ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਪ੍ਰੇਮ ਪਿਆਰ ਤੇ ਸਹਿਜਮਈ ਤੇ ਦੁੱਖਾਂ ਰਹਿਤ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੰਦੇ ਹਨ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 17 ਮਾਰਚ ( ਕਰਨੈਲ ਸਿੰਘ ਐੱਮ.ਏ. )- ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਗੁਰਮਤਿ ਸੰਗੀਤ ਦੇ ਪੁਰਾਤਨ ਤੇ ਅਸਲ ਸਰੂਪ ਦੀ ਬਹਾਲੀ ਲਈ ਜੀਵਨ ਭਰ ਕਾਰਜਸ਼ੀਲ ਸਿੱਖ ਕੌਮ ਦੀ ਅਜ਼ੀਮ ਸ਼ਖਸ਼ੀਅਤ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ਮਨੁੱਖ ਆਪਣੇ ਮੰਦੇ ਅਮਲਾਂ ਕਾਰਨ ਦੁਨੀਆਂ ਤੇ ਆ ਕੇ ਸਭ ਕੁਝ ਭੁੱਲ ਜਾਂਦਾ ਹੈ ਕਿ ਉਹ ਕਿੱਥੋਂ ਆਇਆ, ਕਿੱਥੇ ਜਾਣਾ। ਪਰਮੇਸ਼ਰ ਨੂੰ ਭੁੱਲਿਆਂ ਨੂੰ ਏਥੇ ਸਭ ਕੁਝ ਆਪਣਾ ਲੱਗਣ ਲੱਗ ਪੈਂਦਾ ਹੈ। ਉਹ ਕਮਾਈ ਕਰਕੇ ਕਹਿੰਦਾ ਹੈ ਕਿ ਇਹ ਮੈਂ ਕੀਤਾ, ਮੈਂ ਲਿਆ, ਇਹ ਮੈਰਿਟ ਉਹ ਮੇਰਾ, ਇਸ ਤਰ੍ਹਾਂ ਮਨੁੱਖ ਹਉਂਮੈਂ ਆ ਜਾਂਦੀ ਹੈ। ਉਹ ਨਾਮ ਤਾਂ ਹੀ ਧਿਆ ਸਕਦਾ ਹੈ ਜੇਕਰ ਹਉਂਮੈਂ ਤੋਂ ਮੁਕਤੀ ਪਾ ਲਵੇ। ਜਦੋਂ ਮਨੁੱਖ ਆਪਣੇ ਅੰਦਰੋਂ ਹਉਂਮੈਂ ਕੱਢ ਕੇ ਆਪਣੇ ਮਨ ਨੂੰ ਸਾਫ ਕਰ ਲਵੇ ਤਾਂ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਬਾਬਾ ਜੀ ਨੇ ਸਮਝਾਇਆ ਕਿ ਇਹ ਦੁਨੀਆ ਨਸਵਾਂ ਹੈ। ਇੱਥੇ ਰੁਤਬੇ, ਬਾਗ਼ ਬਗੀਚੇ, ਮਹਿਲ ਮਾੜੀਆਂ ਸ਼ਾਨੋ ਸ਼ੌਕਤ ਲਈ ਕਿਉਂ ਦਿਨ ਰਾਤ ਇੱਕ ਕੀਤੀ ਹੈ? ਬਾਬਾ ਜੀ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਸਮਝਾਇਆ ਕਿ ਮਨੁੱਖੀ ਮਨ ਅੰਦਰ ਸੱਚ ਦਾ ਪ੍ਰਕਾਸ਼ ਦੇਣ ਦੀ ਸ਼ਕਤੀ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਹੈ। ਵਹਿਗੁਰੂ ਜੀ ਸਭ ਦੇ ਮਨਾਂ ਦੀਆਂ ਜਾਣਦੇ ਹਨ। ਗੁਰਬਾਣੀ ਨੇ ਵਿਖਾਵੇ ਦੇ ਮੁਕਾਬਲੇ ਸ਼ੁਭ ਅਮਲਾਂ ਤੇ ਜ਼ੋਰ ਦਿੱਤਾ। ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਆਤਮਾਂ ਨੂੰ ਸ਼ੁੱਧ ਕਰਨ ਲਈ ਨਾਮ ਰੰਗ, ਪ੍ਰੇਮ ਭਗਤੀ, ਪ੍ਰਭੂ ਚਿੰਤਨ ਕਰਨ 'ਤੇ ਜ਼ੋਰ ਦਿੱਤਾ। ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਦਿੱਤਾ। ਅਪਣੇ ਪ੍ਰਵਚਨਾਂ ਦੇ ਅੰਤਲੇ ਬੋਲਾਂ 'ਚ ਬਾਬਾ ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਮਾਤਮਾਂ ਜਿਸ ਤੇ ਦਿਆਲ ਹੁੰਦਾ ਹੈ ਉਸ ਦੀਆਂ ਸਮੁੱਚੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ, ਦੁਨੀਆਂ ਦੇ ਸਮੁੱਚੇ ਸੁੱਖਾਂ ਅਨੰਦਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਪ੍ਰੇਮ ਪਿਆਰ ਤੇ ਸਹਿਜਮਈ ਤੇ ਦੁੱਖਾਂ ਰਹਿਤ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੰਦੇ ਹਨ।