ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਮੀਟਿੰਗਾਂ ਤੋਂ ਭੱਜਣ ਕਰਕੇ ਆਪ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਨਤੀਜਾ

*ਸੀ. ਪੀ. ਐਫ. ਯੂਨੀਅਨ ਪੰਜਾਬ ਵੱਲੋਂ ਚਲਾਈ ਗਈ ਸੀ ਵੋਟ ਤੇ ਚੋਟ ਦੀ ਮੁਹਿੰਮ 
ਲੁਧਿਆਣਾ, 8 ਜੂਨ (ਟੀ. ਕੇ.)
 ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਲੋਕ-ਸਭਾ ਚੋਣਾਂ ਵਿੱਚ ਪੰਜਾਬ ਦੀ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਉਹ ਸਫਲਤਾ ਨਹੀਂ ਮਿਲੀ, ਜਿਸ ਤਰਾਂ ਦੀ ਆਮ ਆਦਮੀ ਪਾਰਟੀ ਨੇ ਆਸ ਕੀਤੀ ਸੀ। ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ 13 ਸੀਟਾਂ  'ਤੇ ਜਿੱਤ ਹਾਸਿਲ ਕਰਨ ਦੇ ਦਾਅਵੇ ਕਰਨ ਵਾਲੀ ਪਾਰਟੀ ਮਹਿਜ 3 ਸੀਟਾਂ 'ਤੇ ਸਿਮਟ ਕੇ ਰਹਿ ਗਈ। 2022 ਵਿੱਚ 92 ਵਿਧਾਨ ਸਭਾ ਹਲਕੇ ਜਿੱਤਣ ਵਾਲੀ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਹੇਠਾਂ ਆ ਗਿਆ। ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਸੰਘਰਸ਼ ਕਰ ਰਹੀ ਜਥੇਬੰਦੀ ਸੀ. ਪੀ. ਐਫ. ਕਰਮਚਾਰੀ ਯੂਨੀਅਨ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਵੱਲੋਂ ਚਲਾਈ ਮੁਹਿੰਮ ਵੋਟ 'ਤੇ ਚੋਟ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਬਣੀ। ਸੂਬਾ ਪ੍ਰਧਾਨ ਨੇ ਕਿਹਾ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਹਵਾਲਾ ਦੇ ਕੇ 2022 ਵਿੱਚ ਪੰਜਾਬ ਵਿੱਚ ਸਰਕਾਰ ਬਣਾਈ ਸੀ, ਪਰੰਤੂ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ। ਜਥੇਬੰਦੀ ਨੂੰ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਭੱਜਦੀ ਰਹੀ ਅਤੇ ਮੁਲਾਜ਼ਮ ਜਥੇਬੰਦੀ ਦੇ ਲੀਡਰਾਂ ਨੂੰ ਸਰਕਾਰ ਵੱਲੋਂ ਡਰਾਇਆ/ਧਮਕਾਇਆ ਗਿਆ ਉਹਨਾਂ ਦੀ ਬਦਲੀਆਂ ਕੀਤੀਆਂ ਗਈਆਂ ਉਹਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ। ਜਿਸ ਦੇ ਨਤੀਜੇ ਵਜੋਂ 2004 ਤੋਂ ਬਾਅਦ ਭਰਤੀ 2 ਲੱਖ ਤੋਂ ਵੱਧ ਮੁਲਾਜ਼ਮ ਨੇ ਇਹਨਾਂ ਦੀ ਬਾਈਕਾਟ ਕੀਤਾ ਅਤੇ ਆਪਣੇ ਪਰਿਵਾਰ ਅਤੇ ਆਪਣੀ ਵੋਟ ਦੀ ਤਾਕਤ ਦਿਖਾਉਦੇ ਹੋਏ ਉਹਨਾਂ ਨੂੰ ਹਾਰ ਦਾ ਮੂੰਹ ਦਿਖਾਇਆ। ਜਥੇਬੰਦੀ ਦੇ ਸੂਬਾਈ ਆਗੂਆਂ ਦਾ ਕਹਿਣਾ ਹੈ ਕਿ ਇਹਨਾਂ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਆਪ ਸਰਕਾਰ ਦੇ ਨੇਤਾ ਹਰਪਾਲ ਸਿੰਘ ਚੀਮਾ ਜੱਥੇਬੰਦੀ ਦੀ ਪਟਿਆਲਾ ਰੈਲੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਤਕਤੀ ਫ਼ੜ ਕੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਇਕ ਸਾਲ ਦੇ ਅੰਦਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ, ਪ੍ਰੰਤੂ ਪੰਜਾਬ ਦੇ ਵਿੱਤ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਵੱਲੋਂ ਹਾਲੇ ਤੱਕ ਮੁਲਾਜ਼ਮਾਂ ਦੀ ਮੰਗ ਦਾ ਕੋਈ ਹੱਲ ਨਹੀਂ ਕੀਤਾ। ਜਿਸ ਦੇ ਰੋਸ ਵਜੋਂ ਜਥੇਬੰਦੀ ਵਲੋਂ  ਲੋਕ ਸਭਾ- 2024 ਚੋਣਾਂ ਵਿੱਚ ਵੋਟ 'ਤੇ ਚੋਟ ਦੀ ਮੁਹਿੰਮ ਚਲਾਈ ਗਈ ਸੀ।  ਆਗੂਆਂ ਨੇ ਕਿਹਾ ਕਿ ਜਥੇਬੰਦੀ ਆਸ ਕਰਦੀ ਹੈ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਸਬਕ ਲਵੇਗੀ ਤੇ ਜਲਦ ਤੋਂ ਜਲਦ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇਗੀ ਅਤੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕੇ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਹੀਂ ਕੀਤਾ ਜਾਂਦਾ ਤਾਂ ਜਿਮਨੀ ਚੋਣਾਂ ਜੋ 5 ਵਿਧਾਨ ਸਭਾ ਹਲਕਿਆਂ ਵਿੱਚ ਹੋਣੀਆਂ ਹਨ ਅਤੇ ਕਈ ਜਿਲ੍ਹਿਆਂ ਵਿੱਚ ਕਾਰਪੋਰੇਸ਼ਨ ਦੀ ਚੋਣਾਂ ਹੋਣੀਆਂ ਹਨ। ਇਹਨਾ ਚੋਣਾਂ ਵਿੱਚ ਵੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਵੋਟ ਤੇ ਚੋਟ ਦੀ ਮੁਹਿੰਮ ਚਲਾ ਕੇ ਸੱਤਾਧਿਰ ਪਾਰਟੀ ਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ।