You are here

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਬਰਮਿੰਘਮ ਯੂਨੀਵਰਸਿਟੀ 'ਚ 'ਗੁਰੂ ਨਾਨਕ ਚੇਅਰ' ਸਥਾਪਿਤ

ਭਾਰਤ ਸਰਕਾਰ ਨਵੀਂ ਚੇਅਰ ਲਈ ਪੰਜ ਸਾਲ ਲਈ ਸਾਲਾਨਾ 100,000 ਪੌਡ ਦਾ ਯੋਗਦਾਨ ਦੇਣ ਲਈ ਤਿਆਰ 

ਬਰਮਿੰਘਮ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-  ਇੰਗਲੈਂਡ ਵਿਖੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ, ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਗੁਰੂ ਨਾਨਕ ਚੇਅਰ ਸਥਾਪਿਤ ਕੀਤੀ, ਜਿਸ ਦਾ ਉਦੇਸ਼ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੈ ।ਇਸ ਮੌਕੇ ਆਪਣੇ ਭਾਸ਼ਣ ਵਿਚ ਪੁਰੀ ਨੇ ਕਿਹਾ ਕਿ ਅਕਾਦਮਿਕ ਕੋਰਸਾਂ ਲਈ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਖੋਜ ਤੇ ਪ੍ਰਸਾਰ ਦੇ ਸਮਰਥਨ ਲਈ ਬਰਤਾਨਵੀ ਤੇ ਭਾਰਤੀ ਭਾਈਚਾਰੇ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਦੇ ਆਧਾਰ 'ਤੇ ਮੈਂ ਭਾਰਤ ਸਰਕਾਰ ਵਲੋਂ ਸਮਰਥਿਤ 'ਗੁਰੂ ਨਾਨਕ ਚੇਅਰ' ਦੀ ਸਥਾਪਨਾ ਦਾ ਰਸਮੀ ਤੌਰ 'ਤੇ ਐਲਾਨ ਕਰਦਿਆਂ ਬਹੁਤ ਖੁਸ਼ ਹਾਂ। ਪੁਰੀ ਨੇ ਕਿਹਾ ਕਿ ਇਹ ਚੇਅਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਨਿਸ਼ਾਨਬੱਧ ਕਰਨ ਲਈ ਬਰਮਿੰਘਮ ਯੂਨੀਵਰਸਿਟੀ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੀ ਇਕ ਲੜੀ ਦਾ ਹਿੱਸਾ ਹੈ। ਇਸ ਯੋਜਨਾ ਨੂੰ ਆਖਰੀ ਰੂਪ ਇਸ ਦੇ ਕੁਲਪਤੀ ਭਾਰਤੀ ਮੂਲ ਦੇ ਸਹਿਯੋਗੀ ਲਾਰਡ ਕਰਨ ਬਿਲੀਮੋਰੀਆ ਤੇ ਬਰਮਿੰਘਮ ਦੇ ਕੌਸਲ ਜਨਰਲ ਡਾ: ਅਮਨਪੁਰੀ ਦੇ ਵਿਚਕਾਰ ਗੱਲਬਾਤ ਤੋਂ ਬਾਅਦ ਦਿੱਤਾ ਗਿਆ। ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨਵੀਂ ਚੇਅਰ ਲਈ ਪੰਜ ਸਾਲ ਲਈ ਸਾਲਾਨਾ 100,000 ਪੌਡ ਦਾ ਯੋਗਦਾਨ ਦੇਣ ਲਈ ਤਿਆਰ ਹੈ, ਜਿਸ ਦੀ ਪਹਿਲੀ ਕਿਸ਼ਤ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਜਾਰੀ ਕੀਤੀ ਜਾਵੇਗੀ। ਬਰਮਿਘੰਮ ਯੂਨੀਵਰਸਿਟੀ ਦੇ ਪ੍ਰੋ-ਵਾਇਸ ਚਾਂਸਲਰ ਪ੍ਰੋਫੈਸਰ ਰੌਬਿਨ ਮੈਸਨ ਨੇ ਕਿਹਾ ਕਿ ਭਾਰਤ ਸਰਕਾਰ ਪਹਿਲੇ 5 ਸਾਲ ਦੇ ਲਈ ਚੇਅਰ ਦਾ ਸਮਰਥਨ ਕਰੇਗੀ, ਤੇ ਫਿਰ ਇਸ ਨੂੰ ਯੂਨੀਵਰਸਿਟੀ ਜਾਰੀ ਰੱਖੇਗੀ। ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ, ਡਿਪਟੀ ਹਾਈ ਕਮਿਸ਼ਨਰ ਚਰਨਜੀਤ ਸਿੰਘ ਆਦਿ ਹਾਜ਼ਰ ਸਨ।