ਅੱਜ ਦੇ ਦਿਨ (ਮਿਤੀ 1 ਨਵੰਬਰ, 2019) ਦਾ ਇਤਿਹਾਸ

ਜੋਤੀ-ਜੋਤ ਦਿਵਸ : ਸ੍ਰੀ ਗੁਰੂ ਗੋਬਿੰਦ ਸਿੰਘ ਜੀ 

 

ਨੋਟ: ਇਤਿਹਾਸਿਕ ਮਿਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਦੇ ਅਧਾਰ ਤੇ ਲਈਆਂ ਗਈਆਂ ਹਨ। ਪਰ, ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀ ਬੱਧ ਸੰਭਾਲ ਵਿੱਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿੱਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

 ਮਾਤਾ ਜੀ :* ਮਾਤਾ ਗੁਜਰ ਕੌਰ ਜੀ

 ਪਿਤਾ ਜੀ :* ਸ੍ਰੀ ਗੁਰੂ ਤੇਗ ਬਹਾਦਰ ਜੀ

 ਜਨਮ ਮਿਤੀ :* ੨੩ ਪੋਹ, ਸੰਮਤ ੧੭੨੩ ਬਿ. (੨੨ ਦਸੰਬਰ, ੧੬੬੬ ਈ.)

 ਜਨਮ ਸਥਾਨ :* ਸ੍ਰੀ ਪਟਨਾ ਸਾਹਿਬ, ਬਿਹਾਰ

ਮਹਿਲ : ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ

 ਸੰਤਾਨ : ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ

ਗੁਰਿਆਈ :*੧੧ ਮੱਘਰ, ਸੰਮਤ ੧੭੩੨ ਬਿ. (੧੧ ਨਵੰਬਰ, ੧੬੭੫ ਈ.)

 ਪ੍ਰਮੁੱਖ ਧਰਮ ਯੁੱਧ : 

੧. ਭੰਗਾਣੀ 

੨. ਨਦੌਣ 

੩. ਹੁਸੈਨੀ

੪. ਨਿਰਮੋਹੀ

੫. ਬਸਾਲੀ 

੬. ਅਨੰਦਪੁਰ ਸਾਹਿਬ (੪ ਜੰਗਾਂ) 

੭. ਸਰਸਾ

੮. ਚਮਕੌਰ ਸਾਹਿਬ

੯. ਸ੍ਰੀ ਮੁਕਤਸਰ ਸਾਹਿਬ 

 ਜੋਤੀ-ਜੋਤ : ੬ ਕੱਤਕ, ਸੰਮਤ ੧੭੬੫ ਬਿ. (੭ ਅਕਤੂਬਰ, ੧੭੦੮ ਈ.)

 

 ਮੁੱਢਲਾ ਜੀਵਨ : ਆਪ ਜੀ ਨੇ ਆਪਣੇ ਜੀਵਨ ਦੇ ਮੁੱਢਲੇ ਕੁਝ ਸਾਲ ਪਟਨਾ ਸਾਹਿਬ ਵਿਖੇ ਬਤੀਤ ਕੀਤੇ। ਬਚਪਨ ਵਿੱਚ ਆਪ ਜੀ ਨੂੰ ਘੋੜ-ਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰਾਂ ਦੀ ਸਿਖਲਾਈ ਦਿੱਤੀ ਗਈ। ਆਪ ਆਪਣੇ ਹਾਣੀਆਂ ਦੀਆਂ ਜੋਟੀਆਂ ਬਣਾ ਕੇ ਨਕਲੀ ਯੁੱਧ ਖੇਡਣ ਦਾ ਅਭਿਆਸ ਕਰਨ ਦੀਆਂ ਖੇਡਾਂ ਖੇਡਦੇ। ਆਪ ਜੀ ਦੇ ਆਸ-ਪਾਸ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ।

 

 ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਣਾ ਅਤੇ ਵਿੱਦਿਆ ਪ੍ਰਾਪਤੀ :* ਆਪ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੱਦੇ ਤੇ ਪਰਿਵਾਰ ਸਮੇਤ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਗਏ। ਇੱਥੇ ਆਪ ਜੀ ਨੇ ਮੁਣਸ਼ੀ ਸਾਹਿਬ ਚੰਦ ਅਤੇ ਮਦਰੱਸੇ ਵਲੋਂ ਬਣਾਈ ਪਾਠਸ਼ਾਲਾ ਵਿਚ ਸੰਸਕ੍ਰਿਤ ਅਤੇ ਫ਼ਾਰਸੀ ਦੀ ਪੜ੍ਹਾਈ ਕੀਤੀ। ਆਪ ਜੀ ਨੂੰ ਗੁਰਬਾਣੀ ਦਾ ਗਿਆਨ ਮਾਤਾ ਗੁਜਰੀ ਜੀ ਅਤੇ ਮੁਣਸ਼ੀ ਸਾਹਿਬ ਚੰਦ ਨੇ ਦਿੱਤਾ। ਵਿਹਲੇ ਸਮੇਂ ਆਪ ਜੀ ਆਪਣੇ ਹਾਣੀਆਂ ਨਾਲ ਖੇਡਾਂ ਖੇਡਦੇ। ਕੁਰਾਨ ਸ਼ਰੀਫ ਆਪ ਜੀ ਨੇ ਕਾਜ਼ੀ ਪੀਰ ਮੁਹੰਮਦ ਪਾਸੋਂ ਪੜ੍ਹਿਆ। ਆਪ ਜੀ ਨੇ ੬ ਮਹੀਨਿਆਂ ਵਿਚ ਹੀ ਆਦਿ ਗ੍ਰੰਥ ਸਾਹਿਬ ਜੀ ਦੇ ਗੁਹਝ ਸਮਝ ਕੇ ਅਧਿਐਨ ਕਰਨ ਦੇ ਨਾਲ-ਨਾਲ ਕੰਠ ਵੀ ਕਰ ਲਿਆ।

 

 ਗੁਰਗੱਦੀ : ਆਪਣੀ ਸ਼ਹਾਦਤ ਦੇਣ ਲਈ ਅਨੰਦਪੁਰ ਸਾਹਿਬ ਤੋਂ ਤੁਰਨ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਹੁਕਮ ਕਰ ਗਏ ਸਨ ਕਿ "ਸਾਡੇ ਪਿੱਛੋਂ ਗੁਰਗੱਦੀ ਦੀ ਜ਼ਿੰਮੇਵਾਰੀ ਗੋਬਿੰਦ ਰਾਇ ਜੀ ਸੰਭਾਲਣਗੇ", ਜਿਸਨੂੰ ਆਪ ਜੀ ਨੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਵਾਲੇ ਦਿਨ (੧੧ ਨਵੰਬਰ, ੧੬੭੫ ਈ.) ਤੋਂ ਹੀ ਸੰਭਾਲ ਲਿਆ ਸੀ।

 

 ਪਾਉਂਟਾ ਸਾਹਿਬ ਦੀ ਉਸਾਰੀ : ਨਾਹਨ (ਸਰਮੌਰ) ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਆਪਣੀ ਰਿਆਸਤ ਵਿੱਚ ਕਿਲ੍ਹਾ ਬਣਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਸੰਨ ੧੬੮੫ ਈ. ਵਿੱਚ ਜਮਨਾ ਦਰਿਆ ਦੇ ਕੰਢੇ ਕਿਲ੍ਹਾ ਤਿਆਰ ਕੀਤਾ ਜਿਸਦਾ ਨਾਮ ਪਾਉਂਟਾ ਰੱਖਿਆ। ਪਾਉਂਟਾ ਸਾਹਿਬ ਦੇ ਨਜ਼ਦੀਕ ਹੋਏ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਆਪਣੇ ਸੈਂਕੜੇ ਸ਼ਰਧਾਲੂਆਂ ਦੇ ਨਾਲ ਸ਼ਾਮਲ ਹੋਏ, ਜਿਸ ਵਿੱਚ ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਭਰਾ ਸ਼ਹੀਦ ਹੋ ਗਏ।

 

