ਸਦੀਆਂ ਪੁਰਾਣਾ ਕੋਰੋਨਾ!  ✍️ ਸਲੇਮਪੁਰੀ ਦੀ ਚੂੰਢੀ

ਸਦੀਆਂ ਪੁਰਾਣਾ ਕੋਰੋਨਾ! 

ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਬਹੁਤ ਚਿੰਤਾ ਜਤਾਈ ਜਾ ਰਹੀ ਹੈ ਅਤੇ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਬਿਮਾਰੀ ਇੱਕ ਛੂਆ-ਛਾਤ ਦੀ ਬਿਮਾਰੀ ਹੈ, ਇਸ ਲਈ ਇਸ ਤੋਂ ਬਚਾਅ ਲਈ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਇਸ ਦੀ ਲਾਗ ਨਾ ਲੱਗ ਸਕੇ। ਉਂਝ ਦੇਸ਼ ਵਿਚ ਹੁਣ ਤੱਕ ਜਿੰਨੇ ਵੀ ਵਿਅਕਤੀ ਇਸ ਵਾਇਰਸ ਦੀ ਲਪੇਟ ਵਿਚ ਆਏ ਹਨ, ਦੇ ਵਿੱਚੋ ਬਹੁਤ ਸਾਰੇ ਠੀਕ ਹੋਣੇ ਵੀ ਸ਼ੁਰੂ ਹੋ ਗਏ ਹਨ। ਡਾਕਟਰਾਂ ਮੁਤਾਬਿਕ ਇਹ ਬਿਮਾਰੀ ਦੇਸ਼ ਵਿਚ ਲੰਬਾ ਸਮਾਂ ਨਹੀਂ ਰਹੇਗੀ ਪਰ ਜੇ ਰਹੇਗੀ ਵੀ ਤਾਂ ਇਸ ਦਾ ਬੁਰਾ ਪ੍ਰਭਾਵ ਨਹੀਂ ਪਵੇਗਾ ਅਤੇ ਜੇ ਪਵੇਗਾ ਵੀ ਤਾਂ ਨਾਲੋ ਨਾਲ ਖਤਮ ਹੋਣਾ ਸ਼ੁਰੂ ਹੋ ਜਾਵੇਗਾ, ਇਸ ਲਈ ਇਸ ਤੋਂ ਡਰਨ ਦੀ ਲੋੜ ਨਹੀਂ ਹੈ,ਪਰ ਬਚਾ ਲਈ  ਸਾਵਧਾਨੀ ਵਰਤਣੀ ਜਰੂਰੀ ਹੈ। ਡਾਕਟਰਾਂ ਵਲੋ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਬਿਮਾਰੀ ਤੋਂ ਬਚਾਅ ਕਰਨਾ ਹੈ ਪਰ ਇਸ ਦੀ ਲਪੇਟ ਵਿਚ ਆਏ ਬਿਮਾਰਾਂ ਤੋਂ ਨਫਰਤ ਨਹੀਂ ਕਰਨੀ ਚਾਹੀਦੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਬਿਮਾਰੀ ਛੂਆ-ਛਾਤ ਦੀ ਬਿਮਾਰੀ ਜਰੂਰ ਹੈ, ਪਰ ਬਹੁਤ ਜਿਆਦਾ ਖਤਰਨਾਕ ਨਹੀਂ ਹੈ।ਹੁਣ ਅਸੀਂ ਜਦੋਂ ਦੇਸ਼ ਦੀ ਸਮੁੱਚੀ ਪ੍ਰਸਥਿਤੀ ਉਪਰ ਝਾਤ ਮਾਰ ਕੇ ਵੇਖਦੇ ਹਾਂ ਤਾਂ ਪਤਾ ਲੱਗਦਾ ਕਿ ਭਾਰਤ ਲਈ ਕੋਰੋਨਾ ਕੋਈ ਨਵੀਂ ਛੂਆ-ਛਾਤ ਦੀ ਬਿਮਾਰੀ ਨਹੀਂ ਹੈ ਕਿਉਂਕਿ ਇਥੇ ਤਾਂ ਸਦੀਆਂ ਤੋਂ ਨਾਮੁਰਾਦ ਜਾਤ-ਪਾਤ ਅਤੇ ਛੂਆ-ਛਾਤ ਦੀ ਬਿਮਾਰੀ ਚਲਦੀ ਆ ਰਹੀ ਹੈ, ਜਿਹੜੀ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਸਗੋਂ ਦਿਨ-ਬ-ਦਿਨ ਵੱਧ ਦੀ ਜਾ ਰਹੀ ਹੈ।  