ਪਿੰਡ ਚੋਟੀਆਂ ਠੋਬਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਆਯੋਜਿਤ

ਵਧੇਰੇ ਦੁੱਧ ਉਤਪਾਦਨ ਲਈ ਨਸਲ ਸੁਧਾਰ ਜਰੂਰੀ-ਨਿਰਵੈਰ ਸਿੰਘ ਬਰਾੜ

ਮੋਗਾ, 04 ਫਰਵਰੀ:(ਜਸਵਿੰਦਰ ਸਿੰਘ ਰੱਖਰਾ)ਖੇਤੀਬਾੜੀ ਵਿੱਚ ਵਿਭਿੰਨਤਾ ਅਤੇ ਕਿਸਾਨਾਂ ਨੂੰ ਸਮੇਂ ਹਾਣੀ ਬਣਾਉਣ ਲਈ ਡੇਅਰੀ ਵਿਕਾਸ ਵਿਭਾਗ ਅਤੇ ਡੇਅਰੀ ਵਿਕਾਸ ਬੋਰਡ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਸੇ ਲੜੀ ਤਹਿਤ ਅੱਜ਼ 3 ਫਰਵਰੀ, 2023 ਨੂੰ ਪਿੰਡ ਚੋਟੀਆਂ ਠੋਬਾ ਬਲਾਕ ਬਾਘਾਪੁਰਾਣਾ ਜਿ਼ਲ੍ਹਾ ਮੋਗਾ ਵਿਖੇ ਇੱਕ ਵਿਸ਼ੇਸ਼ ਉਪਰਾਲੇ ਤਹਿਤ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰੀ ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਿਸਾਨਾਂ ਨੂੰ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲ-ਮੰਤਰ ਅਤੇ ਡੇਅਰੀ ਕਿੱਤੇ ਦੀ ਮਹੱਤਤਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਅਲੱਗ-ਅਲੱਗ ਵਿਸ਼ੇ ਮਾਹਿਰਾਂ ਨੇ ਆਪਣੀ ਵਡਮੁੱਲੀ ਜਾਣਕਾਰੀ ਦਿੱਤੀ ਜਿਸ ਵਿੱਚ ਸ੍ਰੀ ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਨੇ ਸਾਫ਼ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਪਸ਼ੂ ਪਾਲਣ ਵਿਭਾਗ ਤੋਂ ਡਾ. ਮੀਨਾਕਸ਼ੀ ਨੇ ਪਸ਼ੂਆਂ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕੀਤਾ।

ਵਿਭਾਗੀ ਟੀਮ ਸ੍ਰੀਮਤੀ ਨਵਦੀਪ ਕੌਰ, ਸ੍ਰੀ ਦਰਸ਼ਪ੍ਰੀਤ ਸਿੰਘ ਦੁਆਰਾ ਮੋਬਾਇਲ ਵੈਨ ਰਾਹੀਂ ਕਿਸਾਨਾਂ ਵੱਲੋਂ ਲਿਆਂਦੀ ਕੈਟਲ ਫੀਡ ਦੇ 35 ਸੈਂਪਲ ਚੈੱਕ ਕਰਕੇ ਰਿਪੋਰਟ ਮੌਕੇ ਤੇ ਹੀ ਕਿਸਾਨਾਂ ਨੂੰ ਦਿੱਤੀ।