 ਖਾਲਸਾ ਪੰਥ ਦੀ ਸਾਜਣਾ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਪਰੀਖਿਆ ਲੈਣ ਉਪਰੰਤ ਉਹਨਾਂ ਨੂੰ ਨਾਨਕ ਜੋਤ ਦਾ ਵਾਰਿਸ ਬਣਾਇਆ ਸੀ। ਇਸੇ ਸਫ਼ਰ ਦੇ ਅਖੀਰਲੇ ਪੜਾਅ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਜੋਤ ਦਾ ਵਾਰਿਸ, ਆਦਰਸ਼ (ਸਚਿਆਰ) ਮਨੁੱਖਾਂ ਦੇ ਸਮੂਹ ਨੂੰ ਥਾਪਣਾ ਚਾਹੁੰਦੇ ਸਨ। ਇਸ ਉਦੇਸ਼ ਦੀ ਪੂਰਤੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ ੧੭੫੬ ਦੀ ਵੈਸਾਖੀ (੩੦ ਮਾਰਚ, ਸੰਨ ੧੬੯੯) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਸਾਹਮਣੇ ੫ ਸਿਰਾਂ ਦੀ ਮੰਗ ਕੀਤੀ। ਤਦ ਪੰਜ ਸਿੱਖ:

 

੧. ਭਾਈ ਦਇਆ ਸਿੰਘ ਜੀ

੨. ਭਾਈ ਧਰਮ ਸਿੰਘ ਜੀ

੩. ਭਾਈ ਹਿੰਮਤ ਸਿੰਘ ਜੀ

੪. ਭਾਈ ਮੋਹਕਮ ਸਿੰਘ ਜੀ

੫. ਭਾਈ ਸਾਹਿਬ ਸਿੰਘ ਜੀ

 

ਸੀਸ ਦੇਣ ਲਈ ਗੁਰੂ ਜੀ ਦੇ ਸਨਮੁਖ ਹਾਜ਼ਰ ਹੋਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਪੰਜ ਪਿਆਰਿਆਂ ਦੀ ਪਦਵੀ ਦੇ ਕੇ ਖਾਲਸਾ ਪੰਥ ਦੀ ਸਾਜਣਾ ਕੀਤੀ। ਆਪੇ ਹੀ ਸਾਜੇ ਪੰਜ ਪਿਆਰਿਆਂ ਪਾਸੋਂ ਗੁਰੂ ਜੀ ਨੇ ਇੱਕ ਸਿੱਖ ਬਣਕੇ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਅਤੇ *ਆਪੇ ਗੁਰ ਚੇਲਾ* ਦੀ ਨਵੀਂ ਪ੍ਰਥਾ ਨੂੰ ਜਨਮ ਦਿੱਤਾ। ਇਸ ਤਰ੍ਹਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਰੀਖਿਆ ਵਿੱਚ ਸੀਸ ਦੇਣ ਦੀ ਸ਼ਰਤ ਸੰਕੇਤ ਕਰਦੀ ਹੈ ਕਿ ਜੋ ਸਨਮਾਨ, ਅਹੁਦਾ ਅਤੇ ਜ਼ਿੰਮੇਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਦੇਣੀ ਚਾਹੁੰਦੇ ਸਨ, ਉਸ ਨੂੰ ਨਿਭਾਉਣ ਲਈ *ਆਪਾ* (ਭਾਵ *ਹਉਮੈਂ*) ਨੂੰ ਸਿਧਾਂਤ ਤੋਂ ਕੁਰਬਾਨ ਕਰਨਾ ਲਾਜ਼ਮੀ ਹੈ। ਫਿਰ ਗੁਰੂ ਜੀ ਨੇ ਹੁਕਮ ਦਿੱਤਾ ਕਿ ਕੋਈ ਪੰਜ ਅੰਮ੍ਰਿਤਧਾਰੀ ਸਿੱਖ, ਜੋ ਰਹਿਤ ਵਿੱਚ ਪੱਕੇ ਧਾਰਨੀ ਹੋਣ, ਹੋਰਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੇ ਹਨ।

 

 ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਣਾ : ਚਮਕੌਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਤੋਂ ਹੁੰਦੇ ਹੋਏ ਦੀਨਾ ਕਾਂਗੜ ਪੁੱਜੇ। ਇੱਥੋਂ ਹੀ ਆਪ ਜੀ ਨੇ ਔਰੰਗਜ਼ੇਬ ਨੂੰ ਜਫ਼ਰਨਾਮਾ (ਜਿੱਤ ਦੀ ਚਿੱਠੀ) ਲਿਖਿਆ। ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਦੇ ਦਿਲ ਉੱਤੇ ਡੂੰਘਾ ਅਸਰ ਹੋਇਆ। ਉਸ ਨੂੰ ਆਪਣੀਆਂ ਗਲਤੀਆਂ ਦਾ ਬਹੁਤ ਪਛਤਾਵਾ ਹੋਇਆ।

 

 ਦਮਦਮੀ ਬੀੜ ਤਿਆਰ ਕਰਵਾਉਣਾ : ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਜੰਗਾਂ ਯੁੱਧਾਂ ਵਿੱਚ ਬਤੀਤ ਹੋਇਆ ਪਰ ਉਨ੍ਹਾਂ ਨੇ ਧਰਮ ਪ੍ਰਚਾਰ ਵੱਲ ਪੂਰਾ ਧਿਆਨ ਦਿੱਤਾ। ਆਪ ਜੀ ਨੇ ਆਪ ਬਾਣੀ ਰਚੀ ਅਤੇ ਆਪਣੇ ਕਵੀਆਂ ਪਾਸੋਂ ਧਾਰਮਿਕ ਸਾਹਿਤ ਲਿਖਵਾਇਆ। ਧਰਮ ਪ੍ਰਚਾਰ ਲਈ ਆਪ ਰਵਾਲਸਰ, ਹਰਿਦੁਆਰ, ਕੁਰੂਕਸ਼ੇਤਰ ਅਤੇ ਤਲਵੰਡੀ ਸਾਬੋ ਸਮੇਤ ਬਹੁਤ ਸਾਰੀਆਂ ਥਾਂਵਾਂ ਉੱਤੇ ਗਏ। ਤਲਵੰਡੀ ਸਾਬੋ ਵਿਖੇ ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ, ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ ਇਸਨੂੰ ਸੰਪੂਰਨ ਕੀਤਾ। ਇਸ ਬੀੜ ਨੂੰ ਦਮਦਮੀ ਬੀੜ ਵੀ ਕਿਹਾ ਜਾਂਦਾ ਹੈ।

 

 ਨੰਦੇੜ ਵਿਖੇ ਮਾਧੋ ਦਾਸ ਬੈਰਾਗੀ (ਬੰਦਾ ਸਿੰਘ ਬਹਾਦਰ) ਨਾਲ ਮੁਲਾਕਾਤ : ਨੰਦੇੜ ਵਿਖੇ ਮਾਧੋ ਦਾਸ ਨਾਂ ਦਾ ਬੈਰਾਗੀ ਆਪਣੀਆਂ ਰਿੱਧੀਆਂ-ਸਿੱਧੀਆਂ ਨਾਲ ਲੋਕਾਂ ਉੱਤੇ ਆਪਣਾ ਪ੍ਰਭਾਵ ਪਾਉਂਦਾ ਸੀ। ਜਦ ਗੁਰੂ ਜੀ ਉੱਤੇ ਉਸਦੀ ਕੋਈ ਕਰਾਮਾਤ ਨਾ ਚੱਲੀ ਤਾਂ ਉਹ ਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਿਆ ਅਤੇ ਆਪਣਾ ਸਿੱਖ ਬਣਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਸਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਸਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ, ਇੱਕ ਨਗਾਰਾ ਅਤੇ ਕੁਝ ਸਿੰਘ ਦੇ ਕੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਭੇਜਿਆ।

