ਦਿਵਿਆਂਗਜਨਾਂ ਲਈ ਸਰਾਭਾ ਆਸ਼ਰਮ ਵਿਖੇ 22 ਫਰਵਰੀ ਨੂੰ ਲੱਗਣਗੇ ਵਿਸ਼ੇਸ਼ ਅਸੈਸਮੈਂਟ ਕੈਂਪ 

 ਬਜ਼ੁਰਗਾਂ ਦਾ ਹੋਵੇਗਾ ਮੈਡੀਕਲ ਚੈਕਅੱਪ
ਲੁਧਿਆਣਾ, 18 ਫਰਵਰੀ (ਟੀ. ਕੇ.)
ਪਿੰਡ ਸਰਾਭਾ ਨੇੜੇ ਸਰਾਭਾ-ਸਹੌਲੀ ਰੋਡ  ਸਥਿੱਤ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਖੇ ਦਿਵਿਆਂਗਜਨਾਂ ਲਈ ਪੰਜਾਬ ਸਰਕਾਰ ਵੱਲੋਂ 22 ਫਰਵਰੀ ਨੂੰ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਦੇਖ-ਰੇਖ  ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ  ਵਰਿੰਦਰ ਸਿੰਘ ਟਿਵਾਣਾ ਵੱਲੋਂ ਕੀਤੀ ਜਾਵੇਗੀ। ਇਸ ਕੈਂਪ ਵਿੱਚ ਬਨਾਵਟੀ ਅੰਗ ਬਣਾਉਣ ਵਾਲੀ ਭਾਰਤ ਦੀ ਮਸ਼ਹੂਰ ਕੰਪਨੀ ਅਲਿਮਕੋ ਵੱਲੋਂ ਦਿਵਿਆਂਗਜਨਾਂ ਦੀ ਸਪੈਸ਼ਲ ਅਸੈਸਮੈਂਟ ਕੀਤੀ ਜਾਵੇਗੀ ਤਾਂ ਕਿ ਦਿਵਿਆਂਗਜਨਾਂ ਦੀ ਭਲਾਈ ਅਤੇ ਰੋਜ਼ਾਨਾ ਦੇ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਜਲਦੀ ਹੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਸਿਹਤ ਦਾ ਮੈਡੀਕਲ ਨਿਰੀਖਣ ਵੀ ਕੀਤਾ ਜਾਵੇਗਾ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ
        ਸ. ਵਰਿੰਦਰ ਸਿੰਘ ਟਿਵਾਣਾ ਵੱਲੋਂ ਅੱਗੇ ਦੱਸਿਆ ਗਿਆ ਕਿ ਸਾਰੇ ਚਾਹਵਾਨ ਦਿਵਿਆਂਗਜਨ ਆਪਣਾ ਦਿਵਿਆਂਗਤਾ ਦਾ ਸਰਟੀਫਿਕੇਟ, ਅਸਲ ਯੂ.ਡੀ.ਆਈ. ਕਾਰਡ ਅਤੇ ਫੋਟੋਕਾਪੀ, ਇੱਕ ਪਾਸਪੋਰਟ ਸਾਇਜ਼ ਤਾਜ਼ਾ ਫੋਟੋ, ਆਪਣਾ ਅਧਾਰ ਕਾਰਡ ਅਤੇ ਉਸਦੀ ਫੋਟੋ ਕਾਪੀ, ਆਪਣਾ ਵੋਟਰ ਕਾਰਡ ਅਤੇ ਉਸਦੀ ਫੋਟੋ ਕਾਪੀ, ਆਮਦਨ ਦਾ ਸਰਟੀਫਿਕੇਟ ਸਮਰੱਥ ਅਥਾਰਟੀ ਵੱਲੋਂ ਜਾਰੀ ਜਿਸ ਵਿੱਚ ਉਹਨਾਂ ਦੀ ਆਮਦਨ 22500ਰੁਪਏ ਤੋਂ ਜ਼ਿਆਦਾ ਨਾ ਹੋਵੇ ਨਾਲ ਲੈ ਕੇ ਆਉਣਾ ਹੈ। ਸਰਾਭਾ ਆਸ਼ਰਮ ਵਿੱਚ ਪਹੁੰਚ ਕੇ ਅਲਿਮਕੋ ਵੱਲੋਂ ਆਈ ਟੀਮ ਤੋਂ ਆਪਣੀ ਅਸੈਸਮੈਂਟ ਕਰਵਾਉਣ ਤਾਂ ਜੋ ਉਹਨਾਂ ਵੱਲੋਂ ਬਹੁਤ ਜਲਦੀ ਨੇੜਲੇ ਭਵਿੱਖ ਵਿੱਚ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਸਕੇ। ਮੈਡੀਕਲ ਚੈੱਕਅਪ ਕਰਵਾਉਣ ਦੇ ਚਾਹਵਾਨ ਬਜ਼ੁਰਗ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ ।
ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੇ ਫਾਊਂਡਰ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਵੱਲੋਂ ਸਾਰੇ ਲਾਭਪਾਤਰੀਆਂ ਨੂੰ ਅਪੀਲ ਹੈ ਕਿ ਇਸ ਅਸੈਸਮੈਂਟ ਕੈਂਪ ਦਾ ਭਰਪੂਰ ਲਾਹਾ ਲੈਣ। ਕੈਂਪ ਬਾਰੇ ਹੋਰ ਜਾਣਕਾਰੀ ਲਈ ਆਸ਼ਰਮ ਦਾ ਸੰਪਰਕ ਕੀਤਾ ਜਾ ਸਕਦਾ ਹੈ।