ਗੁਰਦੁਆਰਾ ਮਿਲਟਨਕੀਨ ਵਿਖੇ ਨਤਮਸਤਕ ਹੋਏ ਬਰਤਾਨਵੀ ਪ੍ਰਧਾਨ ਮੰਤਰੀ

ਮਿਲਟਨਕੀਨ/ਇੰਗਲੈਂਡ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਇੰਗਲੈਂਡ ਦੇ ਸ਼ਹਿਰ ਮਿਲਟਨਕੀਨ ਦੇ ਗੁਰੂ ਘਰ ਵਿਖੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਤਮਸਤਕ ਹੋਏ ਅਤੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ | ਉਨ੍ਹਾਂ ਇਸ ਮੌਕੇ ਸਿੱਖ ਭਾਈਚਾਰੇ ਵਲੋਂ ਦੇਸ਼ ਦੀ ਆਰਥਿਕਤਾ, ਵਿਕਾਸ, ਸਮਾਜਿਕ ਅਤੇ ਹਰ ਪੱਖ ਤੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਆਪਣੇ ਇਕ ਨਿੱਜੀ ਵੀਡੀਓ ਸੁਨੇਹੇ ਵਿਚ ਦੱਖਣੀ ਵੇਲਜ਼ ਤੋਂ ਕੰਜ਼ਰਵੇਟਿਵ ਪਾਰਟੀ ਦੀ ਐਲਾਨੀ ਉਮੀਦਵਾਰ ਗੁਰਜੀਤ ਕੌਰ ਬੈਂਸ ਦੀ ਹਮਾਇਤ ਲਈ ਅਗਾਊ ਅਪੀਲ ਵੀ ਕੀਤੀ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਗੁਰੂ ਘਰ ਵਿਚ ਪ੍ਰਸ਼ਾਦੇ ਬਣਾ ਕੇ ਲੰਗਰ ਦੀ ਸੇਵਾ ਵੀ ਕੀਤੀ | ਉਨ੍ਹਾਂ ਇਸ ਮੌਕੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ | ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੌਸਲਰ ਗੁਰਜੀਤ ਕੌਰ ਬੈਂਸ, ਦਵਿੰਦਰ ਸਿੰਘ ਸ਼ਿੰਕਚੀਏ ਵੰਨ, ਅਮਰੀਕ ਸਿੰਘ ਕੂਨਰ ਆਦਿ ਹਾਜ਼ਰ ਸਨ |