ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਹੋਣ ਵਾਲੀ ਢਾਈ ਕੁਇੰਟਲ ਦੀ ਪਾਲਕੀ ਤਰਨ ਤਾਰਨ ਤੋਂ ਗੁ. ਨਾਨਕ ਪਿਆਓ ਭੇਜੀ

ਤਰਨ ਤਾਰਨ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

 ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋ ਸੋਨੇ ਦੀ ਪਾਲਕੀ ਸੁਸ਼ੋਭਿਤ ਹੋਣੀ ਹੈ ਉਹ ਢਾਈ ਕੁਇੰਟਲ ਦੀ ਹੈ ਤੇ ਇਸ 'ਚ ਢਾਈ ਕਿਲੋ ਸੋਨਾ ਲੱਗਾ ਹੋਇਆ ਹੈ | ਇਹ ਸੁਨਹਿਰੀ ਪਾਲਕੀ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਰਵਾਨਾ ਹੋਣ ਵਾਲੇ ਨਗਰ ਕੀਰਤਨ ਨਾਲ ਪਾਕਿਸਤਾਨ ਪਹੁੰਚੇਗੀ | ਇਸ ਸੋਨੇ ਦੀ ਪਾਲਕੀ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਾਉਣ ਲਈ ਇਕ ਵਿਸ਼ੇਸ਼ ਬੱਸ ਵੀ ਤਿਆਰ ਕਰਵਾਈ ਗਈ ਹੈ, ਜਿਸ 'ਚ ਇਸ ਪਾਲਕੀ ਨੂੰ ਰੱਖ ਕੇ ਨਗਰ ਕੀਰਤਨ ਨਾਲ ਪਾਕਿਸਤਾਨ ਭੇਜਿਆ ਜਾਵੇਗਾ | ਇਹ ਪਾਲਕੀ ਸ਼ੁੱਕਰਵਾਰ ਨੂੰ ਡੇਰਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਵਲੋਂ ਤਰਨ ਤਾਰਨ ਤੋਂ ਵਿਸ਼ੇਸ਼ ਬੱਸ 'ਚ ਰੱਖ ਕੇ ਗੁਰਦੁਆਰਾ ਨਾਨਕ ਪਿਆਓ ਦਿੱਲੀ ਲਈ ਰਵਾਨਾ ਕਰ ਦਿੱਤੀ ਗਈ ਹੈ | ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਜਗਤਾਰ ਸਿੰਘ ਦੀ ਅਗਵਾਈ ਹੇਠ ਇਹ ਪਾਲਕੀ ਡੇਢ ਮਹੀਨਾ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਗਈ ਸੀ | ਅੰਮਿ੍ਤਸਰ ਤੇ ਬਨਾਰਸ ਤੋਂ ਇਕ ਦਰਜਨ ਦੇ ਲਗਪਗ ਕਾਰੀਗਰ ਇਸ ਪਾਲਕੀ ਸਾਹਿਬ ਨੂੰ ਤਿਆਰ ਕਰਨ ਲਈ ਦਿਨ ਰਾਤ ਲੱਗੇ ਹੋਏ ਸਨ | ਪਾਲਕੀ ਸਾਹਿਬ ਤੇ ਚੰਦਨ ਦੀ ਲੱਕੜੀ, ਤਾਂਬਾ ਤੇ ਢਾਈ ਕਿੱਲੋ ਸੋਨਾ ਲਗਾਇਆ ਗਿਆ ਹੈ | ਲਗਪਗ ਢਾਈ ਕੁਇੰਟਲ ਦੀ ਇਸ ਸੋਨੇ ਦੀ ਪਾਲਕੀ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹੈਡ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਨੇ ਅਰਦਾਸ ਕਰਕੇ ਰਵਾਨਾ ਕੀਤਾ | ਇਸ ਮੌਕੇ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਬਣਾਈ ਗਈ ਇਹ ਪਾਲਕੀ ਸਾਹਿਬ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗੀ | ਇਸ ਮੌਕੇ ਮੈਨੇਜਰ ਬਲਵਿੰਦਰ ਸਿੰਘ ਉਬੋਕੇ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਭਰ 'ਚ ਗੁਰੂ ਜੀ ਦਾ ਪਾਵਨ ਦਿਹਾੜਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 2006 'ਚ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਪੁਰਬ ਮੌਕੇ ਬਾਬਾ ਜਗਤਾਰ ਸਿੰਘ ਵਲੋਂ ਸੋਨੇ ਦੀ ਪਾਲਕੀ ਤਿਆਰ ਕਰਵਾਈ ਗਈ ਸੀ ਤੇ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਲਕੀ ਸਾਹਿਬ ਲੈ ਕੇ ਪਾਕਿਸਤਾਨ ਗਏ ਸਨ |