ਨਕਸਾਲਵਾੜੀ ਲਹਿਰ ਦੇ ਸ਼ਹੀਦ ਕਾ.ਨਿਰੰਜਣ ਸਿੰਘ ਅਕਾਲੀ ਦਾ ਸ਼ਹੀਦੀ ਦਿਹਾੜਾ ਮਨਾਇਆ

ਨਕਸਾਲਵਾੜੀ ਲਹਿਰ ਦੇ ਸ਼ਹੀਦ ਸਾਡੀ ਵਿਰਾਸਤ ਅਤੇ ਪ੍ਰੇਰਨਾ ਸ੍ਰੋਤ- ਦੱਤ

ਮਹਿਲਕਲਾਂ /ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਨਕਸਾਲਵਾੜੀ ਲਹਿਰ ਦੇ ਸ਼ਹੀਦ ਕਾ. ਨਿਰੰਜਣ ਸਿੰਘ ਅਕਾਲੀ ਕਾਲਸਾਂ ਦਾ ਸ਼ਹੀਦੀ ਦਿਹਾੜਾ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪੂਰੇ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਇਆ।'ਨਕਸਲਬਾੜੀ ਦੀ ਪੈਂਦੀ ਗੁੰਜ-ਲੋਟੂ ਢਾਣੀ ਦੇਣੀ ਹੂੰਝ, ਨਕਸਲਵਾੜੀ ਲਹਿਰ ਦੇ ਸ਼ਹੀਦ-ਅਮਰ ਰਹਿਣ, ਅਮਰ ਸ਼ਹੀਦਾਂ ਦਾ ਪੈਗਾਮ-ਬਦਲ ਲੈਣਾ ਹੈ ਲੁਟੇਰਾ ਨਿਜਾਮ, ਇਨਕਲਾਬ-ਜਿੰਦਾਬਾਦ,  ਸਾਮਰਾਜਬਾਦ-ਮੁਰਦਾਬਾਦ ''ਦੇ ਅਕਾਸ਼ ਗੁੰਜਾਊ ਨਾਹਰੇ ਮਾਰਦਾ ਕਾਫਲਾ ਕਾ. ਨਿਰੰਜਣ ਸਿੰਘ ਅਕਾਲੀ ਦੀ ਸੂਹੀ ਸ਼ਹੀਦੀ ਲਾਟ ਵੱਲ ਰਵਾਨਾ ਰਵਾਨਾ ਹੋਇਆ। ਸ਼ਹੀਦੀ ਲਾਟ ਉੱਪਰ ਝੰਡਾ ਲਹਿਰਾਉਣ ਦੀ ਰਸਮ ਕਾ. ਨਰਿੰਜਣ ਸਿੰਘ ਅਕਾਲੀ ਕਾਲਸਾਂ ਦੀ ਚੌਥੀ ਪੀੜੀ ਨੌਜਵਾਨ ਗੁਰਪ੍ਰੀਤ ਸਿੰਘ ਨੇ ਨਿਭਾਈ। ਸ਼ਹੀਦੀ ਲਾਟ ਉੱਪਰ ਝੰਡਾ ਲਹਿਰ ਦੀ ਰਸਮ ਸਮੇਂ ਇਨਕਲਾਬੀ ਕੇਂਦਰ ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਜਿਲ੍ਹਾ ਪ੍ਰਧਾਨ ਡਾ.ਰਜਿੰਦਰ ਪਾਲ ਨੇ ਕਿਹਾ ਕਿ ਨਕਸਲਵਾੜੀ ਲਹਿਰ ਦੇ ਸ਼ਹੀਦ ਵਿਚਾਰ ਦੇ ਰੂਪ ਵਿੱਚ ਸਾਡਾ ਅਮੁੱਲ ਸਰਮਾਇਆ ਹਨ, ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਮੁਲਕ ਭਰ ਵਿੱਚ ਚੱਲ ਰਹੀਆਂ ਲੋਕ ਲਹਿਰਾਂ ਦੀ ਅਗਵਾਈ ਲਈ ਪ੍ਰੇਰਨਾ ਸ੍ਰੋਤ ਹੈ। ਸ਼ਹੀਦਾਂ ਦੀ ਕਰਬਾਨੀ ਅਜਾਈਂ ਨਹੀਂ ਜਾਂਦੀ, ਕਾ. ਨਿਰੰਜਣ ਸਿੰਘ ਅਕਾਲੀ ਹੁਰਾਂ ਨੂੰ ਸ਼ਹੀਦ ਹੋਇਆਂ ਪੰਜਾਹ ਸਾਲ ਦਾ ਲੰਬਾ ਅਰਸਾ ਬੀਤ ਚੁੱਕਿਆ ਹੈ ਪਰ ਜਿਸ ਮਕਸਦ ਲਈ ਉਨ੍ਹਾਂ ਸ਼ਹੀਦੀ ਦਿੱਤੀ ਉਹ ਕਾਰਜ ਅੱਜ ਵੀ ਅਧੂਰਾ ਹੈ। ਉਨ੍ਹਾਂ ਦੇ ਅਧੂਰੇ ਕਾਜ ਲੁੱਟ ਰਹਿਤ ਸਮਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਅੱਜ ਵੀ ਚੱਲ ਰਹੀ ਹੈ। ਅੱਜ ਦੀਆਂ ਹਾਲਤਾਂ ਸਬੰਧੀ ਗੱਲ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਸੀਨਅਿਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਜਗਰਾਜ ਹਰਦਾਸਪੁਰਾ ਨੇ ਕਿਹਾ ਕਿ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮ ਮੁਲਕ ਦੇ ਕੁਦਰਤੀ ਸ੍ਰੋਤਾਂ ਸਮੇਤ ਖੇਤੀ ਪ੍ਰਧਾਨ ਮੁਲਕ ਦੀ ਖੇਤੀ ਨੂੰ ਅਸਲ ਮਾਅਨਿਆਂ ਵਿੱਚ ਪੇਂਡੂ ਸੱਭਿਅਤਾ ਨੂੰ ਤਬਾਹ ਕਰਨ ਲਈ ਆਰਡੀਨੈਂਸ ਪਾਸ ਕਰ ਰਹੇ ਹਨ। ਕਰੋਨਾ ਸੰਕਟ ਭਾਰਤੀ ਹਾਕਮਾਂ ਲਈ ਰਾਮਬਾਣ ਬਣਕੇ ਬਹੁੜਿਆ ਹੈ। ਇਸ ਬਹਾਨੇ ਹੇਠ ਕਿਰਤ ਵਿਰੋਧੀ ਕਾਨੂੰਨ , ਬਿਜਲੀ ਸੋਧ ਕਾਨੂੰਨ-2020, ਕੋਇਲਾ ਖਾਣਾਂ, ਰੇਲਵੇ, ਜਹਾਜਰਾਨੀ ਸਮੇਤ ਜਨਤਕ ਖੇਤਰ ਦੇ ਸਾਰੇ ਅਦਾਰੇ ਅੰਬਾਨੀਆਂ-ਅਡਾਨੀਆਂ ਦੇ ਹਵਾਲੇ ਕਰ ਰਹੇ ਹਨ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਮੁਲਕ ਦੀ ਵੰਨਸੁਵੰਨਤਾ ਦਾ ਭੋਗ ਪਾਉਣ ਲਈ ਤਹੂ ਭਗਵਾਂਕਰਨ ਦੀ ਫਿਰਕੂ ਸਿਆਸਤ ਦੇ ਜਹਿਰੀ ਨਾਗ ਰਾਹੀਂ ਮੁਸਲਿਮ ਘੱਟ ਗਿਣਤੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਹੀਨ ਬਾਗ ਸੰਘਰਸ਼ ਵਿੱਚ ਅਤੇ ਦਲਿਤਾਂ, ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਵਕੀਲਾਂ ਨੂੰ ਭੀਮਾ ਕੋਰੇਗਾਉਂ ਕੇਸ ਵਿੱਚ ਸ਼ਾਮਿਲ ਕਰਕੇ ਸਾਲਾਂ ਬੱਧੀ ਜੇਲ੍ਹ ਦੀਆ ਸਲਾਖਾਂ ਪਿੱਛੇ ਬੰਦ ਰੱਖਣ ਦੀਆਂ ਸਜਿਸ਼ਾਂ ਘੜ ਰਹੀ ਹੈ। ਲੋਕਾਂ ਦੇ ਜਥੇਬੰਦ ਹੋਣ, ਸੰਘਰਸ਼ ਕਰਨ ਦੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ  ਮਹਿਲਕਲਾਂ ਲੋਕ ਘੋਲ ਦੀ ਵਿਰਾਸਤ ਸਾਡੇ ਸਭਨਾਂ ਲਈ ਅਜਿਹਾ ਚਾਨਣ ਮੁਨਾਰਾ ਹੈ ਜੋ 23 ਸਾਲ ਦੇ ਲੰਬੇ ਅਰਸੇ ਬਾਅਦ ਵੀ ਸਾਂਝੇ ਵਿਸ਼ਾਲ ਅਤੇ ਤਿੱਖੇ ਘੋਲਾਂ ਦੀ ਬਦੌਲਤ ਚੁਣੌਤੀਆਂ ਦਾ ਟਾਕਰਾ ਕਰਦਾ ਕਰਦਾ ਹੋਇਆ ਇਤਿਹਾਸਕ ਪ੍ਰਾਪਤੀਆਂ ਕਰਨ ਵੱਲ ਅੱਗੇ ਵਧ ਰਿਹਾ ਹੈ। ਕਰੋਨਾ ਸੰਕਟ ਦੇ ਚਲਦਿਆਂ ਭਾਵੇਂ ਮਹਿਲਕਲਾਂ ਦੀ ਦਾਣਾ ਮੰਡੀ ਵਿੱਚ ਲੋਕ ਸ਼ਮੂਲੀਅਤ ਵਾਲਾ ਸਮਾਗਮ ਨਹੀਂ ਹੋ ਰਿਹਾ ਪਰ ਹਰ ਪਿੰਡ-ਪਿੰਡ ਪੂਰੇ ਇਨਕਲਾਬੀ ਜੋਸ਼ ਨਾਲ ਮਹਿਲਕਲਾਂ ਲੋਕ ਘੋਲ ਦੀ ਇਤਿਹਾਸਕ ਜਿੱਤ ਦੇ ਸਬਕਾਂ ਨੂੰ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਲਿਜਾਇਆ ਜਾਵੇਗਾ । ਜਿਸ ਵਿੱਚ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਮਾ. ਅਜਮੇਰ ਕਾਲਸਾਂ ਨੇ ਸ਼ਰਧਾਂਜਲੀ ਗੀਤ ਪੇਸ਼ ਕੀਤੇ। ਸਟੇਜ ਸਕੱਤਰ ਦੇ ਫਰਜ ਡਾ.ਸੁਖਵਿੰਦਰ ਨੇ ਨਿਭਾਏ। ਇਸ ਸਮੇਂ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਪ੍ਰੀਵਾਰਿਕ ਮੈਂਬਰ ਮਹਿੰਦਰ ਮੂੰਮ, ਪਰਮਜੀਤ ਦੱਧਾਹੂਰ, ਨਾਥ ਸਿੰਘ, ਜੰਗ ਸਿੰਘ ਦੱਧਾਹੂਰ ਤੋਂ ਇਲਾਵਾ ਅਮਰਜੀਤ ਕੌਰ, ਬਲਦੇਵ ਸੱਦੋਵਾਲ, ਗੱਜਣ ਕਾਲਸਾਂ, ਨੀਲਮ ਰਾਣੀ, ਜਸਵਿੰਦਰ ਕੌਰ, ਖੁਸ਼ਮੰਦਰਪਾਲ, ਬਲਵੰਤ ਉੱਪਲੀ, ਡਾ. ਚਮਕੌਰ ਸਿੰਘ, ਵਿਸਾਖਾ ਸਿੰਘ ਕਾਲਸਾਂ, ਪਵਿੱਤਰ ਲਾਲੀ, ਅਵਤਾਰ ਸਿੰਘ, ਪਰਮਜੀਤ ਸਿੰਘ, ਭਰਤ ਮੂੰਮ, ਨਛੱਤਰ ਦੀਵਾਨਾ, ਪ੍ਰੀਤਮ ਸਿੰਘ, ਕੁਲਵਿੰਦਰ ਮਹਿਲਕਲਾਂ ਤੋਂ ਇਲਾਵਾ ਬਹੁਤ ਸਰੇ ਆਗੂ ਹਾਜਰ ਸਨ।