੁਆਰਾ ਸ੍ਰੀ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਪਹਿਲੇ ਜਥੇ ਨੂੰ ਵੀ ਕਰਨਗੇ ਰਵਾਨਾ

ਬੀ.ਐਸ.ਐਫ. ਕੰਪਲੈਕਸ ਸ਼ਿਕਾਰ ਦੀ ਸਟੇਜ ਦਾ ਸਾਰਾ ਪ੍ਰਬੰਧ ਸ਼ੋ੍ਰਮਣੀ ਕਮੇਟੀ ਕੋਲ

ਸ੍ਰੀ ਕਰਤਾਰਪੁਰ ਸਾਹਿਬ/ਡੇਰਾ ਬਾਬਾ ਨਾਨਕ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-  ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਲਈ ਜਾਣ ਲਈ 9 ਨਵੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹਿਲਾਂ ਸ਼ਿਕਾਰ ਮਾਛੀਆਂ ਵਿਖੇ ਸਥਿਤ ਬੀ.ਐਸ.ਐਫ. ਦੇ ਹੈੱਡਕੁਆਰਟਰ ਵਿਖੇ ਜ਼ਮੀਨੀ ਬੰਦਰਗਾਹ ਵਿਭਾਗ ਵਲੋਂ ਕੀਤੇ ਜਾਣ ਵਾਲੇ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨਗੇ ਅਤੇ ਇਸ ਜਗ੍ਹਾ 'ਤੇ ਹੀ ਅਰਦਾਸ ਕਰਨ ਉਪਰੰਤ ਸ੍ਰੀ ਮੋਦੀ ਗੁਰਦੁਆਰਾ ਸ੍ਰੀ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਕਰਨਗੇ | ਸਮਾਗਮ ਦੌਰਾਨ ਸ੍ਰੀ ਮੋਦੀ ਦੇ ਨਿਰਮਾਣ ਕੀਤੀ ਧਾਰਮਿਕ ਸਟੇਜ 'ਤੇ ਕੁਰਸੀਆਂ ਦੀ ਬਜਾਏ ਹੇਠਾਂ ਬੈਠਣ ਦੀ ਵੀ ਖ਼ਬਰ ਪ੍ਰਾਪਤ ਹੋਈ ਹੈ | ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰ ਤੋਂ ਸਰਹੱਦੀ ਪ੍ਰਬੰਧਕ ਸਕੱਤਰ ਨਗੇਂਦਰ ਨਾਥ ਸਿਨਹਾ ਵਿਸ਼ੇਸ਼ ਤੌਰ 'ਤੇ ਸ਼ਿਕਾਰ ਮਾਛੀਆਂ ਅਤੇ ਡੇਰਾ ਬਾਬਾ ਨਾਨਕ ਵਿਖੇ ਤਿਆਰ ਹੋ ਰਹੇ ਟਰਮੀਟਲ ਵਿਖੇ ਪਹੁੰਚੇ | ਇੱਥੇ ਸ੍ਰੀ ਸਿਨਹਾ ਨੇ ਪਹਿਲਾਂ ਸ਼ਿਕਾਰ ਮਾਛੀਆਂ ਵਿਖੇ ਧਾਰਮਿਕ ਸਟੇਜ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਬਾਅਦ 'ਚ ਅੰਤਰਰਾਸ਼ਟਰੀ ਕੌਮਾਂਤਰੀ ਸਰਹੱਦ ਜ਼ੀਰੋ ਲਾਈਨ 'ਤੇ ਲਗਾਏ ਗੇਟਾਂ ਆਦਿ 'ਤੇ ਜਾ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਬਣਾਈ ਯੋਜਨਾ ਮੁਤਾਬਿਕ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਸ੍ਰੀ ਸਿਨਹਾ ਨੇ ਗੱਲਬਾਤ ਦੌਰਾਨ ਕੀਤੇ ਦੌਰੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਮਾਗਮ ਤੋਂ ਇਕ-ਦੋ ਦਿਨ ਪਹਿਲਾਂ ਪ੍ਰਬੰਧਾਂ ਨੂੰ ਨੇਪਰੇ ਚਾੜ੍ਹ ਲਿਆ ਜਾਵੇਗਾ ਅਤੇ ਇਸ ਦੌਰਾਨ ਜੋ ਉਨ੍ਹਾਂ ਨੂੰ ਪ੍ਰਬੰਧਾਂ 'ਚ ਖਾਮੀਆਂ ਨਜ਼ਰ ਆਈਆਂ ਹਨ ਜਾਂ ਹੋਰ ਸੁਧਾਰ ਜਾਂ ਨਵੇਂ ਪ੍ਰਬੰਧ ਕਰਨੇ ਹਨ, ਉਨ੍ਹਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਫਿਲਹਾਲ 90 ਫ਼ੀਸਦੀ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਸ਼ਿਕਾਰ ਮਾਛੀਆਂ 'ਚ ਹੋਣ ਵਾਲੇ ਧਾਰਮਿਕ ਸਮਾਗਮ 'ਚ 15000 ਹਜ਼ਾਰ ਦੇ ਲਗਪਗ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਵਲੋਂ ਕਿਸ ਸਮੇਂ 'ਤੇ ਪਹੁੰਚਣਾ ਹੈ, ਸਬੰਧੀ ਕੀਤੇ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਸਬੰਧ 'ਚ ਕੇਂਦਰ ਅਤੇ ਸੂਬਾ ਸਰਕਾਰ 'ਚ ਗੱਲਬਾਤ ਚੱਲ ਰਹੀ ਹੈ ਅਤੇ ਇਸ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਮੁੱਖ ਸਕੱਤਰ ਆਵਾਜਾਈ ਕੇ ਸ਼ਿਵਾ ਪ੍ਰਸ਼ਾਦ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉੱਜਵਲ, ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ, ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਤੋਂ ਇਲਾਵਾ ਬੀ.ਐਸ.ਐਫ. ਦੇ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਵੀ ਹਾਜ਼ਰ ਹੋਇਆ |

ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਬੀ.ਐਸ.ਐਫ. ਕੰਪਲੈਕਸ ਸ਼ਿਕਾਰ ਮਾਛੀਆਂ 'ਚ ਕੇਂਦਰ ਸਰਕਾਰ ਵਲੋਂ ਅਤਿ ਸੁਰੱਖਿਆ ਪ੍ਰਬੰਧਾਂ ਹੇਠ ਸਟੇਜ ਬਣਾਈ ਜਾ ਰਹੀ ਹੈ, ਜਿਸ ਵਿਚ 15 ਹਜ਼ਾਰ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਇਹ ਵੀ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਬਣਾਈ ਜਾ ਰਹੀ ਇਸ ਸਟੇਜ ਦਾ ਸਾਰਾ ਪ੍ਰਬੰਧ ਤੇ ਕੰਟਰੋਲ ਸ਼ੋ੍ਰਮਣੀ ਕਮੇਟੀ ਕੋਲ ਹੋਵੇਗਾ | ਸਟੇਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦੇ ਫਲਸਫੇ 'ਤੇ ਵਿਚਾਰਾਂ ਹੋਣਗੀਆਂ | ਪੰਡਾਲ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਤੇ ਸ਼ਬਦ-ਕੀਰਤਨ ਵੀ ਹੋਵੇਗਾ | ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ ਸਰਕਾਰ ਵਲੋਂ ਇਕ ਸਟੇਜ ਡੇਰਾ ਬਾਬਾ ਨਾਨਕ ਦੇ ਪਿੰਡ ਮਾਨ ਨੇੜੇ ਰਾਸ਼ਟਰੀ ਮਾਰਗ 'ਤੇ ਬਣਾਈ ਗਈ ਹੈ, ਪ੍ਰੰਤੂ ਭਾਜਪਾ ਅਤੇ ਅਕਾਲੀ ਦਲ ਨੇਤਾਵਾਂ ਵਲੋਂ ਸ਼ਿਕਾਰ ਮਾਛੀਆਂ ਬੀ.ਐਸ.ਐਫ. ਕੰਪਲੈਕਸ ਦੀ ਸਟੇਜ 'ਤੇ ਹੀ ਪਹੁੰਚਣ ਦੀ ਜਾਣਕਾਰੀ ਮਿਲੀ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਟੇਜ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚ ਸਕਦੇ ਹਨ |