ਪਲਾਸਟਿਕ ਦੀ ਵਰਤੋਂ ਰੋਕਣ ਲਈ 1 ਨਵੰਬਰ ਨੂੰ ਜਾਗਰੂਕਤਾ ਮੁਹਿੰਮ ਆਰੰਭੇਗਾ ਆਮਦਨ ਕਰ ਵਿਭਾਗ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਆਮਦਨ ਕਰ ਵਿਭਾਗ ਲੁਧਿਆਣਾ ਵੱਲੋਂ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਬਾਰੇ ਇੱਕ ਜਾਗਰੂਕਤਾ ਮੁਹਿੰਮ ਮਿਤੀ 1 ਨਵੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਟੈਕਸ ਪ੍ਰੈਕਟੀਸ਼ਨਰਜ਼ ਅਤੇ ਹੋਰ ਲੋਕ ਭਾਗ ਲੈਣਗੇ। ਇਹ ਮੁਹਿੰਮ 'ਸਵੱਛ ਭਾਰਤ ਸਵੱਛ ਧਨ' ਦੇ ਨਾਅਰੇ ਨਾਲ ਆਰੰਭੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਸੀਨੀਅਰ ਆਮਦਨ ਕਰ ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਰਾਜਾਂ ਦੇ 2000 ਤੋਂ ਵਧੇਰੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾਵੇਗਾ, ਜਿਸ ਦੌਰਾਨ ਲੋਕਾਂ ਨੂੰ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਨੂੰ ਬਿਲਕੁਲ ਖਤਮ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। ਇਹ ਮੁਹਿੰਮ ਸਕੂਲਾਂ ਦੇ ਅੰਦਰ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਚਲਾਈ ਜਾਵੇਗੀ, ਜਿੱਥੇ ਕਿ ਪਲਾਸਟਿਕ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਅਧਿਕਾਰੀ ਨੇ ਹੋਰ ਸਕੂਲਾਂ, ਕਾਲਜਾਂ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 1 ਨਵੰਬਰ ਨੂੰ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਬਾਰੇ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਸਾਫ਼ ਸੁਥਰੇ ਅਤੇ ਸਿਹਤਮੰਦ ਦੇਸ਼ ਦੀ ਸਿਰਜਣਾ ਕੀਤੀ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੀਆਂ ਤਸਵੀਰਾਂ ਵਿਭਾਗ ਦੀ ਵੈੱਬਸਾਈਟ  http://www.apnakar.com/  ਤੇ ਸਾਂਝੀਆਂ ਕਰਨ।