You are here

ਮੈਗਸੀਪਾ ਅਤੇ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਵੱਲੋਲੁਧਿਆਣਾ ਵਿਖੇ ਇੱਕ ਰੋਜ਼ਾ ਆਰਟੀਆਈ ਐਕਟ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਲੁਧਿਆਣਾ, ਅਕਤੂਬਰ 2019- ( ਮਨਜਿੰਦਰ ਗਿੱਲ )-

ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਕੀ ਸੰਸਥਾ (ਮੈਗਸੀਪਾ) ਅਤੇ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਨੇ ਅੱਜ ਸਾਂਝੇ ਤੌਰ 'ਤੇ ਲਾਅ ਕਾਲਜ਼ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਵਿਖੇ ਇੱਕ ਦਿਨਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਲਾਅ ਦੇ ਵਿਦਿਆਰਥੀ ਅਤੇ ਕਾਲਜ਼ ਦੀ ਸੀਨੀਅਰ ਫੈਕਲਟੀ ਮੈਂਬਰ ਡਾ. ਆਰਤੀ ਪੁਰੀ, ਡਾ. ਸ਼ਿਵ ਕੁਮਾਰ ਡੋਗਰਾ ਅਤੇ ਸ਼੍ਰੀਮਤੀ ਵਿਸ਼ਾਲੀ ਠਾਕੁਰ ਵੀ ਹਾਜ਼ਰ ਸਨ। ਇਹ ਜਾਗਰੂਕਤਾ ਸਿਖਲਾਈ ਪ੍ਰੋਗਰਾਮ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਤਾਂ ਜ਼ੋ ਲਾਅ ਦੇ ਵਿਦਿਆਰਥੀਆਂ ਨੂੰ ਆਰ.ਟੀ.ਆਈ. ਐਕਟ ਦੀਆਂ ਮੁੱਢਲੀਆਂ ਧਾਰਾਵਾਂ ਅਤੇ ਕੇਂਦਰ/ਰਾਜ ਸੂਚਨਾ ਕਮਿਸ਼ਨ ਵੱਲੋਂ ਲਏ ਗਏ ਫੈਸਲਿਆਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਪ੍ਰੋਫੈਸਰ (ਡਾ.) ਰਵੀਇੰਦਰ ਸਿੰਘ, ਡਾਇਰੈਕਟਰ, ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ, ਲੁਧਿਆਣਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰ.ਟੀ.ਆਈ. ਐਕਟ, 2005 ਲੋਕ-ਪੱਖੀ ਕਾਨੂੰਨ ਹੈ ਜਿਸ ਨੇ ਸਰਕਾਰੀ ਵਿਭਾਗਾਂ  ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਵਿੱਚ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਜੀਵਨ ਕੈਰੀਅਰ ਵਿੱਚ ਵੀ ਮੱਦਦਗਾਰ ਸਾਬਤ ਹੋਵੇਗਾ। ਜਰਨੈਲ ਸਿੰਘ, ਕੋਰਸ ਡਾਇਰੈਕਟਰ (ਆਰਟੀਆਈ) ਮੈਗਸੀਪਾ, ਚੰਡੀਗੜ ਨੇ ਆਰਟੀਆਈ ਐਕਟ 2005 ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅੱਜ ਦਾ ਇਹ ਪ੍ਰੋਗਰਾਮ ਮੈਗਸੀਪਾ ਅਤੇ ਪੰਜਾਬ ਰਾਜ ਇਨਫਰਮੇਸ਼ਨ ਕਮਿਸ਼ਨ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਹੈ। ਉਨਾਂ ਨੇ  ਸੀਨੀਅਰ ਫੈਕਲਟੀ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਪ੍ਰੋਗਰਾਮ ਦਾ ਵਧੀਆ ਪ੍ਰਬੰਧ  ਕਰਨ ਲਈ ਸੰਸਥਾ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਮਾਨਯੋਗ ਸਪੈਸ਼ਲ ਚੀਫ ਸੈਕਟਰੀ, ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਮੈਗਸੀਪਾ ਕੇ.ਬੀ.ਐਸ. ਸਿੱਧੂ, ਆਈ.ਏ.ਐਸ. ਸੈਕਟਰੀ, ਪੰਜਾਬ ਸਰਕਾਰ ਅਤੇ ਡਾਇਰੈਕਟਰ ਮੈਗਸੀਪਾ ਸ਼੍ਰੀਮਤੀ ਜਸਪ੍ਰੀਤ ਤਲਵਾੜ ਆਈ.ਏ.ਐਸ. ਦੀ ਯੋਗ ਅਗਵਾਈ ਵਿੱਚ ਆਰ.ਟੀ.ਆਈ. ਐਕਟ 2005 ਦੀ ਟਰੇਨਿੰਗ ਦਾ ਦਾਇਰਾ ਵਧਾਇਆ ਹੈ ਅਤੇ ਸਾਲ ਵਿਚ 270 ਪ੍ਰੋਗਰਾਮ ਵੱਖ-ਵੱਖ ਵਿਸ਼ਿਆਂ 'ਤੇ ਸਮੇਤ ਆਰ.ਟੀ.ਆਈ. ਐਕਟ, 2005 'ਤੇ ਕਰਵਾਏ ਜਾ ਚੁੱਕੇ ਹਨ। ਡਾ. ਆਰਤੀ ਪੁਰੀ, ਮੁਖੀ ਲਾਅ ਵਿਭਾਗ, ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਅਤੇ ਡਾ. ਸ਼ਿਵ ਕੁਮਾਰ ਡੋਗਰਾ ਨੇ ਆਰ.ਟੀ.ਆਈ. ਐਕਟ 2005 ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮਹੱਤਤਾ ਬਾਰੇ ਚਾਨਣਾ ਪਾਇਆ। ਆਰ.ਟੀ.ਆਈ. ਮਾਹਿਰ ਡੀ.ਸੀ. ਗੁਪਤਾ, ਆਈ. ਡੀ. ਏ. ਐਸ. (ਰਿਟਾ.), ਡਾ. ਪਰਮਜੀਤ ਸਿੰਘ, ਮੁਖੀ ਅਤੇ ਡੀਨ (ਸੇਵਾ ਮੁਕਤ), ਲਾਅ ਵਿਭਾਗ, ਪੰਜਾਬ ਯੂਨੀਵਰਸਿਟੀ, ਪਟਿਆਲਾ ਨੇ ਲੋਕ-ਪੱਖੀ ਕਾਨੂੰਨੀ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਏ.ਐਸ. ਸੋਢੀ ਪ੍ਰੋਜੈਕਟ ਕੋਆਰਡੀਨੇਟਰ, ਮੈਗਸੀਪਾ ਰਿਜਨਲ ਸੈਂਟਰ, ਪਟਿਆਲਾ ਵੀ ਹਾਜ਼ਰ ਸਨ।