ਇਕ ਜ਼ਖ਼ਮੀ ਪੁਲੀਸ ਨੂੰ ਹੱਤਿਆ ਮਾਮਲੇ ਬਾਰੇ ਮਿਲੇ ਅਹਿਮ ਸੁਰਾਗ
ਚੰਡੀਗੜ੍ਹ, ਸਤੰਬਰ 2019- (ਇਕਬਾਲ ਸਿੰਘ ਰਸੂਲਪੁਰ)-
ਇਥੇ ਸੈਕਟਰ-17 ਦੇ ਥਾਣੇ ਨੇੜੇ ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਹਮਲਾਵਰਾਂ ਨੇ ਗੋਲੀਆਂ ਚਲਾ ਕਿ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਅਤੇ ਇਕ ਟੈਕਸੀ ਡਰਾਈਵਰ ਜ਼ਖਮੀ ਹੋ ਗਿਆ।
ਪੁਲੀਸ ਅਨੁਸਾਰ ਅੱਜ ਬਾਅਦ ਦੁਪਹਿਰ ਇਕ ਨੌਜਵਾਨ ਸੈਕਟਰ-17 ਦੇ ਥਾਣੇ ਨੇੜੇ ਅਤੇ ਪੁਰਾਣੇ ਅਦਾਲਤੀ ਕੰਪਲੈਕਸ ਨੇੜਲੀ ਪਾਰਕਿੰਗ ਵਿਚ ਟੈਕਸੀ ਡਰਾਈਵਰ ਕੋਲ ਖੜ੍ਹਾ ਸੀ। ਇਸੇ ਦੌਰਾਨ ਤਿੰਨ ਨੌਜਵਾਨ ਉਥੇ ਪੈਦਲ ਆਏ। ਇਸ ਮੌਕੇ ਘਟਨਾ ਸਥਾਨ ’ਤੇ ਮੌਜੂਦ ਇਕ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਹੈ ਕਿ ਹਮਲਾਵਰਾਂ ਵਿਚੋਂ ਦੋ ਕੋਲ ਬੈਗ ਸਨ ਜਿਨ੍ਹਾਂ ਨੇ ਆਪਣੇ ਬੈਗਾਂ ਵਿਚੋਂ ਪਿਸਤੌਲ ਕੱਢੇ ਅਤੇ ਟੈਕਸੀ (ਐਚਆਰ 56ਬੀ 0375) ਕੋਲ ਖੜ੍ਹੇ ਨੌਜਵਾਨ ’ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਅੱਖੀਂ ਦੇਖਣ ਵਾਲੇ ਅਨੁਸਾਰ ਗੋਲੀਆਂ ਲੱਗਣ ਕਾਰਨ ਟੈਕਸੀ ਕੋਲ ਖੜ੍ਹਾ ਨੌਜਵਾਨ ਹੇਠਾਂ ਡਿੱਗ ਪਿਆ, ਜਿਸ ਦੀ ਪਛਾਣ ਤੇਜਿੰਦਰ ਉਰਫ ਮਾਲੀ ਵਾਸੀ ਪਿੰਡ ਡੂਮਰਖਾਂ (ਜੀਂਦ) ਵਜੋਂ ਹੋਈ ਹੈ। ਟੈਕਸੀ ਡਰਾਈਵਰ ਸੰਦੀਪ ਨੂੰ ਵੀ ਛਰੇ ਲੱਗੇ ਹਨ।ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਪਹਿਲਾਂ ਰੈਨ ਬਸੇਰਾ ਵੱਲ ਗਏ ਪਰ ਉਥੇ ਲੋਕਾਂ ਦੀ ਭੀੜ ਹੋਣ ਕਾਰਨ ਵਾਪਸ ਸੈਕਟਰ-17 ਦੇ ਬੱਸ ਅੱਡੇ ਵੱਲ ਫ਼ਰਾਰ ਹੋ ਗਏ। ਅੱਖੀਂ ਦੇਖਣ ਵਾਲੇ ਅਨੁਸਾਰ ਤਿੰਨੇ ਹਮਲਾਵਰਾਂ ਨੇ ਬੱਸ ਅੱਡੇ ਦੇ ਗੇਟ ਮੂਹਰਲੀ ਸੜਕ ਤੋਂ ਥ੍ਰੀ-ਵ੍ਹੀਲਰ ਵਾਲੇ ਨੂੰ ਹੱਥ ਦਿੱਤਾ ਅਤੇ ਉਸ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਐੱਸਐੱਸਪੀ ਨੀਲਾਂਬਰੀ ਜਗਦਲੇ, ਡੀਐੱਸਪੀ ਪੀਸੀਆਰ ਗੁਰਮੁੱਖ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਨੌਜਵਾਨ ਤੇਜਿੰਦਰ ਉਰਫ ਮਾਲੀ ਅਤੇ ਟੈਕਸੀ ਡਰਾਈਵਰ ਸੰਦੀਪ ਨੂੰ ਪੀਜੀਆਈ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਤੇਜਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ। ਘਟਨਾ ਸਥਾਨ ਤੋਂ ਪੁਲੀਸ ਨੂੰ ਦੋ ਵੱਖ-ਵੱਖ ਹਥਿਆਰਾਂ ਵਿਚੋਂ ਚੱਲੀਆਂ ਗੋਲੀਆਂ ਦੇ 5 ਖੋਲ ਬਰਾਮਦ ਹੋਏ ਹਨ। ਦੱਸਣਯੋਗ ਹੈ ਕਿ ਮ੍ਰਿਤਕ ਮਾਲੀ ਦੇ ਗੋਲੀਆਂ ਵਜਣ ਕਾਰਨ ਭਾਵੇਂ ਮੌਤ ਹੋ ਗਈ ਹੈ ਪਰ ਉਸ ਦੇ ਸਰੀਰ ਵਿਚੋਂ ਖੂਨ ਦਾ ਇਕ ਵੀ ਤੁਬਕਾ ਨਹੀਂ ਨਿਕਲਿਆ ਜਦਕਿ ਛਰੇ ਲੱਗਣ ਕਾਰਨ ਜ਼ਖਮੀ ਹੋਏ ਟੈਕਸੀ ਡਰਾਈਵਰ ਦੇ ਕਪੜੇ ਖੂਨ ਨਾਲ ਲਿਬੜੇ ਪਏ ਸਨ। ਸੂਤਰਾਂ ਅਨੁਸਾਰ ਹਮਲਾਵਰਾਂ ਨੂੰ ਥ੍ਰੀ-ਵ੍ਹੀਲਰ ’ਤੇ ਲਿਜਾਣ ਵਾਲੇ ਦੀ ਪੁਲੀਸ ਨੇ ਪਛਾਣ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਹਮਲਾਵਰਾਂ ਨੂੰ ਆਮ ਸਵਾਰੀਆਂ ਵਾਂਗ ਹੀ ਬਿਠਾਇਆ ਸੀ ਅਤੇ ਉਨ੍ਹਾਂ ਨੇ ਸੈਕਟਰ 18 ਜਾਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਹਮਲਾਵਰਾਂ ਨੂੰ ਉਸ ਨੇ ਸੈਕਟਰ 18 ਦੇ ਮੰਦਿਰ ਨੇੜੇ ਉਤਾਰਿਆ ਸੀ ਅਤੇ ਉਹ ਬਕਾਇਦਾ ਉਸ ਦਾ ਭਾੜਾ ਦੇ ਕੇ ਗਏ ਸਨ। ਇਸ ਘਟਨਾ ਵਿਚ ਜ਼ਖ਼ਮੀ ਹੋਏ ਟੈਕਸੀ ਡਰਾਈਵਰ ਸੰਦੀਪ ਨੇ ਪੁਲੀਸ ਨੂੰ ਦੱਸਿਆ ਹੈ ਕਿ ਤੇਜਿੰਦਰ ਮਾਲੀ ਉਸ ਦਾ ਦੋਸਤ ਸੀ ਅਤੇ ਕੱਲ੍ਹ ਹੀ ਪਿੰਡੋਂ ਉਸ ਕੋਲ ਆਇਆ ਸੀ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ।
ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਖੁਲਾਸਾ ਕੀਤਾ ਹੈ ਕਿ ਹੁਣ ਤਕ ਕੀਤੀ ਪੜਤਾਲ ਤੋਂ ਸ਼ੰਕਾ ਪੈਦਾ ਹੋਇਆ ਹੈ ਕਿ ਮਾਲੀ ਦਾ ਕਤਲ ਜੀਂਦ ਦੇ ਹੀ ਵਿਕਾਸ ਮੋਰ ਉਰਫ ਬੌਕਸਰ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਲੀ ਅਪਰੈਲ 2019 ਨੂੰ ਨਰਵਾਣਾ (ਜੀਂਦ) ਵਿਚ ਮੋਹਿਤ ਮੋਰ ਨਾਮ ਦੇ ਨੌਜਵਾਨ ਦੇ ਹੋਏ ਕਤਲ ਕੇਸ ਦਾ ਮੁਲਜ਼ਮ ਹੈ ਅਤੇ ਬੌਕਸਰ ਮੋਹਿਤ ਮੋਰ ਦਾ ਭਰਾ ਹੈ। ਐੱਸਐੱਸਪੀ ਅਨੁਸਾਰ ਪੜਤਾਲ ਦੌਰਾਨ ਪਤਾ ਲੱਗਾ ਕਿ ਬੋਕਸਰ ਆਪਣੇ ਭਰਾ ਮੋਹਿਤ ਦੇ ਕਾਤਲਾਂ ਦੇ ਪਿੱਛੇ ਪਿਆ ਸੀ। ਐਸਐਸਪੀ ਅਨੁਸਾਰ ਬੌਕਸਰ ਆਪਣੇ ਭਰਾ ਦੇ ਕਤਲ ਦੇ ਕੇਸ ਵਿਚਲੇ ਦੋ ਹੋਰ ਮੁਲਜ਼ਮਾਂ ਮਨੀਸ਼ ਤੇ ਜਸਵੰਤ ਦਾ 14 ਅਗਸਤ ਨੂੰ ਕਤਲ ਕਰ ਚੁੱਕਾ ਹੈ। ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਅਨੁਸਾਰ ਚਾਰ ਮੁਲਜ਼ਮ ਨਜ਼ਰ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਮਾਲੀ ਨੂੰ 5 ਅਤੇ ਸੰਦੀਪ ਨੂੰ ਇਕ ਗੋਲੀ ਲੱਗੀ ਹੈ।