You are here

ਜ਼ਿਲ੍ਹੇ 'ਚ 2500 ਤੋਂ ਵੱਧ ਆਈਸੋਲੇਸ਼ਨ ਬਿਸਤਰਿਆਂ ਦਾ ਪ੍ਰਬੰਧ : ਡੀ ਸੀ

ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਸ਼ੱਕੀ ਜਾਂ ਹੋਰ ਮਰੀਜ਼ਾਂ ਨੂੰ ਆਈਸੋਲੇਟ ਕਰਨ ਲਈ ਜ਼ਿਲ੍ਹਾ ਲੁਧਿਆਣਾ 'ਚ 2500 ਤੋਂ ਵੱਧ ਦੀ ਬਿਸਤਰਿਆਂ (ਬੈੱਡ) ਦੀ ਸਹੂਲਤ ਮੌਜੂਦ ਹੈ। ਡੀਸੀ ਨੇ ਬੁੱਧਵਾਰ ਨੂੰ ਸਥਾਨਕ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਲੁਧਿਆਣਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਬੰਧਾਂ 'ਤੇ ਪੂਰੀ ਤਸੱਲੀ ਪ੍ਰਗਟਾਈ। ਇਸ ਮੌਕੇ ਲੁਧਿਆਣਾ (ਪੱਛਮੀ) ਦੇ SDM ਅਮਰਿੰਦਰ ਸਿੰਘ ਮੱਲੀ ਤੇ ਹੋਰ ਵੀ ਹਾਜ਼ਰ ਸਨ।

ਡੀ ਸੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ 'ਚ ਇਸ ਬਿਮਾਰੀ ਤੋਂ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਅਤੇ ਜੱਚਾ ਬੱਚਾ ਹਸਪਤਾਲ ਨੇੜੇ ਵਰਧਮਾਨ ਮਿੱਲ ਲੁਧਿਆਣਾ, ਖੰਨਾ, ਸਮਰਾਲਾ, ਰਾਏਕੋਟ, ਜਗਰਾਂਉ ਦੇ ਕਮਿਊਨਿਟੀ ਸਿਹਤ ਕੇਂਦਰਾਂ ਤੋਂ ਇਲਾਵਾ ਨਰਸਿੰਗ ਕਾਲਜ ਰਾਏਕੋਟ, ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਟੈਗੋਰ ਨਗਰ ਦੇ ਸਾਰੇ ਹੋਸਟਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਨੰਬਰ 1, 2, 4 ਤੇ 11 ਤੇ ਪਿੰਡ ਕਿਸ਼ਨਗੜ੍ਹ (ਨੇੜੇ ਬੀਜਾ) ਸਥਿਤ ਕੁਲਾਰ ਕਾਲਜ ਆਫ਼ ਨਰਸਿੰਗ ਦੇ ਹੋਸਟਲਾਂ ਨੂੰ ਲੋੜ ਪੈਣ 'ਤੇ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਵਜੋਂ ਵਰਤਿਆ ਜਾਵੇਗਾ। ਇਨ੍ਹਾਂ ਸਾਰੀਆਂ ਇਮਾਰਤਾਂ ਦੀ ਸਮਰੱਥਾ 2500 ਬਿਸਤਰਿਆਂ ਤੋਂ ਵੱਧ ਹੈ।

ਉਨਾਂ ਦੱਸਿਆ ਕਿ ਹੁਣ ਤਕ 94 ਦੇ ਕਰੀਬ ਸ਼ੱਕੀ ਮਰੀਜ਼ਾਂ ਨੂੰ ਲੋੜੀਂਦੇ ਟੈਸਟਾਂ ਆਦਿ ਲਈ ਭਰਤੀ ਕਰਨ ਦੀ ਲੋੜ ਪਈ ਹੈ। ਜੇਕਰ ਕਿਸੇ ਮਰੀਜ਼ ਨੂੰ ਕੁਆਰੰਟਾਈਨ ਕਰਨ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਘਰ 'ਚ ਹੀ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਜੇਕਰ ਕਿਸੇ ਮਰੀਜ਼ ਨੂੰ ਵੈਂਟੀਲੇਟਰ ਦੀ ਸਹੂਲਤ 'ਤੇ ਰੱਖਣ ਦੀ ਲੋੜ ਪਵੇਗੀ ਤਾਂ ਇਸ ਲਈ ਡੀਐੱਮਸੀ, ਸੀਐੱਮਸੀ, ਐੱਸਪੀਐੱਸ. ਹਸਪਤਾਲ, ਫੋਰਟਿਸ ਹਸਪਤਾਲ, ਮੋਹਨਦਈ ਓਸਵਾਲ ਹਸਪਤਾਲ, ਦੀਪ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਬੈੱਡ ਰਾਖਵੇਂ ਰੱਖੇ ਗਏ ਹਨ।

ਡੀਸੀ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਤੇ ਇਮਾਰਤਾਂ ਦੇ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਸ ਸਥਿਤੀ 'ਚ ਜ਼ਿਲ੍ਹਾ ਤੇ ਸਿਹਤ ਪ੍ਰਸ਼ਾਸਨ ਨੂੰ ਸਹਿਯੋਗ ਦੇਣਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।