ਉਂਝ ਜਿਥੇ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ ਪਰ ਉਥੇ ਐਨ ਇਸ ਦੇ ਉਲਟ ਸਮੇਂ ਸਮੇਂ ਦੀਆਂ ਸਰਕਾਰਾਂ, ਧਰਮ ਦੇ ਠੇਕੇਦਾਰਾਂ, ਆਪਣੇ ਆਪ ਨੂੰ ਸਮਾਜਿਕ ਇੰਜੀਨੀਅਰ ਅਤੇ ਬੁੱਧੀਜੀਵੀ ਕਹਾਉਣ ਵਾਲੇ ਅਖੌਤੀ ਕਲਮਕਾਰਾਂ ਵਲੋਂ ਜਾਤ-ਪਾਤ ਦੇ ਵਾਇਰਸ ਨੂੰ ਖਤਮ ਕਰਨ ਦੀ ਥਾਂ ਹਮੇਸ਼ਾ ਲਈ ਅਗਿਓੰ ਫੈਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਜੋ ਹੁਣ ਵੀ ਨਿਰਵਿਘਨ ਜਾਰੀ ਹਨ,ਲੋਕਾਂ ਨੂੰ ਜਾਤ ਪਾਤ ਦੇ ਅਧਾਰ ਤੇ ਵੰਡ ਕੇ ਸਿਆਸੀ ਅਤੇ ਧਾਰਮਿਕ ਲਾਭ ਉਠਾਇਆ ਜਾ ਰਿਹਾ ਹੈ, ਜਿਸ ਕਰਕੇ ਭਾਰਤ ਵਿਚ ਸਦੀਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਜਾਤ-ਪਾਤ ਦੇ ਵਾਇਰਸ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਸ਼ਹਿਰ ਵੁਹਾਨ ਵਿਚ ਵਿਗਿਆਨਕ ਖੋਜਾਂ ਲਈ ਸਥਾਪਿਤ ਕੀਤੀ ਪ੍ਰਯੋਗਸ਼ਾਲਾ ਵਿਚ ਜਾਣੇ-ਅਣਜਾਣੇ ਵਿਚ ਕੀਤੀ ਗਲਤੀ ਨਾਲ ਕੋਰੋਨਾ ਵਾਇਰਸ ਬਾਹਰ ਫੈਲਿਆ  ਅਤੇ ਹੁਣ ਉਸ ਨੂੰ ਖਤਮ ਕਰਨ ਲਈ ਵੀ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਜਿਸ ਕਰਕੇ ਇਹ ਵਾਇਰਸ ਇਕ ਦਿਨ ਖਤਮ ਹੋ ਜਾਵੇਗਾ, ਜੇ ਰਹੇਗਾ ਵੀ ਤਾਂ ਪ੍ਰਭਾਵਹੀਣ ਹੋ ਕੇ ਰਹਿ ਜਾਵੇਗਾ, ਪਰ ਭਾਰਤ ਵਿਚ ਕਈ ਸਦੀਆਂ ਪਹਿਲਾਂ ਸਥਾਪਿਤ ਕੀਤੀ ਗਈ ਮਨੂੰ-ਸਿਮਰਤੀ ਪ੍ਰਯੋਗਸ਼ਾਲਾ ਵਿਚ  ਸਦੀਆਂ  ਪੁਰਾਣਾ  ਜਾਤ-ਪਾਤ ਦਾ ਵਾਇਰਸ ਜਿਉ ਦੀ ਤਿਉਂ ਹੈ, ਹੋਰ ਤਾਂ ਹੋਰ ਦੇਸ਼ ਨੂੰ ਆਜ਼ਾਦ ਹੋਇਆਂ ਵੀ 73 ਸਾਲ ਬੀਤ ਗਏ ਹਨ, ਫਿਰ ਵੀ ਇਹ ਵਾਇਰਸ  ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਜਦ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਪ੍ਰਯੋਗਸ਼ਾਲਾ ਵਿਚ ਜਾਤ - ਪਾਤ ਦੇ ਵਾਇਰਸ ਨੂੰ ਖਤਮ ਕਰਨ ਲਈ ਬਹੁਤ ਫਾਰਮੂਲੇ  ਹੋਂਦ ਵਿਚ ਲਿਆਕੇ ਕੋਸ਼ਿਸ਼ ਕੀਤੀ ਤਾਂ ਜੋ  ਇੱਕ ਨਵ-ਭਾਰਤ ਦੀ ਉਸਾਰੀ ਸੰਭਵ ਹੋ ਸਕੇ, ਪਰ ਮਨੂ-ਸਿਮਰਤੀ ਨਾਂ ਦੀ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਗਏ ਜਾਤ - ਪਾਤ ਦੇ ਵਾਇਰਸ ਨੂੰ ਖਤਮ ਕਰਨ ਲਈ ਉਹ ਉਨੇ ਸਫਲ ਨਹੀਂ ਹੋ ਸਕੇ ਜਿੰਨੀ ਸੰਭਾਵਨਾ ਜਤਾਈ ਜਾ ਰਹੀ ਸੀ। ਜਾਤ -ਪਾਤ ਦਾ ਵਾਇਰਸ ਕੇਵਲ ਸਮਾਜ ਵਿਚ ਹੀ ਨਹੀਂ ਬਲਕਿ ਇਹ ਰੱਬ ਦੇ ਘਰਾਂ ਜਾਣੀ ਧਾਰਮਿਕ ਸਥਾਨਾਂ, ਬਾਬਿਆਂ ਦੇ ਡੇਰਿਆਂ ਸਮੇਤ ਧਾਰਮਿਕ ਬਾਬਿਆਂ /ਧਰਮ ਦੇ  ਠੇਕੇਦਾਰਾਂ ਦੇ ਦਿਮਾਗ ਵਿਚ ਬੁਰੀ ਤਰ੍ਹਾਂ ਬੈਠ ਗਿਆ ਹੈ, ਜਿਹੜਾ ਸੌ ਸੌ ਮਣ ਸਾਬਣ ਅਤੇ ਲੱਖਾਂ ਲੀਟਰ ਸੈਨੀਟਾਈਜ਼ਰ ਦੇ ਨਾਲ ਧੋਣ ਦੇ ਬਾਵਜੂਦ ਵੀ ਖਤਮ ਨਹੀਂ ਹੋ ਰਿਹਾ।

ਜਿਸ ਤਰ੍ਹਾਂ ਹੁਣ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ ਦੇ ਸਰੀਰ ਉਪਰ ਕੋਈ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਜੋ ਪਛਾਣ ਹੋ ਸਕੇ ਕਿ ਉਹ ਕੋਰੋਨਾ ਪਾਜ਼ੀਟਿਵ ਹੈ, ਇਸ ਲਈ ਬਚਾਅ ਲਈ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਇਸੇ ਤਰ੍ਹਾਂ ਹੀ ਦੇਸ਼ ਵਿਚ ਸ਼ੂਦਰ ਲੋਕਾਂ ਦੇ ਬੱਚਿਆਂ ਦੇ ਮਨੂੰ-ਸਿਮਰਤੀ ਦੇ ਅਧਾਰ  'ਤੇ ਲੱਕ ਦੇ ਦੁਆਲੇ ਘੁੰਗਰੂਆਂ ਵਾਲੀ ਤੜਾਗੀ ਬੰਨੀ ਜਾਂਦੀ ਸੀ ਤਾਂ ਜੋ ਅਖੌਤੀ ਉੱਚ ਜਾਤੀ ਦੇ ਵਿਅਕਤੀਆਂ ਨੂੰ ਦੂਰੋਂ ਹੀ ਪਤਾ ਲੱਗ ਸਕੇ ਕਿ ਤੜਾਗੀ ਵਾਲੇ  ਬੱਚੇ ਸ਼ੂਦਰ ਹਨ ਇਸ ਲਈ ਉਨ੍ਹਾਂ ਕੋਲੋਂ ਦੂਰੋਂ ਲੰਘਿਆ ਜਾਵੇ ਤਾਂ ਜੋ ਭਿੱਟ ਨਾ ਚੜ੍ਹ ਸਕੇ ਅਤੇ ਇਸ ਤਰ੍ਹਾਂ ਹੀ ਸ਼ੂਦਰਾਂ ਦੀ ਪਛਾਣ ਲਈ ਉਨ੍ਹਾਂ ਦੇ ਪਿਛੇ ਝਾੜੂ ਬੰਨ੍ਹੇ ਜਾਂਦੇ ਸਨ। ਸ਼ੂਦਰਾਂ ਦੇ ਪ੍ਰਛਾਵੇਂ ਦਾ ਵਾਇਰਸ ਵੀ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਸੀ, ਇਸ ਕਰਕੇ ਸ਼ੂਦਰਾਂ ਉਪਰ ਇਹ ਕਨੂੰਨ ਲਾਗੂ ਕੀਤਾ ਗਿਆ ਸੀ ਕਿ ਉਹ ਜਦੋਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਣਗੇ ਤਾਂ ਦੁਪਹਿਰ ਵੇਲੇ ਨਿਕਲਣਗੇ ਕਿਉਂਕਿ ਉਸ ਵੇਲੇ ਸੂਰਜ ਸਿਰ 'ਤੇ ਹੋਣ ਕਾਰਨ ਪ੍ਰਛਾਵਾਂ ਬਹੁਤ ਛੋਟਾ ਹੁੰਦਾ ਹੈ ਜੋ ਦੂਜੇ ਉਪਰ ਨਹੀਂ ਪੈਂਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਚੀਨ ਤੋਂ ਆਏ ਕੋਰੋਨਾ ਵਾਇਰਸ ਨਾਲੋਂ ਦੇਸ਼ ਵਿਚ ਸਦੀਆਂ ਤੋਂ ਫੈਲਿਆ ਜਾਤ-ਪਾਤ ਦਾ ਕੋਰੋਨਾ ਵਾਇਰਸ ਬਹੁਤ ਖਤਰਨਾਕ ਵਾਇਰਸ ਹੈ। ਚੀਨੀ ਕੋਰੋਨਾ ਵਾਇਰਸ ਜੋ ਕੋਵਿਡ - 19 ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਦਿਨ ਖਤਮ ਹੋ ਜਾਵੇਗਾ, ਪਰ ਦੇਸ਼ ਫੈਲਿਆ ਜਾਤ-ਪਾਤ ਦੇ ਵਾਇਰਸ ਦਾ ਅੰਤ ਅਸੰਭਵ ਹੈ। ਕੋਰੋਨਾ ਪੀੜਤਾਂ ਦੀ ਲਾਗ ਤੋਂ ਬਚਾਅ ਲਈ ਜਿਸ ਤਰ੍ਹਾਂ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡਾਂ ਵਿਚ ਵੱਖਰਾ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸ਼ੂਦਰਾਂ ਜਿਨ੍ਹਾਂ ਨੂੰ ਹੁਣ  ਸੋਧੇ ਹੋਏ ਸ਼ਬਦ ਦਲਿਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪਿੰਡਾਂ /ਕਸਬਿਆਂ /ਸ਼ਹਿਰਾਂ ਵਿਚ ਸਦੀਆਂ ਤੋਂ ਆਈਸੋਲੇਟਿਡ ਕਰਕੇ ਰੱਖਿਆ ਹੈ। ਸ਼ੂਦਰਾਂ ਦੀਆਂ ਪਿੰਡਾਂ /ਸ਼ਹਿਰਾਂ ਵਿਚ ਕਲੌਨੀਆਂ ਆਮ ਸਮਾਜ ਦੇ ਲੋਕਾਂ ਨਾਲੋਂ ਵੱਖਰੀਆਂ ਹਨ। ਸੱਚ ਤਾਂ ਇਹ ਹੈ ਕਿ ਜਿਸ ਤਰ੍ਹਾਂ ਹੁਣ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥ ਵਿਵਸਥਾ ਨੂੰ ਆਰਜੀ ਮਾਰ ਪਈ ਹੈ, ਦੇ ਮੁਕਾਬਲੇ ਜਾਤ - ਪਾਤ ਦੇ ਵਾਇਰਸ ਦੀ ਮਾਰ ਸਦੀਆਂ ਤੋਂ ਪੈ ਰਹੀ ਹੈ ਅਤੇ ਦੇਸ਼ ਦੀ ਅਜਾਦੀ ਤੋਂ ਬਾਅਦ ਵੀ ਨਿਰਵਿਘਨ ਜਾਰੀ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਦੇਸ਼ ਵਿਚ ਖਣਿਜ ਪਦਾਰਥਾਂ ਅਤੇ ਮਨੁੱਖੀ ਸ਼ਕਤੀ ਦੀ ਬਹੁਤਾਤ ਪਾਏ ਜਾਣ ਦੇ ਬਾਵਜੂਦ ਵੀ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਿਚ ਅਜੇ ਤਕ ਉਨ੍ਹਾਂ ਸਫਲ ਨਹੀਂ ਹੋ ਸਕਿਆ ਜੋ ਸੁਪਨਾ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਨੇ ਸਿਰਜਿਆ  ਸੀ, ਕਿਉਂਕਿ ਜਾਤ - ਪਾਤ ਵਾਇਰਸ ਜੋ ਛੂਤ ਦਾ ਵਾਇਰਸ ਹੈ, ਉਹ ਕੇਵਲ ਸਰੀਰਕ ਤੌਰ 'ਤੇ ਹੀ ਨਹੀਂ ਬਲਕਿ ਮਾਨਸਿਕ ਤੌਰ ' ਤੇ ਵੀ ਸਾਡੇ ਅੰਦਰ ਦਾਖਲ ਹੈ, ਜਿਸ ਦਾ ਇਲਾਜ ਕਰਨਾ ਅਸੰਭਵ ਬਣ ਚੁੱਕਿਆ ਹੈ। 

-ਸੁਖਦੇਵ ਸਲੇਮਪੁਰੀ

09780620233

18ਮਈ, 2020