ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਦੌਰਾਨ ਕਈ ਪ੍ਰੋਗਰਾਮ ਤਹਿ ਕੀਤੇ ਗਏ

     ਲੁਧਿਆਣਾ, 5 ਨਵੰਬਰ (ਟੀ. ਕੇ.) ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਅੱਜ ਜ਼ੋਨ ਜਥੇਬੰਦਕ ਮੁੱਖੀ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਜ਼ੋਨ ਦਫਤਰ ਨੇੜੇ ਬੱਸ ਸਟੈਂਡ ਲੁਧਿਆਣਾ ਵਿੱਖੇ ਹੋਈ।ਇਸ ਵਿੱਚ ਜ਼ੋਨ ਅਹੁਦੇਦਾਰਾਂ ਤੋਂ ਇਲਾਵਾ ਜੋਨ ਦੀਆਂ ਸਾਰੀਆਂ ਇਕਾਈਆਂ ਜਗਰਾਓਂ, ਸੁਧਾਰ, ਲੁਧਿਆਣਾ , ਮਲੇਰਕੋਟਲਾ, ਕੋਹਾੜਾ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਇਸ ਸਮੇਂ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਜਾਰੀ ਕੀਤਾ ਅਤੇ ਉਸ ਦੀ ਵੰਡ ਕੀਤੀ ਗਈ। ਇਸ ਦੇ ਇਲਾਵਾ ਜ਼ੋਨ ਦੀ ਛਿਮਾਹੀ ਇਕੱਤਰਤਾ ਬਾਰੇ ਚਰਚਾ ਕਰਦਿਆਂ ਜੋਨ ਮੁੱਖੀ ਜੀਰਖ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਜ਼ੋਨ ਵੱਲੋ ਬੀਤੇ 6 ਮਹੀਨੇ ਦੌਰਾਨ ਕੀਤੇ ਗਏ ਕਾਰਜਾਂ ਬਾਰੇ ਸਾਰੇ ਵਿਭਾਗਾਂ ਦੇ ਮੁੱਖੀ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਪੇਸ਼ ਕਰਨਗੇ ਅਤੇ ਤਰਕਸ਼ੀਲਤਾ ਦੇ ਪ੍ਰਚਾਰ ਪ੍ਰਸਾਰ ਲਈ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮ ਦੀ ਵਿਉਂਤਬੰਦੀ ਸਾਂਝੀ ਕਰਨਗੇ।ਇਹ ਛਿਮਾਹੀ ਇਕੱਤਰਤਾ 26 ਨਵੰਬਰ (ਐਤਵਾਰ) ਨੂੰ ਜ਼ੋਨ ਦਫਤਰ ਵਿੱਖੇ ਕਰਵਾਉਣੀ ਤਹਿ ਕੀਤੀ ਗਈ।ਇਸ ਤੋਂ ਪਹਿਲਾਂ ਸਾਰੀਆਂ ਇਕਾਈਆਂ ਆਪਣੀਆਂ ਇਕੱਤਰਤਾਵਾਂ ਕਰਕੇ ਆਪਣੀ ਰਿਪੋਰਟ ਜ਼ੋਨ ਵਿੱਚ ਸਾਂਝੀ ਕਰਨਗੀਆਂ। ਇਹ ਵੀ ਤਹਿ ਕੀਤਾ ਗਿਆ ਕਿ ਸੁਸਾਇਟੀ ਵੱਲੋਂ ਆਪਣੇ ਮੈਂਬਰਾਂ ਦੇ ਪ੍ਰਵਾਰਾਂ ਨਾਲ ਸਾਂਝੀਆਂ ਮਿਲਣੀਆਂ ਕਰਨਾ ਸ਼ੁਰੂ ਕੀਤਾ ਜਾਵੇਗਾ, ਜਿਹਨਾਂ ਵਿੱਚ ਤਰਕਸ਼ੀਲਤਾ ਬਾਰੇ ਵਿਸ਼ੇਸ਼ ਜਾਣਕਾਰੀਆਂ ਦਿੱਤੀਆਂ ਜਾਣਗੀਆਂ । ਇਸ ਸਮੇਂ ਵਿੱਤ ਵਿਭਾਗ ਦੇ ਆਗੂ ਆਤਮਾ ਸਿੰਘ ਨੇ ਦੱਸਿਆ ਕਿ ਇਸ ਵਾਰ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਲੁਧਿਆਣਾ ਜੋਨ ਦੇ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਕਾਰਜਗੁਜ਼ਾਰੀ ਦਿਖਾਈ ਹੈ। ਜ਼ੋਨ ਦੇ 4 ਵਿਦਿਆਰਥੀ ਛੇਵੀਂ , ਅੱਠਵੀ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਹਿਲੇ ਨੰਬਰ ਤੇ ਰਹੇ ਹਨ।ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ 16 ਨਵੰਬਰ ਨੂੰ ਬਰਨਾਲਾ ਵਿੱਖੇ ਹੋ ਰਹੇ ਸੂਬਾ ਪੱਧਰੇ ਸਮਾਗਮ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਜ਼ੋਨ ਵੱਲੋ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਵਾਸਤੇ ਇਨਾਮ ਸਨਮਾਨ ਅਤੇ ਸ਼ਰਟੀਫਿਕੇਟ ਸਬੰਧਤ ਸਕੂਲਾਂ ਵਿਚ ਜਾ ਕੇ ਦਿੱਤੇ ਜਾਣਗੇ। ਇਸ ਮੀਟਿੰਗ ਵਿੱਚ ਉਪਰੋਕਤ ਦੇ ਇਲਾਵਾ ਮਾ ਰਜਿੰਦਰ ਜੰਡਿਆਲੀ, ਸ਼ਮਸ਼ੇਰ ਨੂਰਪਰੀ, ਹਰਚੰਦ ਭਿੰਡਰ, ਕਰਤਾਰ ਵੀਰਾਨ, ਮੋਹਨ ਬਡਲਾ, ਧਰਮਪਾਲ ਸਿੰਘ, ਰੁਪਿੰਦਰਪਾਲ ਸਿੰਘ, ਧਰਮ ਸਿੰਘ ਅਤੇ ਨਛੱਤਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।