You are here

ਭਾਰਤ ਹਮਾਸ ਵੱਲੋਂ ਅਗਵਾ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਆਪਣਾ ਰਸੂਖ ਵਰਤੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 28 ਅਕਤੂਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਰਸੂਖ਼ ਦਾ ਇਸਤੇਮਾਲ ਹਮਾਸ ਦੁਆਰਾ ਅਗਵਾ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਕਰਨਾ ਚਾਹੀਦਾ ਹੈ। ਨਿਹੰਗ ਮੁਖੀ ਨੇ ਕਿਹਾ ਕਿ ਇਜ਼ਰਾਈਲ ਨੇ ਹਮਾਸ ਦਾ ਮੁਕੰਮਲ ਸਫਾਇਆ ਕਰ ਦੇਣ ਦੇ ਬਹਾਲੇ ਆਮ ਨਾਗਰਿਕਾਂ ਉੱਤੇ ਬੰਬ ਸੁੱਟਣ ਤੇ ਜ਼ਰੂਰੀ ਸਪਲਾਈ ਰੋਕ ਦੇਣ ਨਾਲ ਕੌਮਾਂਤਰੀ ਮਾਨਵੀ ਕਾਨੂੰਨਾਂ ਦੀ ਖਿਲਾਫ਼ ਵਰਜ਼ੀ ਕੀਤੀ ਹੈ। ਉਨ੍ਹਾਂ ਕਿਹਾ ਇਜ਼ਰਾਈਲ ਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਬੱਚਿਆਂ ਅਤੇ ਬੇਕਸੂਰ ਨਾਗਰਿਕਾਂ ਨੂੰ ਅਥਾਹ ਕਸ਼ਟ ਭੋਗਣੇ ਪੈ ਰਹੇੇ ਹਨ ਅਤੇ ਇਜ਼ਰਾਈਲ ਹਮਾਸ ਟਕਰਾਅ ਨੂੰ ਰੋਕਣ ਦੀਆਂ ਸੰਭਾਵਨਾਵਾਂ ਦਿਨ-ਬ-ਦਿਨ ਘੱਟ ਰਹੀਆਂ ਹਨ। ਇਸ ਤਰ੍ਹਾਂ ਵੱਧ ਰਹੇ ਖੂਨ-ਖਰਾਬੇ ਦੇ ਹੋਰ ਵੀ ਭਿਆਨਕ ਸਿੱਟੇ ਨਿਕਲ ਸਕਦੇ ਹਨ ਅਤੇ ਇਹ ਯੁੱਧ ਮੱਧ ਪੂਰਬ ਤੋਂ ਬਾਹਰ ਵੀ ਫੈਲ ਸਕਦਾ ਹੈ। ਉਨ੍ਹਾਂ ਕਿਹਾ ਸੰਯੁਕਤ ਰਾਸ਼ਟਰ ਦੀ ਜਾਣਕਾਰੀ ਅਨੁਸਾਰ ਗਾਜ਼ਾ ਵਿਚ ਵੱਡੀ ਗਿਣਤੀ ਵਿੱਚ ਲੋਕ ਮਲਬੇ ਹੇਠ ਦੱਬ ਹੋਏ ਹਨ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।

ਨਿਹੰਗ ਮੁਖੀ ਨੇ ਕਿਹਾ ਕਿ ਵੱਧ ਰਿਹਾ ਤਨਾਅ ਤਬਾਹੀ ਦਾ ਹੀ ਸੰਕੇਤ ਹੈ। ਉਨ੍ਹਾਂ ਕਿਹਾ ਇਜ਼ਰਾਇਲ ਵੱਲੋਂ ਬਿਨਾਂ ਕਿਸੇ ਰੋਕ-ਟੋਕ ਤੋਂ ਮਨੁੱਖੀ ਸਹਾਇਤਾ ਭੇਜਣ ਅਤੇ ਰਾਜ ਪੱਟੀ ਵਿੱਚ ਜੰਗਬੰਦੀ ਕੀਤੇ ਜਾਣ ਸਬੰਧੀ ਕੀਤੀਆਂ ਜਾ ਰਹੀਆਂ ਅਪੀਲਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਜਿਸ ਤਰ੍ਹਾਂ ਇਜ਼ਰਾਈਲ ਵੱਲੋਂ ਜੰਗ ਦੇ ਅਗਲੇ ਪੜਾਅ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਗਾਜ਼ਾ ਵਿੱਚ ਵੱਧ ਰਿਹਾ ਮਨੁੱਖੀ ਸੰਕਟ ਬਦ ਤੋਂ ਬਦਤਰ ਹੀ ਹੋਵੇਗਾ। ਇਹ ਅਜਿਹੀ ਤਰਾਸਦੀ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਭਾਰਤ ਨੂੰ ਆਪਣੇ ਰਸੂਖ਼ ਦਾ ਇਸਤੇਮਾਲ ਗਾਜ਼ਾ ਦੇ ਲੋਕਾਂ ਦੀਆਂ ਤਕਲੀਫਾਂ ਘਟਾਉਣ ਅਤੇ ਹਮਾਸ ਦੁਆਰਾ ਅਗਵਾ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਕਰਨਾ ਚਾਹੀਦਾ ਹੈ।