ਕਿਸਾਨ ਸੰਘਰਸ਼ ਮੋਰਚੇ ਨੇ ਕਿਰਤ ਕਨੂੰਨ ਲਾਗੂ ਕਰਨ ਖਿਲਾਫ ਕੀਤੀ ਆਵਾਜ ਬੁਲੰਦ /ਮੋਰਚੇ ਨੇ ਪੂਰੇ ਕੀਤੇ ਢਾਈ ਸੋ ਦਿਨ  

   ਜਗਰਾਉਂ ਜੂਨ 2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪਿਛਲੇ ਢਾਈ ਸੌ ਦਿਨ ਤੋਂ  ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਮੋਦੀ ਹਕੂਮਤ ਵਲੋਂ ਲਾਗੂ ਕੀਤੇ ਜਾ ਰਹੇ  ਕਿਰਤ ਕੋਡ ਦਾ ਤਿੱਖਾ ਵਿਰੋਧ ਕਰਦਿਆਂ ਇਨਾਂ ਨੂੰ ਤੁਰਤ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ  ਨੇ ਕਿਹਾ ਕਿ ਸੰਸਾਰ ਭਰ ਚ ਗਰੀਬੀ ਦੇ ਮਾਮਲੇ ਚ ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਹੇਠਾਂ ਚਲੇ ਗਏ ਇਸ ਮੁਲਕ ਚ ਮਜਦੂਰਾਂ ਦੇ ਹਲਕ ਚੋਂ ਜਾਂਦੀ ਆਖਰੀ ਬੁਰਕੀ ਖੋਹਣ ਦਾ ਵੀ ਇੰਤਜਾਮ ਕਰ ਲਿਆ ਗਿਆ ਹੈ। ਕਾਰਪੋਰੇਟ ਜਗਤ ਦੀ ਅੰਨੀ ਲੁੱਟ ਚ ਬੇਅਥਾਹ ਵਾਧਾ ਕਰਨ ਲਈ ਕਿਸਾਨਾਂ ਤੋਂ ਬਾਅਦ ਹੁਣ ਮਜਦੂਰਾਂ ਦੀ ਸੰਘੀ ਨੂੰ ਹੱਥ  ਪਾਇਆ ਗਿਆ ਹੈ। ਉਨਾਂ ਦੇਸ਼ ਭਰ ਦੀ ਮਜਦੂਰ ਜਮਾਤ ਵਲੋਂ ਹਜਾਰਾਂ ਕੁਰਬਾਨੀਆਂ ਦੇ ਕੇ ਹਾਸਲ ਕੀਤੇ ਹੱਕਾਂ ਦੀ ਰਾਖੀ ਲਈ ਮਜਦੂਰ ਜਮਾਤ ਨੂੰ ਸੰਘਰਸ਼ ਦੇ ਪਿੜ ਮਘਾਉਣ ਦਾ ਸੱਦਾ ਦਿੱਤਾ।ਇਕ ਮਤੇ ਰਾਹੀਂ ਹਰਿਆਣਾ ਦੇ ਟੋਹਾਣਾ ਕਸਬੇ ਚ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾ ਕਰਵਾਉਣ ਅਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਵੀ ਜੋਰਦਾਰ ਮੰਗ ਕਰਦਿਆਂ ਹਰਿਆਣਾ ਦੇ ਕਿਸਾਨਾਂ ਦੇ ਜਬਰਦਸਤ ਸੰਘਰਸ਼ ਦੀ ਜੋਰਦਾਰ ਹਿਮਾਇਤ ਕੀਤੀ ਗਈ। ਇਸ ਸਮੇਂ ਲੰਮੀ ਬੀਮਾਰੀ ਉਪਰੰਤ ਮੁੜ ਸਿਹਤਯਾਬ ਹੋਏ  ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਦੀ ਪ੍ਰਧਾਨਗੀ ਹੇਠ ਦਿੱਤੇ ਗਏ ਇਸ ਧਰਨੇ ਚ ਸਮੂਹ ਇਲਾਕਾ ਵਾਸੀ ਕਿਸਾਨਾਂ, ਮਜਦੂਰਾਂ, ਮਾਵਾਂ ਭੈਣਾਂ ਨੂੰ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਨ ਤੇ ਉਨਾਂ ਨੂੰ ਸਿਜਦਾ ਕਰਨ ਲਈ ਰੇਲ ਪਾਰਕ ਜਗਰਾਂਓ ਚ ਰਖੇ ਸ਼ਰਧਾਂਜਲੀ ਸਮਾਗਮ  ਚ ਪੰਹੁਚਣ ਦਾ ਸੱਦਾ ਦਿੱਤਾ।  ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਨੇ ਦੱਸਿਆ ਕਿ ਇਸ ਦਿਨ ਪ੍ਰਸਿੱਧ ਨਾਟਕਕਾਰ ਪ੍ਰੋ ਸੋਮਪਾਲ ਹੀਰਾ ਨਾਟਕ 'ਅੰਦੋਲਨਜੀਵੀ' ਪੇਸ਼ ਕਰੇਗਾ।ਇਸ ਸਮੇਂ ਲਖਵੀਰ ਸਿੱਧੂ, ਰਾਮ ਸਿੰਘ ਹਠੂਰ ਨੇ ਗੀਤ ਪੇਸ਼ ਕੀਤੇ।