ਪਿਛਲੇ ਤਿੰਨ ਦਿਨਾਂ ਵਿੱਚ ਜ਼ਿਲਾ ਲੁਧਿਆਣਾ ਵਿੱਚ ਕੋਈ ਨਵਾਂ ਪਾਜ਼ੀਟਿਵ ਮਾਮਲਾ ਨਹੀਂ ਆਇਆ-ਡਿਪਟੀ ਕਮਿਸ਼ਨਰ

ਸਥਿਤੀ ਕਾਬੂ ਹੇਠ-ਕਰਫਿਊ/ਲੌਕਡਾਊਨ ਵਿੱਚ ਢਿੱਲ ਬਾਰੇ ਫੈਸਲਾ 20 ਅਪ੍ਰੈੱਲ ਨੂੰ

ਲੋਕਾਂ ਦੀ ਭਲਾਈ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਮੈਡੀਕਲ ਬੁਲੇਟਿਨ ਦੀ ਸ਼ੁਰੂਆਤ 

ਲੁਧਿਆਣਾ, ਅਪ੍ਰੈੱਲ 2020 - ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਜ਼ਿਲਾ ਲੁਧਿਆਣਾ ਵਿੱਚ ਕੋਵਿਡ 19 ਦਾ ਕੋਈ ਵੀ ਨਵਾਂ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਉਨਾਂ ਕਿਹਾ ਕਿ ਇਹ ਸਭ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ, ਜ਼ਿਲਾ ਪ੍ਰਸਾਸ਼ਨ ਅਤੇ ਹੋਰ ਵਿਭਾਗਾਂ ਦੇ 24 ਘੰਟੇ ਕੰਮ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ, ਜਿਸ ਨਾਲ ਅਸੀਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਹੁਣ ਤੱਕ ਸਫ਼ਲ ਰਹੇ ਹਾਂ।

ਉਨ•ਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਸਾਰੇ ਸੀਨੀਅਰ ਅਧਿਕਾਰੀ ਨਿੱਜੀ ਤੌਰ 'ਤੇ ਸਥਿਤੀ ਨੂੰ ਦੇਖ ਰਹੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ ਪੰਜਾਬ ਸਰਕਾਰ, ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਐੱਸ. ਡੀ. ਆਰ. ਐੱਫ. ਵੱਲੋਂ ਲੋੜਵੰਦ ਲੋਕਾਂ ਨੂੰ 1.5 ਲੱਖ ਭੋਜਨ ਪੈਕੇਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਹ ਵੰਡ ਰੋਜ਼ਾਨਾ ਹਾਲੇ ਵੀ ਲਗਾਤਾਰ ਜਾਰੀ ਹੈ। ਉਨਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਜਲਦ ਹੀ ਇੱਕ ਮੈਡੀਕਲ ਬੁਲੇਟਿਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸਿਹਤ ਮਾਹਿਰਾਂ ਦੀ ਟੀਮ ਨਾਲ ਜੁੜਨ ਦਾ ਮੌਕਾ ਮਿਲੇਗਾ। ਇਸ ਟੀਮ ਵਿੱਚ ਸਿਵਲ ਸਰਜਨ, ਆਯੂਸ਼ ਡਾਕਟਰ, ਦੋ ਨਿੱਜੀ ਡਾਕਟਰ ਅਤੇ ਹੋਰ ਸ਼ਾਮਿਲ ਹੋਣਗੇ, ਜੋ ਕੋਵਿਡ 19 ਸੰਬੰਧੀ ਲੋਕਾਂ ਦੇ ਸਵਾਲਾਂ ਦਾ ਜਵਾਬ ਦਿਆ ਕਰਨਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਆਦੇਸ਼ 'ਤੇ ਜ਼ਿਲਾ ਲੁਧਿਆਣਾ ਵਿੱਚ ਵੀ ਕਰਫਿਊ 3 ਮਈ, 2020 ਤੱਕ ਵਧਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੇਂਦਰ ਦੀ ਉੱਚ ਤਾਕਤੀ ਕਮੇਟੀ ਨੇ ਅੱਜ ਫੈਸਲਾ ਕੀਤਾ ਹੈ ਕਿ ਜੇਕਰ 20 ਅਪ੍ਰੈੱਲ, 2020 ਤੱਕ ਜ਼ਿਲੇ ਦੇ ਕਿਸੇ ਹਿੱਸੇ ਵਿੱਚ ਸਥਿਤੀ ਕਾਬੂ ਹੇਠ ਰਹਿੰਦੀ ਹੈ ਤਾਂ ਉਥੇ ਸ਼ਰਤਾਂ ਸਹਿਤ ਕੁਝ ਢਿੱਲ ਦਿੱਤੀ ਜਾ ਸਕਦੀ ਹੈ। ਜ਼ਿਲਾ ਲੁਧਿਆਣਾ ਦੇ ਕਿਸੇ ਹਿੱਸੇ ਵਿੱਚ ਅਜਿਹੀ ਢਿੱਲ ਦੇਣ ਬਾਰੇ ਫੈਸਲਾ ਜ਼ਿਲਾ ਪ੍ਰਸਾਸ਼ਨ ਵੱਲੋਂ ਮਿਤੀ 20 ਅਪ੍ਰੈੱਲ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ ਸ਼ੁਰੂ ਹੋ ਗਈ ਹੈ, ਅੱਜ ਖੰਨਾ ਮੰਡੀ ਵਿੱਚ ਕਿਸਾਨਾਂ ਨੂੰ 15 ਪਾਸ ਜਾਰੀ ਕੀਤੇ ਗਏ ਸਨ, ਜਿਨਾਂ ਨੇ ਸੁਚਾਰੂ ਤਰੀਕੇ ਨਾਲ ਫਸਲ ਮੰਡੀ ਵਿੱਚ ਲਿਆਂਦੀ ਅਤੇ ਇਸ ਦੀ ਖਰੀਦ ਸਿਰੇ ਚੜਾਈ ਗਈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ ਵਾਰੀ ਮੁਤਾਬਿਕ ਪਾਸ ਜਾਰੀ ਕੀਤੇ ਜਾਣਗੇ। ਇਹ ਪਾਸ ਆੜਤੀਆਂ ਰਾਹੀਂ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਾਰੀ ਮੁਤਾਬਿਕ ਹੀ ਮੰਡੀਆਂ ਵਿੱਚ ਆਉਣ। ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 844 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 698 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋਏ ਹਨ, ਜਿਨਾਂ ਵਿੱਚੋਂ 668 ਨਤੀਜੇ ਨੈਗੇਟਿਵ ਆਏ ਹਨ, ਜਦਕਿ 146 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਉਨਾਂ ਕਿਹਾ ਕਿ ਅੱਜ ਤੱਕ ਜ਼ਿਲਾ ਲੁਧਿਆਣਾ ਵਿੱਚ 13 ਮਰੀਜ਼ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਵਿੱਚੋਂ 1 ਮਰੀਜ਼ ਜਲੰਧਰ ਅਤੇ 1 ਬਰਨਾਲਾ ਨਾਲ ਸੰਬੰਧਤ ਹੈ।