ਜਵੱਦੀ ਟਕਸਾਲ ਲੁਧਿਆਣਾ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ

ਮਨੁੱਖ ਪ੍ਰਮਾਤਮਾਂ ਦੇ ਗਿਆਨ ਤੋਂ ਬਿਨ੍ਹਾਂ ਪ੍ਰਮਾਤਮਾਂ ਦੇ ਮਾਰਗ ਤੇ ਨਹੀਂ ਚੱਲਦਾ- ਸੰਤ ਅਮੀਰ ਸਿੰਘ
ਲੁਧਿਆਣਾ 5 ਨਵੰਬਰ(ਕਰਨੈਲ ਸਿੰਘ ਐੱਮ ਏ  )
-ਧਰਮ ਖੇਤਰ ਚ ਸਿੱਖੀ ਪ੍ਰਚਾਰ ਪਸਾਰ ਲਈ ਨਿਰੰਤਰ ਕਾਰਜ਼ਸ਼ੀਲ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿਰਜਿਤ "ਜਵੱਦੀ ਟਕਸਾਲ" ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਸਮਝਾਇਆ ਕਿ ਪ੍ਰਮਾਤਮਾਂ ਜਿਨ੍ਹਾਂ ਉੱਚਾ ਹੈ, ਜੁਗਿਆਸੂ ਨੂੰ ਵੀ ਉਨ੍ਹੀਂ ਹੀ ਉਚਾਈ ਤੱਕ ਪੁੱਜਣਾ ਪਵੇਗਾ। ਮਨ ਰੋਜ-ਰੋਜ ਨਵੇਂ ਬੰਧਨ ਖੜ੍ਹੇ ਕਰਦਾ ਹੈ, ਜਨਮ ਵੀ ਬੰਧਨ ਹੈ ਤੇ ਸਭ ਤੋਂ ਵੱਡਾ ਬੰਧਨ ਹੈ। ਸਤਿਸੰਗਤ ਵਿੱਚ ਆਉਣਾ, ਧਰਮ ਦੀ ਯਾਤਰਾ ਹੈ, ਜੋ ਗੁਰੂ ਜਾਂ ਪਰਮਾਤਮਾ ਦੇ ਗਿਆਨ ਬਿਨ੍ਹਾਂ ਨਹੀਂ ਹੋ ਸਕਦੀ। ਗੁਰੂ ਜਾਂ ਪਰਮਾਤਮਾ ਤਦ ਮਿਲੇਗਾ ਜਦ ਪਹਿਲਾ ਇਸ ਪਾਸੇ ਕਦਮ ਪੁੱਟਿਆ ਹੋਵੇਗਾ। ਦੁੱਖ ਦਾ ਗਿਆਨ, ਮੌਤ ਦਾ ਗਿਆਨ ਵੀ ਪ੍ਰਮਾਤਮਾ ਦੇ ਦਰ ਤੱਕ ਲਿਆਉਂਦਾ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਦਰ-ਅਸਲ ਜਨਮ ਵੀ ਦੁੱਖ ਹੈ, ਜੀਵਨ ਵੀ ਦੁੱਖ ਹੈ, ਮਰਨਾ ਵੀ ਦੁੱਖ ਹੈ। ਭਾਵ ਜਨਮ ਮਰਨ ਵਿਚਕਾਰ ਦੁੱਖ ਹੀ ਦੁੱਖ ਹੈ। ਪਰ ਉਸ ਅਸਲ ਵਲ਼ੋਂ ਭੁੱਲ ਕੇ ਅਸੀਂ ਅਕਸਰ ਜਨਮ ਦੀ ਖੁਸ਼ੀ, ਮੁਬਾਰਕ ਇਹ ਸਭ ਕੁਝ ਮਰਦੇ ਦਮ ਤੱਕ ਮਨਾਉਂਦੇ ਰਹਿੰਦੇ ਹਾਂ। ਇਸ ਲਈ ਜਦੋਂ ਮਨੁੱਖ ਦੀ ਅਵਸਥਾ ਅਤੇ ਜੁਗਿਆਸੂ ਦੇ ਕਦਮ ਪ੍ਰਮਾਤਮਾਂ ਦੇ ਵੱਲ ਵਧਦੇ ਹਨ ਤਾਂ ਸਮਝ ਆਉਣ ਲੱਗ ਪੈਂਦੀ ਹੈ ਤਾਂ ਕਿਸੇ ਨੂੰ ਵੀ ਜਨਮ ਦਿਨ ਮੁਬਾਰਕ ਨਹੀਂ ਦਿੰਦਾ। ਬਾਬਾ ਜੀ ਨੇ ਸਪੱਸ਼ਟ ਕੀਤਾ ਕਿ ਮਨੁੱਖ ਪ੍ਰਮਾਤਮਾਂ ਦੇ ਗਿਆਨ ਤੋਂ ਬਿਨ੍ਹਾਂ ਪ੍ਰਮਾਤਮਾਂ ਦੇ ਮਾਰਗ ਤੇ ਨਹੀਂ ਚੱਲਦਾ। ਪ੍ਰਮਾਤਮਾਂ ਨੇ ਮਨੁੱਖ ਨੂੰ ਉਸ ਨਾਲ ਸੰਬੰਧ ਜੋੜਨ ਲਈ ਜਜ਼ਬਾ ਦਿੱਤਾ ਹੈ, ਹਿਰਦਾ ਦਿੱਤਾ ਹੈ, ਸੰਬੰਧ ਨੂੰ ਸਮਝਣ ਲਈ ਬੁੱਧੀ ਦਿੱਤੀ ਹੈ। ਦਸ ਦੇਈਏ ਕਿ ਸਨਅਤੀ ਸ਼ਹਿਰ ਲੁਧਿਆਣਾ ਨਾਲ ਲੱਗਦੇ ਜਵੱਦੀ ਦੇ ਸਥਾਨ ਤੇ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ "ਜਵੱਦੀ ਟਕਸਾਲ" ਵਿਖੇ ਹਰ ਹਫਤੇ ਨਾਮ ਸਿਮਰਨ ਅਭਿਆਸ ਸਮਾਗਮ ਹੁੰਦਾ ਹੈ, ਜਿਸ ਵਿੱਚ ਸੰਗਤਾਂ ਜੁੜਦੀਆਂ ਹਨ ਅਤੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦੇ ਹਨ, ਸੰਗਤਾਂ ਰੂਹਾਨੀ ਪ੍ਰਵਚਨਾਂ ਦਾ ਲਾਹਾ ਪ੍ਰਾਪਤ ਕਰਦੀਆਂ ਹਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।