ਹਫ਼ਤੇ ਅੰਦਰ ਸਾਢੇ ਪੰਜ ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
ਲੰਡਨ (ਗਿਆਨੀ ਅਮਰੀਕ ਸਿੰਘ ਰਠੌਰ /ਗਿਆਨੀ ਰਵਿੰਦਰਪਾਲ ਸਿੰਘ ) ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਉੱਭਰ ਰਹੇ ਬਰਤਾਨੀਆ 'ਚ ਹੁਣ ਡੈਲਟਾ ਵੈਰੀਐਂਟ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਿਰਫ਼ ਹਫ਼ਤੇ ਦੇ ਅੰਦਰ ਕਰੀਬ ਸਾਢੇ ਪੰਜ ਹਜ਼ਾਰ ਨਵੇਂ ਮਾਮਲੇ ਵਧ ਗਏ। ਇਸ ਤੋਂ ਨਾਲ ਬਰਤਾਨੀਆ 'ਚ ਮਹਾਮਾਰੀ ਫਿਰ ਵਧਣ ਬਾਰੇ ਚਿੰਤਾ ਵਧ ਗਈ ਹੈ। ਸਭ ਤੋਂ ਪਹਿਲਾਂ ਭਾਰਤ 'ਚ ਮਿਲੇ ਇਸ ਵੈਰੀਐਂਟ ਨੂੰ ਬਹੁਤ ਹਮਲਾਵਰ ਦੱਸਿਆ ਜਾ ਰਿਹਾ ਹੈ।
ਪਬਲਿਕ ਹੈਲਥ ਇੰਗਲੈਂਡ ਮੁਤਾਬਕ ਇਕ ਹਫ਼ਤੇ 'ਚ ਡੈਲਟਾ ਵੈਰੀਐਂਟ ਦੇ 5,472 ਨਵੇਂ ਕੇਸ ਮਿਲੇ ਹਨ। ਇਸ ਨਾਲ ਇਸ ਵੈਰੀਐਂਟ ਦੇ ਕੁਲ ਮਾਮਲੇ 12 ਹਜ਼ਾਰ 431 ਹੋ ਗਏ ਹਨ। ਇਹ ਬਰਤਾਨੀਆ 'ਚ ਪਾਏ ਗਏ ਅਲਫਾ ਵੈਰੀਐਂਟ ਤੋਂ ਵੱਧ ਇਨਫੈਕਟਿਡ ਹੈ। ਜਦਕਿ ਬਰਾਤਨੀਆ ਹੈਲਥ ਸਕਿਓਰਿਟੀ ਏਜੰਸੀ ਦੀ ਮੁਖੀ ਡਾ. ਜੈਨੀ ਹੈਰਿਸ ਨੇ ਕਿਹਾ ਹੈ ਕਿ ਇਹ ਵੈਰੀਐਂਟ ਦੇਸ਼ ਭਰ 'ਚ ਹਾਵੀ ਹੋ ਰਿਹਾ ਹੈ। ਸਾਨੂੰ ਰੋਕਥਾਮ ਦੇ ਉਪਾਵਾਂ ਦਾ ਹਰ ਸੰਭਵ ਪਾਲਣ ਕਰਨਾ ਚਾਹੀਦਾ ਹੈ। ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਸ ਹਫ਼ਤੇ ਡੈਲਟਾ ਵੈਰੀਐਂਟ ਦੀ ਚਪੇਟ 'ਚ ਆਉਣ ਵਾਲੇ 278 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਨ ਦੀ ਜ਼ਰੂਰਤ ਪਈ। ਜਦਕਿ ਪਿਛਲੇ ਹਫ਼ਤੇ 201 ਲੋਕਾਂ ਨੂੰ ਹਸਪਤਾਲ ਜਾਣਾ ਪਿਆ ਸੀ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ 'ਚ ਹੁਣ ਤਕ ਕੁਲ 45 ਲੱਖ 15 ਹਜ਼ਾਰ ਤੋਂ ਵੱਧ ਇਨਫੈਕਟਿਡ ਪਾਏ ਗਏ ਤੇ ਇਕ ਲੱਖ 28 ਹਜਾਰ ਤੋਂ ਵੱਧ ਦੀ ਮੌਤ ਹੋਈ ਹੈ।