ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਿਸ਼ੇਸ਼ ਬੱਸ 'ਚ 16 ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਕਰਵਾਏ ਜਾਣਗੇ ਦਰਸ਼ਨ

ਅੰਮਿ੍ਤਸਰ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਕ ਹੋਰ ਨਿਵੇਕਲੀ ਪਹਿਲ ਕਰਦਿਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੋਨੇ, ਹੀਰੇ ਤੇ ਲਾਲਾਂ ਦੀ ਸਿਆਹੀ ਨਾਲ ਤਿਆਰ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਾਉਣ ਲਈ ਅਤਿ-ਆਧੁਨਿਕ ਸਹੂਲਤਾਂ ਵਾਲੀ ਇਕ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ, ਜਿਸ 'ਤੇ 62 ਲੱਖ ਰੁਪਏ ਲਾਗਤ ਆਈ ਹੈ | ਟਰੱਸਟ ਦੇ ਬਾਨੀ ਤੇ ਉੱਘੇ ਸਮਾਜ ਸੇਵੀ ਡਾ: ਐਸ ਵੀ ਸਿੰਘ ਉਬਰਾਏ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਇਹ ਵਿਸ਼ੇਸ਼ ਬੱਸ 21 ਅਕਤੂਬਰ ਨੂੰ ਪੰਜਾਬੀ 'ਵਰਸਿਟੀ ਪਟਿਆਲਾ ਤੋਂ ਰਵਾਨਾ ਕੀਤੀ ਜਾਵੇਗੀ ਤੇ ਇਸ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬੱਸ 'ਚ 16 ਪੁਰਾਤਨ ਦੁਰਲੱਭ ਹੱਥ ਲਿਖਤ ਪਾਵਨ ਸਰੂਪ ਸੁਸ਼ੋਭਿਤ ਕੀਤੇ ਜਾਣਗੇ | ਟਰੱਸਟ ਦੀ ਸਥਾਨਕ ਜ਼ਿਲ੍ਹਾ ਇਕਾਈ ਦੇ ਪ੍ਰਬੰਧਕਾਂ ਸੁਖਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬੱਸ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸੁਰੇਸ਼ ਕੁਮਾਰ, ਉਪ-ਕੁਲਪਤੀ ਡਾ: ਬੀ. ਐੱਸ. ਘੁੰਮਣ ਤੇ ਡਾ: ਐਸ. ਪੀ. ਸਿੰਘ ਓਬਰਾਏ 21 ਅਕਤੂਬਰ ਨੂੰ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਤੋਂ ਰਵਾਨਾ ਕਰਨਗੇ |