ਡਾ ਹਰੀ ਸਿੰਘ ਜਾਚਕ ਤੇ ਨਿਰਵੈਰ ਸਿੰਘ ਅਰਸ਼ੀ,

ਰਣਜੀਤ ਸਿੰਘ ਖੜਗ ਯਾਦਗਾਰੀ ਅਵਾਰਡ ਨਾਲ ਸਨਮਾਨਿਤ 

ਜਲੰਧਰ, 17 ਮਾਰਚ (ਬਲਬੀਰ ਸਿੰਘ ਬੱਬੀ )
ਅੱਜ ਵਿਰਸਾ ਵਿਹਾਰ ਜਲੰਧਰ ਵਿਖੇ ਰਣਜੀਤ ਸਿੰਘ ਖੜਗ ਟਰੱਸਟ ਵੱਲੋਂ ਕਰਵਾਏ ਗਏ ਭਾਵਪੂਰਤ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਕਵੀ ਡਾ ਹਰੀ ਸਿੰਘ ਜਾਚਕ ਅਤੇ ਨਿਰਵੈਰ ਸਿੰਘ ਅਰਸ਼ੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ ਨੇ ਕੀਤੀ।ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
     ਯਾਦ ਰਹੇ ਕਿ ਰਣਜੀਤ ਸਿੰਘ ਖੜਗ ਯਾਦਗਾਰੀ ਟਰੱਸਟ ਰਾਹੀਂ ਇੰਜ ਕਰਮਜੀਤ ਸਿੰਘ ਅਤੇ ਹਰਜਿੰਦਰ ਕੌਰ ਪਿਛਲੇ 10 ਸਾਲਾਂ ਤੋਂ ਆਪਣੇ ਪਿਤਾ ਪ੍ਰਸਿੱਧ ਸਾਹਿਤਕਾਰ ਅਤੇ ਕਵੀ ਰਣਜੀਤ ਸਿੰਘ ਖੜਗ ਜੀ ਦੇ ਜਨਮ ਦਿਨ ਤੇ ਹਰ ਸਾਲ ਪ੍ਰਸਿੱਧ ਤੇ ਨਾਮਵਰ ਸਾਹਿਤਕਾਰਾਂ ਨੂੰ ਸਨਮਾਨਿਤ ਕਰਦੇ ਆ ਰਹੇ ਹਨ।
  11 ਵਾਂ ਰਣਜੀਤ ਸਿੰਘ ਖੜਗ ਯਾਦਗਾਰੀ ਸਮਾਗਮ 17 ਮਾਰਚ, 2024 ਦਿਨ ਐਤਵਾਰ ਨੂੰ ਵਿਰਸਾ ਵਿਹਾਰ ਜਲੰਧਰ ਵਿਖੇ ਕਰਵਾਇਆ ਗਿਆ ਜਿਸ ਵਿੱਚ 100 ਦੇ ਕਰੀਬ ਵਿਦਵਾਨ ਤੇ ਪਤਵੰਤੇ ਸ਼ਾਮਲ ਹੋਏ। ਡਾ ਹਰੀ ਸਿੰਘ ਜਾਚਕ ਨੇ ਵਿਚਾਰ ਸਾਂਝੇ ਕਰਦੇ ਹੋਏ ਰਣਜੀਤ ਸਿੰਘ ਖੜਗ ਦੀ ਬਹੁਪੱਖੀ ਸ਼ਖ਼ਸੀਅਤ ਤੇ ਚਾਨਣਾ ਪਾਇਆ ਅਤੇ ਕਵਿਤਾ ਰਾਹੀਂ ਵੀ ਹਾਜ਼ਰੀ ਲਗਵਾਈ। ਨਿਰਵੈਰ ਸਿੰਘ ਅਰਸ਼ੀ ਨੇ ਵੀ ਅਵਾਰਡ ਦੇਣ ਲਈ ਪ੍ਰਬੰਧਕ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਰਣਜੀਤ ਸਿੰਘ ਖੜਗ ਦੀਆਂ ਅਭੁੱਲ ਯਾਦਾਂ ਵੀ ਸਾਂਝੀਆਂ ਕੀਤੀਆਂ। ਪ੍ਰਸਿੱਧ ਸਾਹਿਤਕਾਰ ਕੁਲਦੀਪ ਸਿੰਘ ਬੇਦੀ ਨੇ ਸਟੇਜ ਦੀ ਬਾਖੂਬੀ ਸੇਵਾ ਨਿਭਾਈ।
