ਲਾਂਘਾ ਖੁੱਲ੍ਹਣ ਨਾਲ ਪਾਕਿ ਦੀ ਅਰਥ-ਵਿਵਸਥਾ ਨੂੰ ਮਿਲੇਗਾ ਹੁਲਾਰਾ-ਇਮਰਾਨ ਖ਼ਾਨ

ਲਾਹੌਰ, ਅਕਤੂਬਰ 2019- (ਏਜੰਸੀ)-

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਫ਼ੇਸਬੁਕ ਪੋਸਟ 'ਚ ਕਿਹਾ ਕਿ ਪਾਕਿਸਤਾਨ ਦੁਨੀਆ ਭਰ 'ਚ ਵਸਦੇ ਸਿੱਖ ਸ਼ਰਧਾਲੂਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਪੂਰੀ ਤਰਾਂ ਤਿਆਰ ਹੈ ਕਿਉਂਕਿ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਆਖਰੀ ਪੜਾਅ 'ਚ ਹਨ ਤੇ 9 ਨਵੰਬਰ ਨੂੰ ਲਾਂਘੇ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ | ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੁੱਲ੍ਹਾ ਰਹੇਗਾ | ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਅਤੇ ਦੁਨੀਆ ਭਰ ਤੋਂ ਸਿੱਖ ਸ਼ਰਧਾਲੂ ਆਉਣਗੇ | ਇਹ ਸਿੱਖਾਂ ਲਈ ਵੱਡਾ ਧਾਰਮਿਕ ਕੇਂਦਰ ਬਣ ਜਾਵੇਗਾ ਤੇ ਸਥਾਨਿਕ ਅਰਥ-ਵਿਵਸਥਾ ਨੂੰ ਹੁਲਾਰਾ ਦੇਵੇਗਾ, ਜਿਸ ਦੇ ਫਲਸਰੂਪ ਦੇਸ਼ 'ਚ ਵਿਦੇਸ਼ੀ ਮੁਦਰਾ ਆਵੇਗੀ ਅਤੇ ਸੈਰ-ਸਪਾਟਾ ਅਤੇ ਮਹਿਮਾਨਨਿਵਾਜ਼ੀ ਦੇ ਖੇਤਰ 'ਚ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ | ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ 'ਚ ਧਾਰਮਿਕ ਸੈਰ-ਸਪਾਟਾ ਵਧ ਰਿਹਾ ਹੈ | ਪਹਿਲਾਂ ਬੋਧੀ ਭਿਕਸ਼ੂਆਂ ਨੇ ਰੀਤੀ-ਰਿਵਾਜਾਂ ਲਈ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਹੁਣ ਕਰਤਾਰਪੁਰ ਲਾਂਘਾ ਖੋਲਿ੍ਹਆ ਜਾ ਰਿਹਾ ਹੈ |