ਪਿੰਡ ਬੌਡੇ, ਮੋਗਾ ਨੇੜੇ ਵਾਪਰੇ ਸੜਕ ਹਾਦਸੇ 'ਚ 4 ਬਰਾਤੀਆਂ ਦੀ ਮੌਤ-3 ਗੰਭੀਰ ਜ਼ਖ਼ਮੀ

ਬੱਧਨੀ ਕਲਾਂ/ਮੋਗਾ, ਅਕਤੂਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )- ਬੀਤੀ ਦੇਰ ਸ਼ਾਮ ਮੋਗਾ ਬਰਨਾਲਾ ਰੋਡ 'ਤੇ ਪਿੰਡ ਬੌਡੇ ਕੋਲ ਵਾਪਰੇ ਦਰਦਨਾਕ ਸੜਕ ਹਾਦਸੇ 'ਚ 4 ਜਣਿਆਂ ਦੀ ਮੌਤ ਹੋ ਗਈ ਜਦਕਿ 3 ਗੰਭੀਰ ਰੂਪ 'ਚ ਜ਼ਖਮੀ ਹੋ ਗਏ | ਜਾਣਕਾਰੀ ਮੁਤਾਬਿਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਤੋਂ ਜਸਪ੍ਰੀਤ ਸਿੰਘ ਲਾੜੀ ਨੂੰ ਵਿਆਹੁਣ ਲਈ ਸਥਾਨਕ ਮੋਗਾ ਸ਼ਹਿਰ ਦੇ ਪ੍ਰਾਈਮ ਫਾਰਮ 'ਚ ਆਇਆ ਸੀ ਤੇ ਜਦੋਂ ਬਰਾਤ ਵਾਪਸ ਪਰਤੀ ਤਾਂ ਕੁਝ ਬਰਾਤੀ ਆਪਣੀ ਬੋਲੈਰੋ ਗੱਡੀ 'ਤੇ ਸਵਾਰ ਹੋ ਕੇ ਵਾਪਸ ਤਾਜੋਕੇ ਜਾ ਰਹੇ ਸਨ | ਜਦੋਂ ਉਹ ਦੇਰ ਸ਼ਾਮ ਕਰੀਬ 9 ਵਜੇ ਮੋਗਾ ਬਰਨਾਲਾ ਰੋਡ 'ਤੇ ਪਿੰਡ ਬੌਡੇ ਕੋਲ ਪੁੱਜੇ ਤਾਂ ਅੱਗੇ ਤੋਂ ਆ ਰਹੀ ਮਾਲਵਾ ਟਰਾਂਸਪੋਰਟ ਕੰਪਨੀ ਦੀ ਬੱਸ ਨਾਲ ਉਨ੍ਹਾਂ ਦੀ ਬੋਲੈਰੋ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਬੋਲੈਰੋ ਗੱਡੀ 'ਚ ਸਵਾਰ ਸੁਖਪਾਲ ਸਿੰਘ (40) ਪੁੱਤਰ ਭੂਰਾ ਸਿੰਘ ਵਾਸੀ ਆਕਲੀਆ (ਮਾਨਸਾ), ਇਕਬਾਲ ਸਿੰਘ (28) ਪੁੱਤਰ ਅਵਤਾਰ ਸਿੰਘ ਵਾਸੀ ਤਾਜੋਕੇ (ਬਰਨਾਲਾ), ਸੁਖਦੀਪ ਸਿੰਘ (27) ਪੁੱਤਰ ਕੁਲਵੰਤ ਸਿੰਘ ਵਾਸੀ ਤਾਜੋਕੇ, ਪੁਸ਼ਪਿੰਦਰ ਸਿੰਘ (30) ਪੁੱਤਰ ਜਿਉਣ ਸਿੰਘ ਵਾਸੀ ਤਾਜੋਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਹਰਪਾਲ ਸਿੰਘ ਤਾਜੋਕੇ, ਬਲਕਾਰ ਸਿੰਘ ਰਵੀ ਤਾਜੋਕੇ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਜਦਕਿ ਇਕ ਜ਼ਖਮੀ ਹਰਬੰਸ ਸਿੰਘ ਮੋਗਾ ਦੇ ਹਸਪਤਾਲ ਮਿਡੀਸਿਟੀ 'ਚ ਜੇਰੇ ਇਲਾਜ ਹੈ |

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੱਧਨੀ ਕਲਾਂ ਦੇ ਸਬ ਇੰਸਪੈਕਟਰ ਜਗਨਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸੱਜਣ ਸਿੰਘ ਮੌਕੇ 'ਤੇ ਪਹੁੰਚੇ | ਸਬ-ਇੰਸਪੈਕਟਰ ਜਗਨਦੀਪ ਸਿੰਘ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਜਦਕਿ ਬੱਸ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਬੱਸ ਚਾਲਕ ਉੱਪਰ ਅੰਡਰ ਸੈਕਸ਼ਨ 304 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ |