ਹਾਈ-ਟੈੱਕ ਸਾਈਕਲ ਵੈਲੀ ਨੂੰ ਲੁਧਿਆਣਾ-ਚੰਡੀਗੜ ਸੜਕ ਨਾਲ ਜੋੜਨ ਵਾਲੀ ਸੜਕ ਦਾ ਨੀਂਹ ਪੱਥਰ

ਸਾਈਕਲ ਵੈਲੀ ਦੇ ਚੱਲਣ ਨਾਲ ਸੂਬੇ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ-ਬਾਦਲ ਅਤੇ ਅਰੋੜਾ
ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ ਵਿਖੇ 'ਹਾਈ-ਟੈੱਕ ਸਾਈਕਲ ਵੈਲੀ' ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨੂੰ ਲੁਧਿਆਣਾ-ਚੰਡੀਗੜ ਰਾਜ ਮਾਰਗ ਨਾਲ ਜੋੜਨ ਲਈ ਸੜਕ ਦਾ ਨੀਂਹ ਪੱਥਰ ਅੱਜ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਰੱਖਿਆ। ਇਸ ਮੌਕੇ ਉਨਾਂ ਨਾਲ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬੱਸੀ, ਮੈਨੇਜਿੰਗ ਡਾਇਰੈਕਟਰ ਸੀ ਸਿਬਨ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਅਮਰਜੀਤ ਸਿੰਘ ਬੈਂਸ, ਪੰਕਜ ਮੁੰਜ਼ਾਲ ਚੇਅਰਮੈਨ ਹੀਰੋ ਸਾਈਕਲਜ਼, ਐੱਸ. ਕੇ. ਰਾਏ ਉੱਪ ਚੇਅਰਮੈਨ ਹੀਰੋ ਸਾਈਕਲਜ਼, ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਧਰਮਿੰਦਰ ਬੱਸੀ ਕਾਰਜਕਾਰੀ ਇੰਜੀਨੀਅਰ ਨਿਗਮ, ਆਰ. ਐੱਸ. ਬੈਂਸ ਮੁੱਖ ਇੰਜੀਨੀਅਰ ਨਿਗਮ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਦਲ ਅਤੇ ਅਰੋੜਾ ਨੇ ਦੱਸਿਆ ਕਿ 8.27 ਕਿਲੋਮੀਟਰ ਦੀ ਇਸ ਸੜਕ ਨੂੰ ਬਣਾਉਣ 'ਤੇ 31.37 ਕਰੋੜ ਰੁਪਏ ਖਰਚੇ ਜਾਣਗੇ। ਉਨਾਂ ਕਿਹਾ ਕਿ 380 ਏਕੜ ਰਕਬੇ ਵਿੱਚ ਉਸਾਰੀ ਜਾਣ ਵਾਲੀ ਇਹ ਸਾਈਕਲ ਵੈਲੀ ਆਪਣੀ ਤਰਾਂ ਦੀ ਪਹਿਲੀ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਹੋਵੇਗੀ। ਇਸ ਪ੍ਰੋਜੈਕਟ 'ਤੇ ਪੰਜਾਬ ਸਰਕਾਰ ਵੱਲੋਂ 300 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਸੂਬੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਨਿਵੇਸ਼ ਵਿੱਚ 1500 ਕਰੋੜ ਤੋਂ ਵਧੇਰੇ ਦਾ ਵਾਧਾ ਹੋਣ ਦੀ ਸੰਭਾਵਨਾ ਹੈ।