ਦਮਦਮੀ ਟਕਸਾਲ ਵੱਲੋਂ ਸਥਾਪਨਾ ਦਿਵਸ ਸਬੰਧੀ ਸੈਮੀਨਾਰ

ਅੰਮ੍ਰਿਤਸਰ, ਸਤੰਬਰ 2019-(ਸਤਪਾਲ ਸਿੰਘ ਦੇਹੜਕਾ)-

ਅੱਜ ਇੱਥੇ ਖ਼ਾਲਸਾ ਕਾਲਜ ਵਿਚ ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਮਹਿਤਾ) ਦੀ ਸਥਾਪਨਾ ਦੀ ਅਰਧ-ਸ਼ਤਾਬਦੀ ਮੌਕੇ ਟਕਸਾਲ ਦੇ ਤਿੰਨ ਮੁਖੀਆਂ ਨੂੰ ਸਮਰਪਿਤ ਦਮਦਮੀ ਟਕਸਾਲ ਵਲੋਂ ਅੰਤਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਟਕਸਾਲ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਟਕਸਾਲ ਦੇ ਯੋਗਦਾਨ ਬਾਰੇ ਚਰਚਾ ਕੀਤੀ। ਮੁੱਖ ਮਹਿਮਾਨ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੇ ਦਮਦਮੀ ਟਕਸਾਲ ਦੀ ਵਿੱਦਿਆ ਨੂੰ ਦੇਣ ਸਬੰਧੀ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਖ਼ਾਲਸਾ ਕਾਲਜ ਡਾ. ਮਹਿਲ ਸਿੰਘ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਦੇਣ ਨੂੰ ਮਹਾਨ ਦੱਸਿਆ। ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਅੱਜ ਵੀ ਦਰਬਾਰ ਸਾਹਿਬ ਲਈ ਕਿਸੇ ਗ੍ਰੰਥੀ ਸਿੰਘ ਦੀ ਲੋੜ ਪੈਣ ‘ਤੇ ਦਮਦਮੀ ਟਕਸਾਲ ਵੱਲ ਹੀ ਦੇਖਿਆ ਜਾਂਦਾ ਹੈ। ਬਾਬਾ ਪ੍ਰਦੀਪ ਸਿੰਘ ਬੋਰੇਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ ਪਾਠ ਤੇ ਸਰੂਪ ਦਮਦਮੀ ਟਕਸਾਲ ਦੀ ਹੀ ਦੇਣ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਦਮਦਮੀ ਟਕਸਾਲ ਸਿੱਖੀ ਦਾ ਧੁਰਾ ਹੈ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗੁਰਬਚਨ ਸਿੰਘ ਅਤੇ ਸੰਤ ਕਰਤਾਰ ਸਿੰਘ ਖ਼ਾਲਸਾ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ। ਮੁੱਖ ਬੁਲਾਰੇ ਡਾ. ਹਰਿਭਜਨ ਸਿੰਘ ਨੇ ਕਿਹਾ ਕਿ ਪੰਥ ਦੀ ਸੇਵਾ ਦਮਦਮੀ ਟਕਸਾਲ ਦਾ ਮੁੱਖ ਮਨੋਰਥ ਰਿਹਾ ਹੈ। ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਟਕਸਾਲ ਦੇ ਆਰੰਭਿਤਾ ਸਮੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਯੋਗਦਾਨ ਨੂੰ ਵਾਚਣ ਦੀ ਲੋੜ ਹੈ।