    ਸਮਾਗਮ ਦੀ ਸ਼ੁਰੂਆਤ ਤੇ ਇੰਜ. ਕਰਮਜੀਤ ਸਿੰਘ ਨੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਇਨਾਂ ਸਮਾਗਮਾਂ ਦੀ ਸ਼ੁਰੂਆਤ ਕਰਨ ਦੇ ਕਾਰਣਾਂ ਬਾਰੇ ਦੱਸਿਆ। ਉਪਰੰਤ ਮਹਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਹਰਭਜਨ ਸਿੰਘ ਨਾਹਲ,ਉਜਾਲਾ ਜੀ,ਨਛੱਤਰ ਭੋਗਲ ਇੰਗਲੈਂਡ,ਅਨੇਜਾ ਜੀ
ਜੀਰਵੀ ਜੀ,ਕੁਲਦੀਪ ਕੌਰ ਦੀਪ ਲੁਧਿਆਣਵੀ ਅਤੇ ਹੋਰ ਕਵੀਆਂ ਨੇ ਹਾਜ਼ਰੀਆਂ ਲਗਵਾਈਆਂ। ਪ੍ਰਸਿੱਧ ਵਿਦਵਾਨ ਡਾ. ਰਾਮ ਮੂਰਤੀ ਨੇ  ਦੱਸਿਆ ਕਿ ਖੜਗ ਜੀ ਦੇ ਰਚੇ ਸਾਹਿਤ ਦੀਆਂ ਹੁਣ ਤੱਕ 15 ਪੁਸਤਕਾਂ ਛਪਵਾਈਆਂ ਜਾ ਚੁਕੀਆਂ ਹਨ। ਹੋਰਨਾਂ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਬਲਦੇਵ ਸਿੰਘ ਬੱਧਨ, ਪ੍ਰੇਮ ਨਾਜਰ, ਸੰਜੇ ਆਦਮਪੁਰ, ਚਰਨਜੀਤ ਸਿੰਘ ਵਿਕੀ, ਗੁਰਵਿੰਦਰ ਕੌਰ ਗੋਲਡੀ, ਪ੍ਰਕਾਸ਼ ਕੌਰ ਪਾਸ਼ਾ, ਦਮਨਪ੍ਰੀਤ ਕੌਰ, ਰਘਬੀਰ ਸਿੰਘ ਭਰਤ, ਮੇਜਰ ਰਿਸ਼ੀ,ਡਾ ਪਰਮਜੀਤ ਸਿੰਘ ਮਾਨਸਾ,ਡਾ ਜਸਵਿੰਦਰ ਕੌਰ ਅਤੇ ਹੋਰ ਸ਼ਾਮਲ ਹੋਏ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਖੜਗ ਜੀ ਦੀਆਂ ਕਵਿਤਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੀਆਂ ਕਿਤਾਬਾਂ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
    ਡਾ. ਹਰੀ ਸਿੰਘ ਜਾਚਕ ਨੇ ਇਹ ਮਾਣਮੱਤਾ ਅਵਾਰਡ ਦਿੱਤੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਰਦਾਰ ਰਣਜੀਤ ਸਿੰਘ ਯਾਦਗਾਰੀ ਟਰੱਸਟ ਦੇ ਸਮੂਹ ਸੇਵਾਦਾਰਾਂ ਦਾ ਅਤੇ ਖਾਸ ਤੌਰ ਤੇ ਇੰਜ. ਕਰਮਜੀਤ ਸਿੰਘ ਸਪੁੱਤਰ ਸੱਚਖੰਡ ਵਾਸੀ ਸਰਦਾਰ ਰਣਜੀਤ ਸਿੰਘ ਖੜਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।