You are here

ਪੰਜਾਬ ਅਤੇ ਪੰਥ ਦੀ ਬੁਲੰਦ ਆਵਾਜ਼ ਪ੍ਰੀਤ ਸਿੰਘ ਸੈਣੀ ਦੇ

ਭੋਗ ਸਮੇਂ ਹੋਇਆ ਵਿਸ਼ਾਲ ਇਕੱਠ ਪੰਥਕ ਸ਼ਖਸ਼ੀਅਤਾਂ ਪੁੱਜੀਆਂ 

ਹੁਸ਼ਿਆਰਪੁਰ(ਟਾਂਡਾ)- (ਬਲਬੀਰ ਸਿੰਘ ਬੱਬੀ )ਪੰਜਾਬ ਤੇ ਪੰਥ ਦੀ ਬੁਲੰਦ ਆਵਾਜ਼, ਨਿਧੜਕ ਪੱਤਰਕਾਰ ਪ੍ਰੀਤ ਸਿੰਘ ਸੈਣੀ ਜੋ ਪਿਛਲੇ ਦਿਨੀ ਅਚਾਨਕ ਵਿਛੋੜਾ ਦੇ ਕੇ ਪ੍ਰਲੋਕ ਗਮਨ ਕਰ ਗਏ ਸਨ ਦੇ ਨਮਿੱਤ ਉਨ੍ਹਾਂ ਦੇ ਜੱਦੀ ਘਰ ਪਿੰਡ ਜਾਜਾ ਵਿਖੇ ਅਰੰਭ ਕੀਤੇ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਹੋਈ ਉਪਰੰਤ ਸੈਣੀ ਪ੍ਰਵਾਰ ਅਤੇ ਸਿੱਖ ਜਥੇਬੰਦੀਆਂ ਵੱਲੋਂ ਦਾਣਾ ਮੰਡੀ ਟਾਂਡਾ ਵਿਖੇ 11 ਵਜੇ ਤੋਂ 3 ਵਜੇ ਤੱਕ ਅਰਦਾਸ ਸਮਾਗਮ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋ ਸਿੱਖ ਸੰਗਤਾਂ, ਪੰਥਕ ਜੱਥੇਬੰਦੀਆਂ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਹਾਜ਼ਰ ਹੋਏ। ਸਿੱਖ ਸਦਭਾਵਨਾ ਦਲ ਦੇ ਕੌਮੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ, ਪੰਜਾਬ ਪ੍ਰਧਾਨ ਭਾਈ ਗੁਰਮੀਤ ਸਿੰਘ ਥੂਹੀ ਨਾਲ ਵੱਡੀ ਗਿਣਤੀ ਵਿੱਚ ਦਲ ਦੇ ਸੇਵਾਦਾਰ ਪਹੁੰਚੇ। ਜਿਹਨਾਂ ਕਥਾ ਕੀਰਤਨ ਵਿੱਚ ਹਾਜ਼ਰੀ ਲਵਾਈ। ਅਰਦਾਸ ਉਪਰੰਤ ਆਏ ਵੱਖ-ਵੱਖ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰੀਤ ਸਿੰਘ ਸੈਣੀ ਬਾਬਤ ਵਿਚਾਰ ਰੱਖੇ। 
     ਸਿੱਖ ਸਦਭਾਵਨਾ ਦਲ ਦੇ ਕੌਮੀ ਮੁੱਖ ਸੇਵਾਦਾਰ ਅਤੇ ਪੰਥ ਦੇ ਉੱਘੇ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਦੀ ਸਾਂਝ ਪਾਈ ਗਈ ਅਤੇ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ, ਅਰਦਾਸ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਤੋਂ ਹੁਕਮਨਾਮਾ ਲੈਣ ਤੋ ਬਾਅਦ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਪ੍ਰੀਤ ਸਿੰਘ ਸੈਣੀ ਸਿਰਫ ਇੱਕ ਪੱਤਰਕਾਰ ਹੀ ਨਹੀਂ ਸੀ ਸਗੋਂ ਪੰਜਾਬ ਤੇ ਪੰਥ ਦੀ ਬੁਲੰਦ ਆਵਾਜ ਬਣ ਚੁੱਕਿਆ ਸੀ। ਉਸਦੀ ਆਵਾਜ ਨੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਾਬਜ ਮਸੰਦ ਤੇ ਇੱਕ ਸਿਆਸੀ ਟੱਬਰ ਦੇ ਗੁਲਾਮ ਲਾਣੇ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਸਨ। ਜਿਹਨਾਂ ਨੇ ਪ੍ਰੀਤ ਸੈਣੀ ਨੂੰ ਅਨੇਕਾ ਝੂਠੇ ਕੇਸਾਂ ਵਿੱਚ ਉਲਝਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ। ਪ੍ਰੀਤ ਸੈਣੀ ਦੀ ਮੌਤ ਤੇ ਪੰਥ ਦੋਖੀਆਂ ਵੱਲੋ ਮਨਾਈਆਂ ਜਾ ਰਹੀਆਂ ਖੁਸ਼ੀਆਂ ਅਤੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਪੋਸਟਾਂ ਸਬੰਧੀ ਉਹਨਾਂ ਕਿਹਾ ਕਿ ਸੰਗਤ ਨੂੰ ਅਜਿਹੇ ਲੋਕਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਭਾਈ ਵਡਾਲਾ ਅਤੇ ਦਲ ਦੇ ਸੇਵਾਦਾਰਾਂ ਵੱਲੋਂ ਪ੍ਰੀਤ ਸਿੰਘ ਸੈਣੀ ਦੇ ਇਨਸਾਫ ਯਾਤਰਾਵਾਂ ਕੱਢਣ ਅਤੇ ਪੰਥ ਤੇ ਪੰਜਾਬ ਪ੍ਰਤੀ ਕੀਤੀ ਬੁਲੰਦ ਆਵਾਜ ਕਾਰਨ ਉਨ੍ਹਾਂ ਦੀ ਬੇਟੀ, ਪਤਨੀ, ਮਾਂ ਬਾਪ ਸੱਸ ਸਹੁਰੇ, ਭਰਾ, ਭੈਣਾਂ ਦਾ ਸਨਮਾਨ ਕੀਤਾ।
    ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਰੁਪੋਸ਼ੀ ਦੇ ਦਿਨਾਂ ਚ ਪ੍ਰੀਤ ਸਿੰਘ ਸੈਣੀ ਲੰਬਾ ਸਮਾਂ ਉਹਨਾਂ ਕੋਲ ਰਹੇ ਤੇ ਆਪਣੀ ਲੜਾਈ ਨੂੰ ਨਿਰੰਤਰ ਜਾਰੀ ਰੱਖਿਆ। ਉਹਨਾਂ ਸੰਗਤਾ ਨੂੰ ਅਪੀਲ ਕੀਤੀ ਕਿ ਜਿਹਨਾਂ ਭੇਦ ਭਰੇ ਹਾਲਾਤਾਂ ਚ ਸੈਣੀ ਦੀ ਮੌਤ ਹੋਈ ੳਹਨਾਂ ਤੋ ਪਰਦਾ ਚੱਕਣ ਅਤੇ ਪੋਸਟਮਾਰਟਮ ਰਿਪੋਰਟ ਜਨਤਕ ਕਰਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ 31 ਮਾਰਚ ਤੱਕ ਦਾ ਸਮਾਂ ਦਿੰਦੇ ਹਾਂ। ਇਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਦ ਜਿੰਮੇਵਾਰ ਸਰਕਾਰ ਖੁਦ ਹੋਵੇਗੀ। ੳਹਨਾਂ 31 ਮਾਰਚ ਨੂੰ ਪਟਿਆਲਾ ਵਿਖੇ ਸ਼ਰਧਾਂਜਲੀ ਸਮਾਗਮ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਵੱਖ ਵੱਖ ਪੰਥਕ, ਕਿਸਾਨ ਅਤੇ ਮੀਡੀਆ ਜੱਥੇਬੰਦੀਆਂ ਦੇ ਆਗੂ ਜਿਹਨਾਂ ਵਿੱਚ ਹਰਪ੍ਰੀਤ ਸਿੰਘ ਮਖੂ, ਰਣਜੀਤ ਸਿੰਘ ਦਮਦਮੀ ਟਕਸਾਲ, ਪ੍ਰੋ. ਮਹਿੰਦਰਪਾਲ ਸਿੰਘ ਅਕਾਲੀ ਦਲ ਅੰਮ੍ਰਿਤਸਰ, ਬਾਬਾ ਬਖਸ਼ੀਸ ਸਿੰਘ, ਨੌਬਲਪ੍ਰੀਤ ਸਿੰਘ ਆਵਾਜ ਏ ਕੌਮ, ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ, ਐਡਵੋਕੇਟ ਸਰਬਜੀਤ ਸਿੰਘ, ਬਲਦੇਵ ਸਿੰਘ ਸਿਰਸਾ,ਜੋਗਿੰਦਰ ਸਿੰਘ ਕੈਪਟਨ, ਭਾਈ ਗੁਰਵਤਨ ਸਿੰਘ ਮੁਕੇਰੀਆਂ, ਬੀਬੀ ਕਵਲਜੀਤ ਕੌਰ, ਮਾਤਾ ਭੁਪਿੰਦਰ ਕੌਰ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
    ਸਟੇਜ ਸਕੱਤਰ ਦੀ ਭੂਮਿਕਾ ਆਪਣਾ ਸਾਂਝਾ ਪੰਜਾਬ ਚੈਨਲ ਦੇ ਭਾਈ ਭੁਪਿੰਦਰ ਸਿੰਘ ਸੱਜਣ ਨੇ ਬਾਖੂਬੀ ਨਿਭਾਈ ਅਤੇ ਪ੍ਰੀਤ ਸਿੰਘ ਸੈਣੀ ਦੀਆਂ ਯਾਦਾਂ ਸੰਗਤ ਨਾਲ ਸਾਂਝੀਆਂ ਕੀਤੀਆਂ।
    ਪ੍ਰੀਤ ਸਿੰਘ ਸੈਣੀ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਆਖਿਰ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਿੱਖ ਸਦਭਾਵਨਾ ਦਲ ਵੱਲੋਂ ਪ੍ਰੀਤ ਸਿੰਘ ਸੈਣੀ ਦੇ ਪਰਿਵਾਰਿਕ ਮੈਂਬਰਾਂ ਨੂੰ ਪ੍ਰੀਤ ਸਿੰਘ ਸੈਣੀ ਵੱਲੋਂ ਪੰਥਕ ਸੰਘਰਸ਼ ਦੇ ਪਿੜ ਵਿੱਚ ਨਿਭਾਈ ਬੇਬਾਕ ਭੂਮਿਕਾ ਲਈ ਸਨਮਾਨ ਪੱਤਰ ਵੀ ਦਿੱਤਾ ਗਿਆ।