 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣਾ :* ੧੪ ਸਤੰਬਰ, ੧੭੦੮ ਈ. ਦੀ ਸ਼ਾਮ ਨੂੰ ਗੁਰੂ ਜੀ ਆਪਣੇ ਤੰਬੂ ਵਿੱਚ ਅਰਾਮ ਕਰ ਰਹੇ ਸਨ, ਜਦੋਂ ਮੌਕੇ ਦੀ ਭਾਲ ਕਰਦੇ ਦੋ ਪਠਾਣਾਂ, ਜਮਸ਼ੇਦ ਖਾਂ ਅਤੇ ਗੁਲ ਖਾਂ ਵਿੱਚੋਂ ਇੱਕ ਨੇ ਗੁਰੂ ਜੀ ਉੱਤੇ ਛੁਰੇ ਨਾਲ ਵਾਰ ਕੀਤਾ। ਗੁਰੂ ਜੀ ਨੇ ਹਮਲਾਵਰ ਨੂੰ ਤੁਰੰਤ ਮਾਰ ਦਿੱਤਾ ਅਤੇ ਉਸਦੇ ਸਾਥੀ ਨੂੰ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਜੀ ਦਾ ਜਖ਼ਮ ਸੀਤਾ ਗਿਆ ਜੋ ਠੀਕ ਹੋ ਰਿਹਾ ਸੀ। ਪਰੰਤੂ ੬ ਅਕਤੂਬਰ, ੧੭੦੮ ਈ. ਨੂੰ ਆਪ ਇੱਕ ਸਖ਼ਤ ਕਮਾਨ ਉੱਤੇ ਚਿੱਲਾ ਚੜ੍ਹਾਉਣ ਲੱਗੇ, ਤਾਂ ਅੱਲੇ ਜਖ਼ਮ ਦੇ ਤੋਪੇ ਟੁੱਟ ਗਏ ਅਤੇ ਲਹੂ ਵਗ ਤੁਰਿਆ। ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਆਇਆ ਪ੍ਰਤੀਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖਾਲਸਾ ਪੰਥ ਨੂੰ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਗੁਰੂ ਮੰਨਣ ਦਾ ਹੁਕਮ ਕੀਤਾ।

 

 ਸੱਚਖੰਡ ਵਾਪਸੀ : ਅਗਲੇ ਦਿਨ ੬ ਕੱਤਕ, ੧੭੬੫ ਬਿ. (੭ ਅਕਤੂਬਰ, ੧੭੦੮ ਈ.) ਨੂੰ ਆਪ ਜੀ ਜੋਤੀ-ਜੋਤ ਸਮਾ ਗਏ। 

 

 ਸਿੱਖਿਆ; ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਕਰਨੇ ਚਾਹੀਦੇ ਹਨ। ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਹੋਏ ਨਾ ਤਾਂ ਕਿਸੇ ਉੱਤੇ ਜ਼ੁਲਮ ਕਰਨਾ ਚਾਹੀਦਾ ਹੈ ਅਤੇ ਨਾ ਹੀ ਜ਼ੁਲਮ ਸਹਿਣਾ ਚਾਹੀਦਾ ਹੈ। ਆਓ ਅਸੀਂ ਸਾਰੇ ਗੁਰੂ ਜੀ ਵਲੋਂ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਤਿਆਰ ਬਰ ਤਿਆਰ ਖ਼ਾਲਸੇ ਸਜ ਜਾਈਏ ਅਤੇ ਗੁਰੂ ਜੀ ਦੇ ਆਸ਼ੇ ਅਨੁਸਾਰ ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਵਿਉਂਤਬੰਦੀ ਨਾਲ ਕਾਰਜਸ਼ੀਲ ਹੋਈਏ। ਇਸ ਮਿਸ਼ਨ ਦੀ ਸਫਲਤਾ ਲਈ ਆਤਮ ਪਰਗਾਸ ਟੀਮ ਆਪ ਜੀ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹੈ ਜੀ। 

 

 ਹਵਾਲਾ ਪੁਸਤਕਾਂ:

 1. ਦਸ ਪਾਤਸ਼ਾਹੀਆਂ ਜੀਵਨ, ਕਾਰਜ ਤੇ ਉਪਦੇਸ਼ (ਮੁਖਤਾਰ ਸਿੰਘ ਗੁਰਾਇਆ) ਪ੍ਰਕਾਸ਼ਕ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਸ੍ਰੀ ਅੰਮ੍ਰਿਤਸਰ

 

2. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ  

 

3. ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)

 

4. ਸਿੱਖ ਹਿਸਟਰੀ ਕਾਰਡ ਭਾਗ-੧ (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ : ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ

 

ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

+91-82880-10531/32

officeatampargas@gmail.com

http://www.atampargas.or.in 

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022